ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ- 1

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 1

ਦੁਨੀਆਂ ਦੇ ਨਕਸ਼ੇ ਉੱਤੇ ਇੱਕ ਦੇਸ਼ ਹੁੰਦਾ ਸੀ ਜਿਸ ਦਾ ਇਤਿਹਾਸ ਬਹੁਤ ਪੁਰਾਣਾ ਹੈਪੁਰਾਤਨ ਗ੍ਰੰਥਾਂ ਵਿਚ ਉਸ ਨੂੰ ਪੈਂਟੋਪਟਾਮੀਆ, ਸਪਤਸਿੰਧੂ, ਵਾਹਿਕਾ, ਪੰਚਨਦ, ਪੰਚਾਲ ਆਦਿਕ ਕਿਹਾ ਜਾਂਦਾ ਸੀਅਰਬੀ ਦੇ ਕੁਝ ਗ੍ਰੰਥਾਂ ਵਿਚ ਇਸ ਦਾ ਨਾਮ ਆਇਸ਼ਾ-ਜ਼ੁਲਕਾ ਵੀ ਲਿਖਿਆ ਮਿਲਦਾ ਹੈ ਤੇ ਕੁਝ ਕੁ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਅਰਬੀ ਵਰਣਮਾਲਾ ਦਾ ਪਹਿਲਾ ਅੱਖਰ ਆਇਸ਼ਾ ਅਤੇ ਆਖਰੀ ਅੱਖਰ ਜ਼ੁਲਕਾ ਇਸੇ ਦੇਸ਼ ਦੀ ਦੇਣ ਹੈਇਹ ਦਰਿਆਈ ਦੇਸ਼ ਸੀਇਸਦਾ ਨਾਂ ਸਮੇਂ ਸਮੇਂ ਸਿਰ ਵਹਿੰਦੇ ਇਸਦੇ ਦਰਿਆਵਾਂ ਉੱਤੇ ਅਧਾਰਿਤ ਹੁੰਦਾ ਸੀਸਮੇਂ ਨਾਲ ਇਸਦੇ ਦਰਿਆ ਹੋਰਾਂ ਦੇਸ਼ਾਂ ਦੀਆਂ ਹੱਦਾਂ ਖਾਣ ਲੱਗੀਆਂ ਤੇ ਇਸਦਾ ਖੇਤਰਫਲ ਵੀ ਉਸੇ ਅਨੁਸਾਰ ਘੱਟਣ ਲੱਗਿਆਸੱਤ ਦਰਿਆਵਾਂ ਵੇਲੇ ਇਹਨੂੰ ਸਪਤਸਿੰਧੂ ਪੁਕਾਰਿਆ ਜਾਂਦਾ ਸੀਜਦ ਕੇਵਲ ਪੰਜ ਦਰਿਆ ਰਹਿ ਗਏ ਤਾਂ ਇਸਨੂੰ ਪੰਚਨਦ, ਪੰਚਾਲ ਅਤੇ ਪੰਜ ਆਬਾਂ ਦੀ ਧਰਤੀ ਹੋਣ ਕਰਕੇ ਪੰਜਾਬ ਕਿਹਾ ਜਾਣ ਲੱਗਾਪਾਕਿਸਤਾਨ ਬਣੇ ਤੇ ਇਸਦੇ ਭਾਵੇਂ ਪੰਜੇ ਦਰਿਆ ਵੀ ਵੰਡੇ ਗਏ ਤੇ ਪੰਜਾਬ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆਪਰ ਫਿਰ ਵੀ ਅੱਜ ਤੱਕ ਇਸ ਦਾ ਨਾਮ ਨਹੀਂ ਬਦਲਿਆ ਤੇ ਇਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਜੋਂ ਜਾਣਿਆ ਜਾਂਦਾ ਹੈ

-----

ਕਦੇ ਵਿਸ਼ਾਲ ਦੇਸ਼ ਕਹਾਉਣ ਵਾਲਾ ਮੇਰਾ ਵਤਨ ਅੱਜ ਇਕ ਮਹਿਜ਼ ਛੋਟਾ ਜਿਹਾ ਸੂਬਾ ਪੰਜਾਬ ਬਣ ਗਿਆ ਹੈਜਿਥੇ ਸਾਡੇ ਪੰਜਾਬ ਦੀ ਧਰਤੀ ਉੱਤੇ ਰਿਗਵੇਦ ਅਤੇ ਰਮਾਇਣ ਵਰਗੇ ਗ੍ਰੰਥ ਰਚੇ ਗਏ, ਉੱਥੇ ਸਾਡੇ ਪੰਜਾਬ ਦੀ ਜ਼ੁਬਾਨ ਪੰਜਾਬੀ ਨੂੰ ਇਹ ਵਰ ਹਾਸਿਲ ਹੈ ਕਿ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ ਇਕ ਸੀ ਰਾਜਾ, ਇਕ ਸੀ ਰਾਣੀ, ਦੋਨੋਂ ਮਰ ਗਏ ਖ਼ਤਮ ਕਹਾਣੀ’ (ਕੇਵਲ ਗਿਆਰਾਂ ਸ਼ਬਦਾਂ ਦੀ ਜਿਸ ਵਿਚ ਜਨਮ ਤੋਂ ਮਰਨ ਤੱਕ ਦਾ ਸਾਰ ਹੈ।) ਅਤੇ ਸਭ ਤੋਂ ਛੋਟੀ ਕਵਿਤਾ ਤੂੰ ਤੂੰ, ਤੂੰ ਮੈਂ, ਮੈਂ ਮੈਂ’ (ਕੇਵਲ ਛੇ ਸ਼ਬਦਾਂ ਦੀ ਜਿਸ ਵਿਚ ਔਰਤ ਮਰਦ ਸਬੰਧਾਂ ਦਾ ਨਿਚੋੜ ਹੈ।) ਇਸੇ ਭਾਸ਼ਾ ਵਿਚ ਹੀ ਲਿਖੀਆਂ ਗਈਆਂਇਸਦਾ ਸਿਹਰਾ ਪੰਜਾਬੀ ਦੇ ਲੇਖਕਾਂ ਸਿਰ ਜਾਂਦਾ ਹੈਇਸ ਲੇਖ ਰਾਹੀਂ ਪੰਜਾਬੀ ਦੇ ਚੰਦ ਲੇਖਕਾਂ ਦੇ ਨਮੂਨੇ ਤੇ ਉਹਨਾਂ ਦੀਆਂ ਭਦਰਕਾਰੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈਲੇਖ ਦੀਆਂ ਸੀਮਾਵਾਂ ਦਾ ਧਿਆਨ ਰੱਖਦਿਆਂ ਬਹੁਤ ਸਾਰੇ ਲੇਖਕਾਂ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈਅਗਰ ਕਿਸੇ ਲੇਖਕ ਨੂੰ ਲੇਖ ਵਿਚੋਂ ਆਪਣਾ ਚਿਹਰਾ ਨਾ ਮਿਲੇ ਤਾਂ ਉਹ ਘਬਰਾ ਕੇ ਹੌਂਸਲਾ ਨਾ ਛੱਡੇ ਲੇਖ ਦੀਆਂ ਅੱਗੇ ਆਉਣ ਵਾਲੀਆਂ ਲੜੀਆਂ ਵਿਚ ਉਨ੍ਹਾਂ ਨੂੰ ਯੋਗ ਮਾਨ-ਸਨਮਾਨ ਜ਼ਰੂਰ ਬਖ਼ਸ਼ਿਆ ਜਾਵੇਗਾ

-----

ਪੰਜਾਬੀ ਇਕੋ ਇਕ ਐਸੀ ਜ਼ੁਬਾਨ ਹੈ ਜਿਸ ਵਿਚ ਪਾਠਕਾਂ ਨਾਲੋਂ ਬਹੁਤੀ ਗਿਣਤੀ ਲੇਖਕਾਂ ਦੀ ਹੈਪੰਜਾਬੀ ਦੇ ਹਰ ਛੋਟੇ ਵੱਡੇ ਲੇਖਕ ਨੂੰ ਭਰਮ ਹੈ ਕਿ ਉਸ ਨੂੰ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈਜੋ ਕੁਝ ਉਹ ਲਿਖ ਰਿਹਾ ਹੈ, ਹੋਰ ਕੋਈ ਲੇਖਕ ਲਿਖ ਹੀ ਨਹੀਂ ਸਕਦਾ ਤੇ ਉਸਦੇ ਲਿਖੇ ਹੋਏ ਸਾਹਿਤ ਤੋਂ ਅੱਗੇ ਕੁਝ ਵੀ ਨਹੀਂ ਹੈਹਕੀਕਤ ਤਾਂ ਇਹ ਹੈ ਕਿ ਪੰਜਾਬੀ ਦਾ ਕੋਈ ਵੀ ਲੇਖਕ ਓਨਾ ਨਹੀਂ ਪੜ੍ਹ ਰਿਹਾ, ਜਿੰਨਾ ਉਸਨੂੰ ਪੜ੍ਹਣ ਦੀ ਲੋੜ ਹੈ ਤੇ ਜਿੰਨੀ ਉਸਦੀ ਸਮਰੱਥਾ ਹੈਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਦੇ ਦੋ ਲੰਗੋਟੀਏ ਯਾਰ ਲੇਖਕ, ਜੋ ਹਰ ਸ਼ਾਮ ਨੂੰ ਹਮਪਿਆਲਾ ਹੁੰਦੇ ਹਨਉਨ੍ਹਾਂ ਨੇ ਵੀ ਇਕ ਦੂਜੇ ਨੂੰ ਨਹੀਂ ਪੜ੍ਹਿਆ ਹੁੰਦਾਹੋਰ ਤਾਂ ਹੋਰ ਪੰਜਾਬੀ ਲੇਖਕਾਂ ਦੇ ਆਪਣੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਦਾ ਸਦੱਸ ਕੀ ਲਿਖ ਰਿਹਾ ਹੈ

-----

ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ, ਲਿਖੀ, ਸੁਣੀ ਤੇ ਗਾਈ ਜਾਣ ਵਾਲੀ ਪ੍ਰਸਿੱਧ ਪ੍ਰੇਮ ਕਥਾ ਹੈ, ਹੀਰਹੀਰ ਦਾ ਕਿੱਸਾ ਲਿਖਣ ਵਿਚ ਦੋ ਨਾਮ ਜ਼ਿਆਦਾ ਮਕ਼ਬੂਲ ਹਨ, ਇਕ ਵਾਰਿਸ ਸ਼ਾਹ ਤੇ ਦੂਜਾ ਦਮੋਦਰਪੰਜਾਬੀ ਦੇ ਲੇਖਕਾਂ ਨੂੰ ਐਨੀ ਬਿਪਤਾ ਪੈ ਗਈ ਕਿ ਢਾਈ ਸੌ ਤੋਂ ਵੱਧ ਲੇਖਕਾਂ ਨੇ ਹੀਰ ਲਿਖ ਮਾਰੀਵਾਰਿਸ ਸ਼ਾਹ ਜਾਂ ਦਮੋਦਰ ਨਾਲ ਉਹਨਾਂ ਦੀ ਤਸੱਲੀ ਨਹੀਂ ਹੋਈਅਜੇ ਵੀ ਇਹ ਪ੍ਰਚਲਣ ਜਾਰੀ ਹੈ

-----

ਦਮੋਦਰ, ਵਾਰਿਸ ਤੋਂ ਬਹੁਤ ਪਹਿਲਾਂ ਹੋਇਆ ਹੈਵਾਰਿਸ ਆਪਣੀ ਰਚਨਾ ਵਿਚ ਹੀਰ ਦੇ ਕਿੱਸੇ ਉੱਤੇ ਆਪਣੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਉਹ ਇਹ ਸਪਸ਼ਟ ਕਰ ਦਿੰਦਾ ਹੈ ਕਿ ਉਹਦੇ ਸਮੇਂ ਹੀਰ ਦੀ ਗਾਥਾ ਲੋਕਾਂ ਦੀ ਜ਼ੁਬਾਨ ਉੱਤੇ ਆਮ ਰਹਿੰਦੀ ਸੀ:-

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ

ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭਾ ਸੋਹਣੀ ਨਾਲ ਸੁਣਾਈਏ ਜੀ

ਰਮਜ਼ਾਂ ਮਾਅਨਿਆਂ ਵਿਚ ਖੁਸ਼ਬੂ ਹੋਵੇ, ਇਸ਼ਕ ਮੁਸ਼ਕ ਨੂੰ ਖੋਲ੍ਹ ਵਖਾਈਏ ਜੀ

ਨਾਲ ਅਜਬ ਬਹਾਰ ਦੇ ਸ਼ੇਅਰ ਕਹਿਕੇ, ਰਾਂਝੇ ਹੀਰ ਦਾ ਮੇਲ ਮਲਾਈਏ ਜੀ

ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ, ਨਵੀਂ ਇਸ਼ਕ ਦੀ ਬਾਤ ਹਿਲਾਈਏ ਜੀ (4)

ਤੇ

ਹੁਕ਼ਮ ਮੰਨ ਕੇ ਸੱਜਣਾਂ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਈ

ਫਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ

ਵਾਰਿਸ ਸ਼ਾਹ ਫਰਮਾਇਆ ਪਿਆਰਿਆਂ ਦਾ, ਅਸਾਂ ਮੰਨਿਆਂ ਮੂਲ ਨ ਮੋੜਿਆ ਈ (5)

ਜਾਂ

ਵਾਰਿਸ ਸ਼ਾਹ ਨ ਇਸ ਤੋਂ ਨਫ਼ਾ ਦਿਸਦਾ, ਕਿੱਸਾ ਜੋੜਦਾ ਗੱਲਾਂ ਸੁਣਾਈਆਂ ਦੇ

-----

ਲੇਕਿਨ ਦੂਜੇ ਪਾਸੇ ਦਮੋਦਰ ਆਪਣੇ ਕਿੱਸੇ ਵਿਚ ਆਰੰਭ ਤੋਂ ਅੰਤ ਤੱਕ ਇਹ ਢੰਡੋਰਾ ਪਿੱਟਦਾ ਹੈ ਕਿ ਇਹ ਉਸ ਦੀ ਆਪਣੀ ਰਚਨਾ ਹੈ ਤੇ ਉਹ ਸਾਰੀ ਕਥਾ ਦਾ ਚਸ਼ਮਦੀਦ ਗਵਾਹ ਹੈਦਮੋਦਰ ਪਿੰਡ ਵਲਾਰ੍ਹਾਂ, ਤਹਿਸੀਲ ਚਨਿਓਟ ਦਾ ਗੁਲਾਟੀ ਜਾਤ ਦਾ ਅਰੋੜਾ ਹਿੰਦੂ ਖੱਤਰੀ ਸੀ ਤੇ ਉਸ ਅਨੁਸਾਰ ਉਸ ਨੇ ਚੂਚਕਾਣੇ (ਝੰਗ ਉਦੋਂ ਹੋਂਦ ਵਿਚ ਨਹੀਂ ਸੀ ਆਇਆ ਤੇ ਝੰਗ ਦੀ ਨੀਂਹ ਚੂਚਕ ਦੇ ਭਤੀਜੇ ਨੇ ਮੱਲ ਖਾਨ ਨੇ ਚੂਚਕ ਦੀ ਮੌਤ (1462 ਈ.) ਤੋਂ ਬਾਅਦ 1464 ਈ. ਵਿਚ ਰੱਖੀ ਸੀ ਤੇ 1466 ਈ. ਵਿਚ ਲਾਹੌਰ ਦਰਬਾਰ ਤੋਂ ਪਟਾ ਵੀ ਲਿਖਵਾਇਆ ਸੀ।) ਹੀਰ ਦੇ ਪਿੰਡ ਹੱਟੀ ਕੀਤੀ ਸੀ:-

ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨ ਕੋਈ

ਸ਼ਉਂਕ ਸ਼ਉਂਕ ਉਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ

ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਇਓਈ7

ਆਖ ਦਮੋਦਰ ਅੱਗੇ ਕਿੱਸਾ, ਜੋਈ ਸੁਣੇ ਸਭ ਕੋਈ

ਤੇ

ਆਖ ਦਮੋਦਰ ਸੋ ਡਿੱਠਾ ਅੱਖੀਂ, ਜੋ ਕੰਨੀ ਸੁਣਦੇ ਆਹੇ447

ਜਾਂ

ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਵੇਖੇ ਸੋਈ ਸਲਾਹੇ446

-----

ਇਥੇ ਦਮੋਦਰ ਕੁਫ਼ਰ ਤੋਲ ਰਿਹਾ ਹੈ, ਕਿਉਂਕਿ ਹੀਰ ਦੀ ਗਾਥਾ ਤਾਂ ਉਸ ਸਮੇਂ ਬਹੁਤ ਪ੍ਰਚੱਲਿਤ ਸੀ ਤੇ ਦਮੋਦਰ ਤੋਂ ਪਹਿਲਾਂ ਅਤੇ ਬਾਅਦ ਬਹੁਤ ਸਾਰੇ ਕਲਮਕਾਰਾਂ ਨੇ ਉਸ ਦੇ ਹਵਾਲੇ ਆਪਣੀਆਂ ਰਚਨਾਵਾਂ ਵਿਚ ਦਿੱਤੇ ਹਨਮਾਦਵਾਨਲ ਕਾਮ ਕੰਦਲਾ, ਗੋਪੀ ਜਨ ਕੇ ਬਿਲਾਸ ਅਤੇ ਅਕਬਰ ਦਾ ਦਰਬਾਰੀ ਕਵੀ ਗੰਗ ਭੱਟ ਝਗੜਾ ਹੀਰ ਰਾਂਝੇ ਕਾਜੀ ਜੀ ਕਾਕਬਿਤਾਂ ਆਦਿਕ ਪਹਿਲਾਂ ਹੀ ਲਿਖ ਚੁੱਕੇ ਸਨਗਵੰਤਰੀ, ਢਾਡੀ, ਭੰਡ, ਨਚਾਰ, ਦਰਬਾਰੀ ਕਵੀ ਆਦਿ ਆਮ ਹੀਰ ਦਾ ਕਿੱਸਾ ਗਾਇਆ ਕਰਦੇ ਸਨਭਾਈ ਗੁਰਦਾਸ (1551ਈ.-1628 ਈ.) ਜੀ ਵੀ ਦਮੋਦਰ ਅਤੇ ਹੀਰ-ਰਾਂਝੇ ਦਾ ਜ਼ਿਕਰ ਕਰਦੇ ਹਨ:-

ਤੁਲਸਾ ਭਹੁਰਾ ਭਗਤ ਹੈ ਦਮੋਦਰ ਆਕਲ ਬਲਿਹਾਰਾ। (ਵਾਰ 11ਵੀਂ, ਪਉੜੀ 21ਵੀਂ, ਸਤਰ 6ਵੀਂ)

ਅਤੇ

ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਿਰਾਤੀ

ਪੀਰ ਮੁਰੀਦਾਂ ਪਿਰਹੜੀ, ਗਾਵਨ ਪਰਬਾਤੀਵਾਰ 17ਵੀਂ

-----

ਦਮੋਦਰ ਤੋਂ ਪਹਿਲਾਂ ਬਾਕੀ ਕੋਲਾਬੀ ਵੱਲੋਂ ਮਸਨਵੀ ਹੀਰ ਰਾਂਝਾਫ਼ਾਰਸੀ ਵਿਚ ਲਿਖੇ ਹੋਣ ਦੇ ਪ੍ਰਮਾਣ ਵੀ ਮਿਲਦੇ ਹਨਦਮੋਦਰ ਦਾ ਸਮਕਾਲੀ ਬਜ਼ੁਰਗ ਸ਼ਾਹ ਹੁਸੈਨ ਆਪਣੇ ਕਲਾਮ ਵਿਚ ਅਨੇਕਾਂ ਵਾਰ ਹੀਰ ਦੇ ਵੇਰਵੇ ਦਿੰਦਾ ਹੈ:-

1 ਰਾਂਝਾ ਜੋਗੀ ਮੈਂ ਜੁਗਿਆਨੀ, ਕਮਲੀ ਕਰ ਕਰ ਛੱਡੀਆਂ

2 ਜੇ ਤੂੰ ਤਖਤ ਹਜ਼ਾਰੇ ਦਾ ਸਾਈਂ, ਅਸੀਂ ਸਿਆਲਾਂ ਦੀਆਂ ਕੁੜੀਆਂ

3 ਹੀਰ ਨੂੰ ਇਸ਼ਕ ਚਿਰਿਕਾ ਆਹਾ, ਜਾ ਆਹੀ ਦੁੱਧ ਵਾਤੀ

ਸੌ ਵਰ੍ਹਿਆਂ ਦੀ ਜ਼ਹਿਮਤ ਜਾਵੇ, ਜੇ ਰਾਂਝਣ ਪਾਵੇ ਝਾਤੀ

-----

ਦਮੋਦਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ (ਬਾਈ ਅਕਤੂਬਰ ਸੋਹਲਾਂ ਸੌ ਛਿਹਾਟ-ਸੱਤ ਅਕਤੂਬਰ ਸਤਾਰਾਂ ਸੌ ਅੱਠ)ਵੀ ਸੰਕੇਤ ਦਿੰਦੇ ਹਨ:-

ਯਾਰੜੇ ਦਾ ਮੈਨੂੰ ਸੱਥਰ ਚੰਗਾ, ਭੱਠ ਖੇੜ੍ਹਿਆਂ ਦਾ ਰਹਿਣਾ

-----

ਦਮੋਦਰ ਨੇ ਕਿੱਸਾ ਅਕਬਰ ਦੀ ਹਕ਼ੂਮਤ ਸਮੇਂ ਆਰੰਭ ਕਰਕੇ ਜਹਾਂਗੀਰ ਦੇ ਰਾਜਗੱਦੀ ਤੇ ਕਾਬਜ਼ (24 ਅਕਤੂਬਰ 1605 ਈ.) ਹੋਣ ਉਪਰੰਤ ਮੁਕਾਇਆਇਸ ਰਚਨਾ ਦਾ ਕਾਲ 1600 ਈ. ਤੋਂ 1615 ਈ. ਮੰਨਿਆ ਜਾਂਦਾ ਹੈਉਸ ਸਮੇਂ ਪੰਜਾਬ ਵਿਚ ਸਿਆਲ, ਚੰਦੜ, ਖੇੜੇ ਅਤੇ ਰਾਂਝੇ ਪ੍ਰਮੁੱਖ ਜਾਤਾਂ ਸਨਜਿਨ੍ਹਾਂ ਨੇ ਝੰਗ, ਰੰਗਪੁਰ ਅਤੇ ਤਖ਼ਤ ਹਜ਼ਾਰੇ ਆਦਿਕ ਪਿੰਡ ਵਸਾਏਦਮੋਦਰ ਦੇ ਸਮੇਂ ਵਿਚ ਨਾ ਤਾਂ ਇੰਟਰਨੈਟ ਸੀ ਤੇ ਨਾ ਹੀ ਟੈਲੀਵਿਜ਼ਨ ਕਿ ਇਹ ਸਮਝ ਲਈਏ ਕਿ ਏਕਤਾ ਕਪੂਰ ਨੇ ਸੀਰੀਅਲ ਬਣਾ ਕੇ ਹੀਰ ਨੂੰ ਰਾਤੋ-ਰਾਤ ਘਰ ਘਰ ਪਹੁੰਚਾ ਦਿੱਤਾ ਹੋਵੇਗਾਜ਼ਾਹਿਰ ਹੈ ਕਿ ਹੀਰ ਦੀ ਪ੍ਰੇਮ ਕਥਾ ਨੂੰ ਪ੍ਰਚੱਲਤ ਹੋਣ ਵਿਚ ਬਹੁਤ ਸਾਰਾ ਸਮਾਂ ਲੱਗਿਆ ਹੋਵੇਗਾਹੀਰ ਦੇ ਕਿੱਸੇ ਨੂੰ ਵਧੇਰੇ ਕਿੱਸਾਕਾਰਾਂ ਵੱਲੋਂ ਰਚੇ ਜਾਣ ਪਿੱਛੇ ਕਿੱਸਾਕਾਰਾਂ ਦਾ ਆਪਣੇ ਆਪ ਦੀ ਆਰਥਿਕ ਸਥਿਤੀ ਨੂੰ ਤਕੜਾ ਕਰਨ ਦਾ ਰੁਝਾਨ ਛੁਪਿਆ ਹੋਇਆ ਸੀ

-----

ਹਾਫ਼ਿਜ਼ ਬਰਖ਼ੁਰਦਾਰ ਨੇ ਜ਼ਾਫ਼ਰ ਖਾਂ ਦੇ ਲਈ 1090 ਹਿ: ਵਿਚ ਯੂਸਫ ਜ਼ੁਲੈਖਾਂਦਾ ਕਿੱਸਾ ਲਿਖਿਆ ਤੇ ਇਸਦੇ ਬਦਲੇ ਵਿਚ ਪਦਾਰਥਕ ਇਵਜ਼ਾਨੇ ਪ੍ਰਾਪਤ ਕੀਤੇਹੀਰ ਦੇ ਇਕ ਤੋਂ ਵਧੀਕ ਕਿੱਸੇ ਲਿਖਣ ਪਿੱਛੇ ਉਸ ਸਮੇਂ ਦੇ ਕਵੀਆਂ ਦੀ ਇਹੀ ਲਾਲਸਾ ਸੀ ਕਿ ਉਹ ਰਾਜ ਜਾਂ ਦਰਬਾਰੀ ਕਵੀ ਬਣ ਸਕਣਇਹੀ ਵਜ੍ਹਾ ਹੈ ਕਿ ਹੀਰ ਦੇ ਰਚਨਾਕਰਾਂ ਨੇ ਆਪਣੇ ਸਮੇਂ ਦੇ ਹਾਕਮਾਂ ਦੀ ਆਪੋ ਆਪਣੇ ਕਿੱਸੇ ਵਿਚ ਸਿਫ਼ਤ ਸਲਾਹ ਕੀਤੀ ਹੈਜਿਵੇਂ ਦਮੋਦਰ ਨੇ ਥਾਂ ਥਾਂ ਅਕਬਰ ਦਾ ਜ਼ਿਕਰ ਕੀਤਾ ਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹੀਰ ਅਕਬਰ ਦੇ ਰਾਜਕਾਲ ਵਿਚ ਪੈਦਾ ਹੋਈ:-

ਅਕਬਰ ਨਾਲ ਕਰੇਂਦਾ ਦਾਵੇ, ਭੁਈਂ ਨਈਂ ਦਾ ਸਾਈਂ9

ਹਿਕੇ ਦਿਵੀਹਾਂ ਅਕਬਰ ਗਾਜ਼ੀ, ਕੱਛਾ ਆਪ ਕਛੀਹਾਂ13

ਅਕਬਰ ਸ਼ਾਹ ਦਾ ਰਾਜ ਡਢੇਰਾ ਜੈ ਤੈਨੂੰ ਕਜ਼ਾ ਦਿੱਤੀ ਆਈ

ਆਖ ਦਮੋਦਰ ਸੁਣ ਮੀਆਂ ਕਾਜ਼ੀ, ਮੈਂ ਭੀ ਰਾਠਾਂ ਜਾਈ920

ਸੁਣ ਹੀਰੇ ਤੂੰ ਨੋਂਹ ਹੈਂ ਕੈਂਦੀ, ਅਰ ਧੀ ਕੈਂਦੀ ਆਹੀ?

ਅਕਬਰ ਨਾਲ ਜੁੜੇਂਦੇ ਪਲੂ, ਭੁਈ ਨਈਂ ਦੇ ਸਾਈਂ931

ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜੇ ਸਵਾਏ

ਆਖ ਦਮੋਦਰ ਕਢੋ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ964

ਦਮੋਦਰ ਹੀਰ ਦੀ ਮਾਂ ਦਾ ਨਾਮ ਚੌਧਰਾਣੀ ਕੁੰਦੀ ਲਿਖਦਾ ਹੈ ਤੇ ਵਾਰਿਸ ਮਲਕੀ:-

ਵਾਹ ਸਿਕਦਾਰੀ ਚੂਚਕ ਸੰਦੀ, ਭਲੀ ਗੁਜਾਰਨ ਲੰਘਾਈ

ਆਖ ਦਮੋਦਰ ਵਾਰ ਬੁੱਢੇ ਦੀ, ਮਹਿਰੀ ਕੁੰਦੀ ਵਿਆਈ4।(ਹੀਰ ਦਮੋਦਰ)

ਸੁਣ ਮਲਕੀਏ ਅੰਮੜੀਏ ਮੇਰੀਏ ਨੀ, ਜਿੱਚਰ ਜਾਨ, ਰੰਝੇਟੇ ਤੋਂ ਨਾਂਹ ਟਲਸਾਂ

ਭਾਵੇਂ ਵੱਢ ਕੇ ਡੱਕਰੇ ਕਰਨ ਮੇਰੇ, ਵੰਝ ਕਰਬਲਾ ਹੋ ਸ਼ਹੀਦ ਮਰਸਾਂ

ਵਾਰਿਸ ਸ਼ਾਹ ਜੇ ਜੀਂਵਦੀ ਮਰਾਂਗੀ ਮੈਂ, ਲੇਲੀ ਮਜਨੂੰ ਦੇ ਨਾਲ ਮੈਂ ਜਾ ਰਲਸਾਂ।(ਹੀਰ, ਵਾਰਿਸ)

ਦਮੋਦਰ ਹੀਰ ਦੀ ਨਣਦ ਸੈਹਤੀ ਦਾ ਇਸ਼ਕ ਰਾਮੂ ਬਾਹਮਣ ਨਾਲ ਕਰਵਾਉਂਦਾ ਹੈ ਤੇ ਵਾਰਿਸ ਸ਼ਾਹ ਮੁਰਾਦ ਬਲੋਚ ਨਾਲ

ਜਿਹੜਾ ਸਾਹਿਬ ਯਾਰ ਅਸਾਡਾ, ਉਹ ਦਿਸੀਂਦਾ ਨਾਹੀਂ

ਅੱਖੀਂ ਦਾ ਸੁੱਖ ਬ੍ਹਾਮਣ ਰਾਮੂ, ਜੈਂ ਮੁੱਲ ਖਰੀਦੀ ਆਹੀ

ਜੇ ਅਜ ਨ ਆਇਆ ਨਜ਼ਰ ਅਸਾਨੂੰ, ਤਾਂ ਜੀਵਣ ਜੋਗੀ ਨਾਹੀਂ

ਸੁਣ ਹੀਰੇ ਕੇ ਤੈਨੂੰ ਆਖਾਂ, ਬਣੀ ਜੁ ਬਾਬ ਅਸਾਂਹੀ631॥ (ਸਹਿਤੀ ਹੀਰ ਦਾ ਵਾਰਤਾਲਾਪ) ਹੀਰ ਦਮੋਦਰ

ਮਿਲੇ ਸ਼ਾਹ ਮੁਰਾਦ ਤਾਂ ਮੋਈ ਜੀਵਾਂ, ਮੈਂ ਤਾਂ ਜਾਣਾਂਗੀ ਅਜ ਅਰਾਮ ਕੀਤਾ।-ਹੀਰ ਵਾਰਿਸ ਸ਼ਾਹ

ਦਮੋਦਰ ਹੀਰ ਦੀਆਂ 360 ਸਹੇਲੀਆਂ ਲਿਖਦਾ ਹੈ

ਤ੍ਰੈ ਸੈ ਸਠ ਸਹੇਲੀ ਜੋੜੀ, ਜੇਹੜੀ ਜੇਹੜੀ ਭਾਈ43

ਕਹੇ ਦਮੋਦਰ ਵਾਹ ਸਲੇਟੀ, ਧੰਨ ਚੂਚਕ ਦੀ ਜਾਈ46

ਤੇ ਵਾਰਿਸ ਕੇਵਲ ਸੱਠ

ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦਾ ਜੀ

ਵਾਰਿਸ ਸ਼ਾਹ ਮੀਆਂ ਜੱਟੀ ਲਹਿਰ ਲੁੱਟੀ, ਫਿਰੇ ਭਰੀ ਹੰਕਾਰ ਦੇ ਮਾਣ ਦੀ ਜੀ

-----

ਦਮੋਦਰ ਕਿੱਸੇ ਦਾ ਅੰਤ ਸੁਖਾਂਤ ਵਿਚ ਕਰਦਾ ਹੈ ਤੇ ਵਾਰਿਸ ਦੁਖਾਂਤ ਵਿਚਦਮੋਦਰ ਘੋੜਿਆਂ ਦੀਆਂ ਕਿਸਮਾਂ ਦੇ ਵਰਣਨ ਨੂੰ ਵਿਸਥਾਰ ਦਿੰਦਾ ਤੇ ਵਾਰਿਸ ਮੱਝਾਂ ਦੀਆਂ ਨਸਲਾਂ ਦੱਸ ਕੇ ਵਿਦਵਤਾ ਝਾੜਦਾ ਹੈਦਮੋਦਰ ਨੇ ਜਿਥੇ ਹੀਰ ਦਾ ਹੁਸਨ ਬਿਆਨ ਕਰਨ ਵਿਚ ਸੰਕੋਚ ਵਰਤਿਆ ਹੈ, ਉਥੇ ਵਾਰਿਸ ਨੇ ਹੀਰ ਨੂੰ ਪੂਰਾ ਸਵਾਦ ਲੈ ਕੇ ਲਿਖਿਆ ਹੈਵਾਰਿਸ ਨੇ ਹੀਰ ਦੇ ਅੰਗ ਅੰਗ ਦੀ ਇਉਂ ਤਾਰੀਫ਼ ਕੀਤੀ ਹੈ ਕਿ ਪੜ੍ਹ ਕੇ ਜਾਪਦਾ ਹੈ ਕਿ ਫਰਾਂਸਿਸੀ ਚਿੱਤਰਕਾਰਾਂ ਵਾਂਗ ਵਾਰਿਸ ਨੇ ਹੀਰ ਨੂੰ ਵਸਤਰਹੀਣ ਕਰਕੇ ਆਪਣੇ ਮੂਹਰੇ ਮਾਡਲ ਬਣਾ ਬੈਠਾ ਕੇ ਕਿਹਾ ਹੋਵੇ, “ਹੀਰੇ, ਲਿਆ ਤੇਰੇ ਤੇ ਕਿੱਸਾ ਲਿਖੀਏ ਵਾਰਿਸ ਵੱਲੋਂ ਹੀਰ ਦੇ ਫਿੱਗਰ ਦੀ ਤਸਵੀਰਕਸ਼ੀ ਦੇਖੋ:-

ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸੈਊ ਬਲਖ ਦੇ ਚੁਣੇ ਅੰਬਾਰ ਵਿਚੋਂ

ਧੁੰਨੀ ਬਹਿਸ਼ਤ ਦੇ ਹੌਜ਼ ਦਾ ਮੁਸਕ ਕੁਪਾ, ਪੇਡੂ ਮਖਮਲੀ ਖਾਸ ਸਰਕਾਰ ਵਿਚੋਂ

ਕਾਫੂਰ ਸ਼ਹਿਨਾ ਸੁਰੀਨ ਬਾਂਕੇ, ਹੁਸਨ ਸਾਕ ਸਤੂਨ ਮੀਨਾਰ ਵਿਚੋਂ

ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੂਝੀ ਰਹੇ ਨਾ ਹੀਰ ਹਜ਼ਾਰ ਵਿਚੋਂ

ਛਾਤੀ (BREAST), ਧੁੰਨੀ (BELLYBUTTON), ਸ਼ੁਰੀਨ (BUTTOCKS) ਗਿਣਾਉਣ ਬਾਅਦ ਹੋਰ ਕੁਝ ਬਚਦਾ ਹੀ ਨਹੀਂਪਰ ਵੇਗ ਵਿਚ ਆਏ ਸੂਫ਼ੀਵਾਦੀ ਵਾਰਿਸ ਨੇ ਹੀਰ ਦਾ ਸਿਰ ਤੋਂ ਪੈਰਾਂ ਤੱਕ ਕੋਈ ਅੰਗ ਨਹੀਂ ਛੱਡਿਆ

-----

ਹੀਰ ਐਨੀ ਦਲੇਰ ਹੁੰਦੀ ਹੈ ਕਿ ਲੁੱਡਣ ਨੂੰ ਬਚਾਉਣ ਲਈ ਨੂਰੇ ਸੰਬਲ ਅਤੇ ਆਪਣੇ ਤਾਏ ਕੈਦੋਂ, ਜਿਸਨੂੰ ਵਾਰਿਸ ਚਾਚਾ ਕੈਦੋਂ ਦੱਸਦਾ ਹੈ ਨਾਲ ਲੜਣ ਤੋਂ ਗੁਰੇਜ਼ ਨਹੀਂ ਕਰਦੀਪਰ ਕਾਜ਼ੀ ਉਸਦਾ ਧੱਕੇ ਨਾਲ ਨਿਕ਼ਾਹ ਪੜ੍ਹ ਦਿੰਦਾ ਹੈ? ਉਹ ਸਬਲਾ ਤੋਂ ਅਬਲਾ ਬਣ ਕੇ ਡੋਲੀ ਵਿਚ ਪੈ ਜਾਂਦੀ ਹੈ!

-----

ਵਾਰਿਸ ਹੀਰ ਦੇ ਕਾਜ ਸਮੇਂ ਡੂਮ, ਮਰਾਸੀ ਅਤੇ ਕਾਜ਼ੀ ਰੱਖਦਾ ਹੈਉਹਦੇ ਉਲਟ ਹੀਰ ਦੇ ਨਿਕਾਹ ਲਈ ਦਮੋਦਰ ਨਾਲ ਪੰਡਤ ਵੀ ਭੇਜਦਾ ਹੈ ਤੇ ਨਿਕਾਹ ਵੇਲੇ ਹਿੰਦੂ ਰੀਤ-ਰਿਵਾਜ਼ ਕਰਵਾਉਂਦਾ ਹੈਇਸਦਾ ਸਾਫ਼ ਤੇ ਇਕ ਮਾਤਰ ਕਾਰਨ ਦਮੋਦਰ ਦਾ ਹਿੰਦੂ ਤੇ ਵਾਰਿਸ ਦਾ ਮੁਸਲਮਾਨ ਹੋਣਾ ਹੈਕ੍ਰਿਸ਼ਨ ਬੰਸਰੀ ਵਜਾਉਂਦਾ ਹੁੰਦਾ ਸੀ ਤੇ ਗਊਆਂ ਚਰਾਉਂਦਾ ਸੀਇਹੀ ਆਈਡੀਆ ਚੋਰੀ ਕਰਕੇ ਦਮੋਦਰ ਨੇ ਰਾਂਝੇ ਤੇ ਫਿੱਟ ਕਰ ਦਿੱਤਾਦਮੋਦਰ ਰਾਂਝੇ ਦੇ ਹੱਥ ਵੰਝਲੀ ਫੜਾ ਕੇ ਉਸਨੂੰ ਮੱਝਾਂ ਚਾਰਨ ਲਾ ਦਿੰਦਾ ਹੈਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੀਰ ਦੇ ਕਿੱਸੇ ਦਾ ਮੂਲ ਸਰੋਤ ਆਇਆ ਕਿੱਥੋਂ?

-----

ਤੀਜੀ ਸਦੀ ਵਿਚ ਗ੍ਰੀਕ ਮਿਥਿਹਾਸ ਵਿਚ ਇਕ ਪ੍ਰੇਮ ਕਹਾਣੀ ਅਲੋਰਾ-ਅਜ਼ੋਨਾਦੀ ਲਿਖੀ ਗਈ ਤੇ ਵਪਾਰੀਆਂ ਅਤੇ ਧਰਮ ਪ੍ਰਚਾਰਕਾਂ ਰਾਹੀਂ ਉਹ ਦੁਨੀਆਂ ਵਿਚ ਫੈਲ ਕੇ ਮਕ਼ਬੂਲ ਹੋ ਗਈਸ਼ੈਕਸਪੀਅਰ ਉਸਨੂੰ ਵਰੋਨਾ ਚੁੱਕ ਕੇ ਲੈ ਗਿਆ ਤੇ ਉਸਨੇ ਰੋਮੀਉ ਜੁਲੀਅਟਬਣਾ ਲਈਪੁਰਤਗਾਲ ਦੇ ਕਥਾਕਾਰ ਉਸਨੂੰ ਗੋਆ ਲੈ ਗਏ ਤੇ ਡੋਨਾ ਪੋਲਾਬਣਾ ਦਿੱਤਾਚੀਨੀ ਨੇ ਲੀਆਂਗ ਜ਼ਹੂਨਾਮ ਦੇ ਦਿੱਤਾਦਮੋਦਰ ਹੋਰਾਂ ਨੇ ਹੀਰ ਰਾਂਝਾਬਣਾ ਕੇ ਪੇਸ਼ ਕੀਤਾਕਹਾਣੀ ਉਹੀ ਹੈ ਤੇ ਸਭ ਕੁਝ ਘਟਦਾ ਉਸੇ ਤਰ੍ਹਾਂ ਹੈ, ਫ਼ਰਕ ਸਿਰਫ਼ ਐਨਾ ਹੈ ਕਿ ਹਰ ਕਲਮਕਾਰ ਨੇ ਆਪਣੇ ਜੀਵਨ ਕਾਲ, ਰਹੁ-ਰੀਤਾਂ, ਸਭਿਆਚਾਰਕ, ਧਾਰਮਿਕ ਅਤੇ ਸਥਾਨਕ ਥਾਵਾਂ ਦੇ ਵੇਰਵੇ ਦੇ ਕੇ ਆਪੋ ਆਪਣੀ ਕਹਾਣੀ ਨੂੰ ਯਥਾਰਥਕ ਬਣਾਉਣ ਵਿਚ ਕਸਰ ਨਹੀਂ ਛੱਡੀਹਾਲਾਂਕਿ ਇਹ ਇਕ ਕਾਲਪਨਿਕ ਕਹਾਣੀ ਹੈਜਿਸਨੂੰ ਸਾਹਿਤਕ ਚੋਰਾਂ ਨੇ ਚੋਰੀ ਕਰਕੇ ਆਪੋ ਆਪਣੇ ਥੈਲੇ ਵਿਚ ਪਾ ਕੇ ਵੇਚਿਆ

-----

Just for argument’s sake!! ਇਕ ਪਲ ਲਈ ਜੇ ਇਹ ਵੀ ਮੰਨ ਲਈਏ ਕਿ ਬਹੁਤੀਆਂ ਪ੍ਰੇਮ ਕਹਾਣੀਆਂ ਇਸੇ ਤਰ੍ਹਾਂ ਘਟਦੀਆਂ ਹਨ ਤੇ ਹੀਰ ਸੱਚੀਂ ਪੈਦਾ ਹੋਈ ਤਾਂ ਇਕ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਲੇਖਕ ਕਦੋਂ ਲਿਖਦਾ ਹੈ? ਲੇਖਕ ਉਦੋਂ ਲਿਖਦਾ ਹੁੰਦਾ ਹੈ, ਜਦੋਂ ਉਸਨੂੰ ਸਮਾਜ ਵਿਚ ਕੁਝ ਗ਼ਲਤ ਘਟ ਰਿਹਾ ਦਿਖਾਈ ਦਿੰਦਾ ਹੈਹੁਣ ਹੀਰ ਦੇ ਕਿੱਸੇ ਦਾ ਵੀ ਅਰਥ ਤਾਂ ਇਹੀ ਲਿਆ ਜਾਣਾ ਚਾਹੀਦਾ ਸੀ ਕਿ ਇਹ ਜੋ ਸਮਾਜ ਵਿਚ ਗ਼ਲਤ ਹੋਇਆ ਹੈਅੱਗੋਂ ਹੋਣਾ ਨਹੀਂ ਚਾਹੀਦਾ

-----

ਹੀਰ ਇਕ ਬਦਦਿਮਾਗ਼, ਬਦਮਿਜ਼ਾਜ, ਜ਼ਿੱਦੀ ਤੇ ਵਿਗੜੀ ਹੋਈ ਅਮੀਰ ਮੁਟਿਆਰ ਸੀਉਸਨੇ ਨਾ ਕੇਵਲ ਆਪਣੇ ਪਿਉ ਦੀ ਇੱਜ਼ਤ ਰੋਲੀ, ਬਲਕਿ ਕੁਆਰੇ ਹੁੰਦਿਆਂ ਨਾਜਾਇਜ਼ ਰਿਸ਼ਤਾ ਹੰਢਾਇਆਵਿਆਹ ਉਪਰੰਤ ਸ਼ੌਹਰ ਨਾਲ ਬੇਵਫ਼ਾਈ ਕੀਤੀ ਤੇ ਨਾ ਹੀ ਚੱਜ ਨਾਲ ਪ੍ਰੇਮੀ ਦੀ ਹੋ ਸਕੀਉਹ ਨਾ ਸੁੱਤੀ, ਨਾ ਉਹਨੇ ਕੱਤਿਆਹੀਰ ਆਪਣੇ ਸਾਰੇ ਫ਼ਰਜ਼ ਪੂਰੇ ਕਰਨ ਤੋਂ ਅਸਮਰਥ ਰਹਿੰਦੀ ਹੈਉਸ ਵਿਚ ਸਿਵਾਏ ਹੁਸਨ ਤੋਂ ਹੋਰ ਕੋਈ ਗੁਣ ਨਹੀਂ ਹੈਉਧਰੋਂ ਧੀਦੋ ਆਲਸੀ ਤੇ ਅਤਿ ਦਰਜ਼ੇ ਦਾ ਨਿਕੰਮਾਜੋ ਜ਼ਿੰਦਗੀ ਵਿਚ ਕੋਈ ਕੰਮ ਨਾ ਕਰ ਸਕਿਆਭਰਜਾਈਆਂ ਨਾਲ ਛੇੜਖਾਨੀਆਂ ਕਰਦਾ ਰਹਿੰਦਾ ਹੁੰਦਾ ਸੀਭਰਾਵਾਂ ਨੇ ਛਿੱਤਰ ਪਰੇਡ ਕਰਕੇ ਘਰੋਂ ਕੱਢ ਦਿੱਤਾਉਹ ਵਿਹਲੜ ਬੰਸਰੀ ਗੁਵਾ ਕੇ ਉਹਨੂੰ ਲੱਭਦਾ ਰਹਿੰਦਾ ਹੁੰਦਾ ਸੀਇਹੀ ਝੱਲ ਉਸ ਨੇ ਇਸ਼ਕ਼ ਵਿਚ ਖਿਲਾਰਿਆਹੀਰ ਗੁਆ ਕੇ ਮੁੜਕੇ ਲੱਭਦਾ ਫਿਰੇਪੁਰਾਣੇ ਸਮਿਆਂ ਵਿਚ ਡਾਕੂ ਲੁਟੇਰੇ ਡੋਲੇ ਲੁੱਟ ਲਿਆ ਕਰਦੇ ਹੁੰਦੇ ਸੀ ਤੇ ਕੁੜੀ ਦੇ ਪੇਕੇ ਖ਼ਾਸ ਕਰ ਭਰਾ ਬਰਾਤ ਦੀ ਫੌਜ ਵਿਚ ਵਾਧਾ ਕਰਨ ਲਈ ਰਾਖੇ ਬਣ ਕੇ ਡੋਲੀ ਨਾਲ ਜਾਇਆ ਕਰਦੇ ਸੀ, ਜੋ ਰਸਮ ਅੱਜ ਵੀ ਕਾਇਮ ਹੈਰਾਂਝਾ ਵੀ ਹੀਰ ਦੇ ਭਾਈਆਂ ਵਿਚ ਸ਼ਾਮਿਲ ਹੋ ਕੇ ਡੋਲੇ ਦੀ ਰਖਵਾਲੀ ਕਰਨ ਲਈ ਨਾਲ ਗਿਆ ਸੀਰਾਂਝੇ ਦਾ ਹੀਰ ਨਾਲ ਇਸ਼ਕ਼ ਦੇਖੋ ਕਿ ਹੀਰ ਨੂੰ ਦਾਜ ਵਿਚ ਮਿਲੀਆਂ ਮੱਝਾਂ ਉਹਦੇ ਸਾਹੁਰੇ ਘਰ ਹਿੱਕ ਕੇ ਖ਼ੁਦ ਛੱਡ ਕੇ ਆਉਂਦਾ ਹੈ ਤੇ ਮਗਰੋਂ ਹੀਰ ਨੂੰ ਮਿਲ਼ਣ ਲਈ ਆਪਣੇ ਕੰਪਿਊਟਰਾਇਜ਼ਡ ਦਿਮਾਗ਼ ਨਾਲ ਐਸੇ ਬਹਾਨੇ ਲੱਭਦਾ ਕਿ ਨਾ ਸਿਰਫ਼ ਹੀਰ ਦੀ ਵਿਆਹੁਤਾ ਜ਼ਿੰਦਗੀ ਤਬਾਹ ਕਰਦਾ ਹੈਸਗੋਂ ਉਹਦੀ ਨਣਦ ਨੂੰ ਵੀ ਬਦਚਲਣ ਬਣਾ ਦਿੰਦਾ ਹੈਇਸ ਸਾਰੇ ਕਿੱਸੇ ਵਿਚ ਕੈਦੋਂ ਨੂੰ ਵਿਲਨ (ਖਲਨਾਇਕ) ਬਣਾ ਦਿੱਤਾ ਜਾਂਦਾ ਹੈਭਤੀਜੀ ਕੋਈ ਗ਼ਲਤ ਕੰਮ ਕਰ ਰਹੀ ਹੋਵੇ ਤਾਂ ਕਿਹੜਾ ਤਾਇਆ ਜਾਂ ਚਾਚਾ ਉਸਨੂੰ ਵਰਜਣਾ ਨਹੀਂ ਚਾਹੇਗਾ? ਘਰਦਿਆਂ ਦੇ ਦੂਰਕਾਰੇ ਹੋਏ ਰਾਂਝੇ ਨੂੰ ਚੂਚਕ ਨੇ ਸ਼ਰਨ ਅਤੇ ਨੌਕਰੀ ਦਿੱਤੀਉਹ ਉਸਦੀ ਇੱਜ਼ਤ ਨਾਲ ਹੀ ਖੇਡਿਆਸਾਡੇ ਪੰਜਾਬੀ ਲੇਖਕਾਂ ਦੀ ਤਿੱਖੀ ਸੋਚ ਦੇਖੋ, ਬਜਾਏ ਇਹ ਕਹਿਣ ਦੇ ਕਿ ਕੋਈ ਹੀਰ ਨਾ ਪੈਦਾ ਹੋਵੇ! ਕੋਈ ਮੁੰਡਾ ਰਾਂਝੇ ਵਰਗੇ ਨਾ ਬਣੇ!!! ਪੰਜਾਬੀ ਗੱਭਰੂ ਮਿਹਨਤਕਸ਼ ਹੋਣ ਤੇ ਮੁਟਿਆਰਾਂ ਇਖ਼ਲਾਕੀ ਹੋਣਉਹ ਰੋਲ ਮਾਡਲ ਵਜੋਂ ਹੀਰ-ਰਾਂਝੇ ਨੂੰ ਪੇਸ਼ ਕਰਕੇ ਪੂਰਾ ਟਿੱਲ ਲਾ ਰਹੇ ਹਨ ਤੇ ਪੰਜਾਬ ਦੀ ਹਰ ਲੜਕੀ ਨੂੰ ਹੀਰ ਬਣਿਆ ਦੇਖਣਾ ਚਾਹੁੰਦੇ ਹਨਹਰ ਪੰਜਾਬੀ ਗੱਭਰੂ ਨੂੰ ਰਾਂਝਾਸਾਡੇ ਪੰਜਾਬੀ ਲੇਖਕ ਹੀਰ ਵਰਗੀ ਕੁੜੀ ਨਾਲ ਵਿਆਹ ਕਰਵਾਉਣ ਦੀ ਆਪਣੀਆਂ ਰਚਨਾਵਾਂ ਵਿਚ ਪ੍ਰੇਰਨਾ ਦਿੰਦੇ ਹਨ, ਜੋ ਕਿ ਇਕ ਬਦਚਲਨ ਜਨਾਨੀ ਸੀਕੌਣ ਕਹਿੰਦਾ ਹੈ ਕਿ ਅਸੀਂ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੰਦੇ? ਸਾਡੇ ਸਾਹਿਤਕਾਰ ਤਾਂ ਚਰਿਤ੍ਰਹੀਣ ਇਸਤਰੀਆਂ ਨਾਲ ਘਰ ਵਸਾਉਣ ਲਈ ਉਤਸ਼ਾਹਿਤ ਕਰ ਰਹੇ ਹਨਹੀਰ ਦਾ ਮਕਬਰਾ ਬਣਾ ਕੇ ਉਥੋਂ ਨਵ-ਵਿਆਹੁਤਾ ਜੋੜੇ ਆਪਣੇ ਸਾਥ ਨਿਭਣ ਦੀਆਂ ਸੁੱਖਾਂ ਸੁੱਖਣ ਜਾਂਦੇ ਹਨਜਿਵੇਂ ਮਾਈ ਹੀਰ ਤਾਂ ਸੱਤ ਜਨਮਾਂ ਦੇ ਸਾਥ ਨਿਭਾਅ ਗਈ ਹੁੰਦੀ ਹੈਕੁਝ ਸਾਹਿਤਕਾਰ ਤੇ ਵਿਦਵਾਨ ਹੀਰ-ਰਾਂਝੇ ਦੇ ਇਸ਼ਕ਼ ਨੂੰ ਹਕੀਕੀ ਵੀ ਗਰਦਾਨਦੇ ਹਨ, ਜਦੋਂ ਕਿ ਉਹ ਖਾਲਸ ਇਸ਼ਕ਼ ਮਿਜ਼ਾਜੀ ਸੀ ਤੇ ਨਿਰੋਲ ਜਿਣਸੀ ਖਿੱਚ ਤੋਂ ਉਤਪਨ ਹੋਇਆ ਰਿਸ਼ਤਾ ਸੀਹਕੀਕੀ ਇਸ਼ਕ਼ ਲਈ ਵਿਪਰੀਤ ਲਿੰਗ ਦੀ ਚੋਣ ਕਿਉਂ ਕੀਤੀ ਗਈ? ਹਕੀਕੀ ਇਸ਼ਕ਼ ਤਾਂ ਸਮਲਿੰਗ ਨਾਲ ਵੀ ਨਿਭਾਇਆ ਜਾ ਸਕਦਾ ਹੈ! ਉਸ ਲਈ ਸਰੀਰਕ ਰੂਪ ਵਿਚ ਇਕੱਠੇ ਹੋਣ ਦੀ ਕੀ ਲੋੜ ਹੈ?

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ- 2

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 2

ਅੰਗਰੇਜ਼ੀ ਦਾ ਇਕ ਵਿਸ਼ਵ ਪ੍ਰਸਿੱਧ ਸਾਹਿਤਕਾਰ ਹੋਇਆ ਹੈ ਡੀ. ਐਚ. ਲੌਰੈਂਸਲੌਰੈਂਸ ਨੇ ਇਕ ਗਰਮਾ-ਗਰਮ ਨਾਵਲ ਲਿਖਿਆ ਲੇਡੀ ਚੈਟਰਲੀਜ਼ ਲਵਰਭਾਵ ਲੇਡੀ ਚੈਟਰਲੀ ਦਾ ਪ੍ਰੇਮੀਜਿੱਦਣ ਨਾਵਲ ਛਪਿਆ, ਉਦਣ ਹੀ ਇੰਗਲੈਂਡ ਦੇ ਲੇਖਕ ਲਾਰੌਸ ਵਿਰੁੱਧ ਲਾਮਬੱਧ ਹੋ ਗਏਜਿਵੇਂ ਕਿ ਉਸ ਨੇ ਨਾਵਲ ਲਿਖ ਕੇ ਕੋਈ ਗੁਨਾਹ ਕਰ ਦਿੱਤਾ ਹੁੰਦਾ ਹੈਅਸ਼ਲੀਲਤਾ ਦਾ ਦੋਸ਼ ਲਾ ਕੇ ਅਦਾਲਤ ਵਿਚ ਲੈ ਗਏਨਾਵਲ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ ਕਿ ਲੇਡੀ ਚੈਟਰਲੀ ਇਕ ਅਮੀਰ ਔਰਤ ਹੁੰਦੀ ਹੈ ਤੇ ਉਸਦਾ ਅਪਾਹਜ ਪਤੀ ਸਰ ਕਲਿਫੋਰਡ ਚੈਟਰਲੀ ਉਸਦੀਆਂ ਸਰੀਰਕ ਲੋੜਾਂ ਨਹੀਂ ਪੂਰੀਆਂ ਕਰ ਸਕਦਾ ਹੁੰਦਾ ਤੇ ਲੇਡੀ ਚੈਟਰਲੀ ਆਪਣੇ ਨੌਕਰ ਮਿਲਰਸ ਨਾਲ ਸੰਬਧ ਬਣਾ ਲੈਂਦੀ ਹੈਇਕ ਵਿਵਰਜਿਤ ਰਿਸ਼ਤਾ ਅਤੇ ਉਸਤੋਂ ਗਰਭਵਤੀ ਹੋ ਜਾਂਦੀ ਹੈਸਮਾਜ ਸੇਵਕ ਜਥੇਬੰਦੀਆਂ ਨੇ ਲੌਰੈਂਸ ਵਿਰੁਧ ਝੰਡੇ ਚੁੱਕ ਲਏ ਕਿ ਇਹ ਨਾਵਲ ਅਪਾਹਜਾਂ ਵਿਚ ਹੀਣ ਭਾਵਨਾ ਪੈਦਾ ਕਰਦਾ ਹੈਲੌਰੈਂਸ ਨੇ ਐਸੀਆਂ ਦਲੀਲਾਂ ਦਿੱਤੀਆਂ ਕਿ ਸਭ ਦੇ ਮੂੰਹ ਬੰਦ ਹੋ ਗਏਲੌਰੈਂਸ ਬਰੀ ਹੋ ਗਿਆਨਾਵਲ ਉੱਤੇ ਫਿਲਮ ਬਣੀ ਤੇ ਨੌਂ ਨੌਂ ਮਿੰਟ ਦੇ ਕਾਮੁਕ ਦ੍ਰਿਸ਼ ਟੈਲੀਵਿਜ਼ਨ ਵਾਲਿਆਂ ਨੇ ਬਿਨਾਂ ਕੈਂਚੀ ਮਾਰਿਆਂ ਦਿਖਾਏਇੰਗਲੈਂਡ ਅਤੇ ਅਮਰੀਕਾ ਵਿਚ ਇਸ ਨਾਵਲ ਉੱਤੇ ਪਾਬੰਦੀ ਲੱਗ ਜਾਂਦੀ ਹੈਨਾਵਲ ਦੀ ਵਿਕਰੀ ਵੱਧ ਗਈ ਤੇ ਲੱਖਾਂ ਦੀ ਗਿਣਤੀ ਵਿਚ ਨਕਲੀ ਉਤਪਾਦਨ ਹੋ ਕੇ ਨਾਵਲ ਬਲੈਕ ਵਿਚ ਵਿਕਿਆ

-----

ਸਾਡੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਲੱਭ ਕੇ ਨਾਵਲ ਇਕੋ ਬੈਠਕ ਵਿਚ ਪੜ੍ਹਿਆਨਾਵਲ ਪੜ੍ਹਕੇ ਗਾਰਗੀ ਨੂੰ ਫੁਰਨਾ ਫੁਰਿਆ ਬਈ ਇਹ ਚੀਜ਼ ਤਾਂ ਇੰਗਲੈਂਡ ਦੇ ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋਈ, ਪੰਜਾਬੀ ਪਾਠਕਾਂ ਦੇ ਗਲ਼ੇ ਵਿਚੋਂ ਕਿੱਥੋਂ ਉਤਰਨੀ ਹੈਗਾਰਗੀ ਨੇ ਨਾਵਲ ਚੋਰੀ ਕਰਨ ਦਾ ਮਨ ਬਣਾ ਕੇ ਕੁਝ ਸੋਚਿਆਫਿਰ ਉਸਦੇ ਮਨ ਵਿਚ ਖ਼ਿਆਲ ਆਇਆ ਕਿ ਕਮਲਿਆ ਸੋਚੀ ਕੀ ਜਾਂਦਾ ਹੈਂ? ਇਹ ਕੰਮ ਤਾਂ ਲੌਰੈਂਸ ਬਥੇਰਾ ਕਰ ਚੁੱਕਿਆ ਹੈਖਾਣਾ ਬਣਿਆ ਪਿਆ ਹੈ ਮਾਇਕਰੋਵੇਵ ਵਿਚ ਰੱਖ, ਗਰਮ ਕਰਕੇ ਪੰਜਾਬੀ ਪਾਠਕਾਂ ਨੂੰ ਪਰੋਸਗਾਰਗੀ ਨੇ ਨਾਵਲ ਮੇਜ਼ ਤੇ ਮੂਧਾ ਪਾ ਕੇ ਉਸਦਾ ਅਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਲੋਹਾ ਕੁੱਟਨਾਟਕ ਲਿਖ ਕੇ ਤਿਆਰ ਕਰ ਦਿੱਤਾ

-----

ਲੌਰੈਂਸ ਅੰਗਰੇਜ਼ੀ ਦਾ ਸ਼ਬਦ VAGUELY ਬਹੁਤ ਵਰਤਦਾ ਹੁੰਦਾ ਸੀਇਹ ਉਸਦਾ ਪਾਲਤੂ ਸ਼ਬਦ ਸੀਉਸ ਦੀ ਰੀਸ ਕਰਨ ਲਈ ਪੰਜਾਬੀ ਵਿਚ ਗਾਰਗੀ ਵੇਗ ਸ਼ਬਦ ਇਸਤੇਮਾਲ ਕਰਨ ਲੱਗ ਪਿਆਲੇਡੀ ਚੈਟਰਲੀ ਦਾ ਘਟਨਾ ਕਾਲ ਸੰਸਾਰ ਜੰਗ ਹੁੰਦਾ ਹੈ ਤੇ ਗਾਰਗੀ ਵੀ ਨਾਟਕ ਦਾ ਕਾਰਜ ਕਾਲ ਸੰਸਾਰ ਜੰਗ ਵੇਲੇ ਦਾ ਬਣਾ ਦਿੰਦਾ ਹੈਲੇਡੀ ਚੈਟਰਲੀ ਦੇ ਵਿਆਹ ਤੋਂ ਬਾਅਦ ਉਸਦੇ ਪਤੀ ਦੇ ਇਕ ਨਾਟਕਕਾਰ ਦੋਸਤ ਨਾਲ ਸਰੀਰਕ ਸੰਬੰਧ ਬਣਦੇ ਹਨਗਾਰਗੀ ਨੇ ਉਹ ਹਿੱਸਾ ਚੁੱਕ ਕੇ ਆਪਣੇ ਅਤੇ ਰਾਜੀ ਉੱਤੇ ਫਿੱਟ ਕਰਕੇ ਹੂ-ਬ-ਹੂ ਆਪਣੀ ਸਵੈ-ਜੀਵਨੀ ਵਿਚ ਗੱਡ ਦਿੱਤਾਲੇਡੀ ਚੈਟਰਲੀ ਦਾ ਪ੍ਰੇਮੀ ਲੁਹਾਰਾ ਕੰਮ ਕਰ ਚੁੱਕਿਆ ਹੁੰਦਾ ਹੈ ਤੇ ਗਾਰਗੀ ਨੂੰ ਇਥੋਂ ਹੀ ਲੋਹਾ ਕੁੱਟ ਲੱਭ ਜਾਂਦਾ ਹੈਹੋਰ ਤਾਂ ਹੋਰ ਲੌਰੈਂਸ ਆਪਣੀ ਨਾਇਕਾ ਕੌਨੀ ਦੀ ਮਰਦਾਂ ਬਾਰੇ ਸੋਚ ਨੂੰ ਰੂਪਮਾਨ ਕਰਨ ਲਈ ਜੋ ਵਾਕ ਪਹਿਲੇ ਕਾਂਡ ਦੇ ਸਫਾ ਨੰਬਰ 9ਤੇ ਲਿਖਦਾ ਹੈ, ਇੰਨ-ਬਿੰਨ ਉਹੀ ਡਾਇਲਾਗ ਗਾਰਗੀ ਦੀ ਨਾਇਕਾ ਸੰਤੀ ਦੇ ਪਹਿਲੇ ਐਕਟ ਦੇ ਪਹਿਲੇ ਸੀਨ ਵਿਚ ਹੁੰਦੇ ਹਨਗਾਰਗੀ ਇਸ ਉੱਤੇ ਆਪਣੀ ਮੌਲਿਕਤਾ ਦੀ ਮੋਹਰ ਲਾਉਣ ਲਈ ਪਾਠਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਕਿ ਇਹ ਸੀਨ ਉਸਨੇ ਮੁਰਾਦਾਬਾਦ ਸਟੇਸ਼ਨ ਤੇ ਬੈਠ ਕੇ ਲਿਖਿਆਨਾਲ ਉਹ ਇਹ ਨਹੀਂ ਦੱਸਦਾ ਕਿ ਉਹਦੇ ਖੀਸੇ ਵਿਚ ਲੇਡੀ ਚੈਟਰਲੀ’ਜ਼ ਲਵਰ ਵੀ ਸੀ ਜਿਸ ਤੋਂ ਨਕਲ ਮਾਰ ਕੇ ਲਿਖਿਆਲੇਡੀ ਚੈਟਰਲੀ ਦੇ ਕਿਰਦਾਰ ਦੀਆਂ ਦੋਨਾਂ ਪਰਤਾਂ ਨੂੰ ਗਾਰਗੀ ਸੰਤੀ ਅਤੇ ਬੈਣੋ ਦੋ ਔਰਤਾਂ ਦੇ ਚਰਿਤ੍ਰ ਵਰਣਨ ਰਾਹੀਂ ਉਘਾੜਦਾ ਹੈਲੌਰੈਂਸ ਦਾ ਮਾਇਕਲਸ ਗਾਰਗੀ ਦਾ ਗੱਜਣ, ਮੈਲਰਸ ਗਾਰਗੀ ਦਾ ਸਰਵਣ, ਕਲਿਫੋਰਡ ਚੈਟਰਲੀ ਗਾਰਗੀ ਦਾ ਕਾਕੂ ਲੁਹਾਰ ਅਤੇ ਬਰਥਾ ਗਾਰਗੀ ਦੀ ਬਣਸੋ ਹੈ

-----

ਅਲਬੱਤਾ, ਲੋਹਾ ਕੁੱਟ ਨਾਟਕ ਦੇ ਮੰਚਨ ਹੋਏ ਪੰਜਾਬੀ ਲੇਖਕ ਕੁਸਕੇ ਨਾਗਾਰਗੀ ਨੂੰ ਫ਼ਿਕਰ ਹੋਣ ਲੱਗਾ ਕਿ ਕਿਧਰੇ ਪੰਜਾਬੀਆਂ ਨੇ ਇਹ ਹਜ਼ਮ ਤਾਂ ਨਹੀਂ ਕਰ ਲਿਆਗਾਰਗੀ ਨੂੰ ਇਲਮ ਨਹੀਂ ਸੀ ਕਿ ਪੰਜਾਬੀ ਸਮਾਜ ਜੇ ਹਜ਼ਮ ਕਰਨ ਤੇ ਆਵੇ ਤਾਂ ਸੋਭਾ ਸਿੰਘ ਦੀ ਬਣਾਈ ਹੋਈ ਸੋਹਣੀ ਮਹੀਂਵਾਲਵਰਗੀ ਅਸ਼ਲੀਲ ਪੇਂਟਿੰਗ ਨੂੰ ਵੀ ਸਵਿਕਾਰ ਲੈਂਦਾ ਹੈਸੋਭਾ ਸਿੰਘ ਨੇ ਸਿੱਖ ਗੁਰੂਆਂ ਦੇ ਪੋਰਟਰੇਟ ਬਣਾਏਉਹ ਪ੍ਰਸਿੱਧ ਨਾ ਹੋਇਆਉਹਨੇ ਗੁਰੂ ਨਾਨਕ ਦੀ ਪੇਂਟਿੰਗ ਬਣਾਈਪੇਂਟਿੰਗ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਅਧਿਐਨ ਕੀਤਾਜੋਤਿਸ਼ ਵਿਦਿਆ ਦੀਆਂ ਕਿਤਾਬਾਂ ਪੜ੍ਹੀਆਂਲਾਲ ਕਿਤਾਬਭਿਰਗੂ ਦਾ ਗ੍ਰੰਥਤੇ ਹੋਰ ਬੜਾ ਕੁਝ; ਤਾਂ ਜੋ ਗੁਰੂ ਨਾਨਕ ਦੇ ਹੱਥਾਂ ਦੀਆਂ ਲਕੀਰਾਂ ਸਹੀ ਵਾਹੀਆਂ ਜਾ ਸਕਣਫਿਰ ਉਹ ਗੁਰੂ ਨਾਨਕ ਦੀ ਤਸਵੀਰ ਬਣਾਉਂਦਾ ਹੈ ਤੇ ਗੁਰੂ ਨਾਨਕ ਦੇ ਹੱਥ ਦੀ ਕਰਮ ਚੱਕਰ ਰੇਖਾ ਨੂੰ ਜਾਣ-ਬੁੱਝ ਕੇ ਗੂੜ੍ਹੀ ਕਰ ਦਿੰਦਾ ਹੈਜਿਸਦੇ ਕੁਝ ਅਰਥ ਨਿਕਲਦੇ ਹਨਲੇਕਿਨ ਸੋਭਾ ਸਿੰਘ ਨੂੰ ਸ਼ੁਹਰਤ ਨਹੀਂ ਮਿਲਦੀਉਹ ਆਪਣੀਆਂ ਪੇਂਟਿੰਗਾਂ ਆਪਣੇ ਪੈਸੇ ਖ਼ਰਚ ਕੇ ਛਪਵਾਉਂਦਾ ਤੇ ਵੇਚਦਾ ਹੈਸੋਭਾ ਸਿੰਘ ਦੇ ਮਨ ਵਿਚ ਉਬਾਲ ਉੱਠਦਾ ਹੈ ਤੇ ਉਹ ਦੋ ਮਾਸਟਰ ਪੀਸ ਬਣਾਉਂਦਾ ਹੈ, ‘ਸੋਹਣੀ ਮਹਿਵਾਲਤੇ ਸੋਹਣੀ ਇੰਨ ਹੈਵਨਸੋਹਣੀ ਮਹੀਂਵਾਲ ਦੀ ਤਸਵੀਰ ਬਣਾਉਣ ਬਾਅਦ ਪੰਜਾਬੀ ਜਗਤ ਵਿਚ ਤਰਥੱਲੀ ਮੱਚ ਜਾਂਦੀ ਹੈਸੋਭਾ ਸਿੰਘ ਥੀਮ ਬਹੁਤ ਵਧੀਆ ਫੜਦਾ ਹੈਸੋਹਣੀ ਮਹੀਂਵਾਲ ਨੂੰ ਮਿਲਣ ਝਨਾਅ ਕੱਚੇ ਘੜੇ ਉੱਤੇ ਤਰ ਕੇ ਆਉਂਦੀ ਹੈਸੋਭਾ ਸਿੰਘ ਨੇ ਦਰਸਾਇਆ ਹੈ ਕਿ ਸੋਹਣੀ ਝਨਾਅ ਵਿਚ ਗੋਤੇ ਖਾ ਰਹੀ ਹੈਮਹੀਂਵਾਲ ਉਹਨੂੰ ਕੱਢ ਕੇ ਲਿਆਉਂਦਾ ਹੈ ਤੇ ਉਸਦੇ ਘੜੇ ਦੀ ਕੰਨੀ ਭੁਰੀ ਹੋਈ ਹੈਇੱਥੇ ਸੋਭਾ ਸਿੰਘ ਤੋਂ ਇਕ ਗ਼ਲਤੀ ਹੁੰਦੀ ਹੈਮਹੀਂਵਾਲ ਦੀਆਂ ਬਾਹਾਂ ਵਿਚ ਜਕੜੀ ਹੋਈ ਸੋਹਣੀ ਦੇ ਸਤਨਾਂ ਵਿਚ ਅਕੜਾਅ ਹੈਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕ ਇਸਤਰੀ ਦੇ ਸਤਨਾਂ ਵਿਚ ਅਕੜਾਅ ਕਦੋਂ ਆਉਂਦਾ ਹੈ? ਇਹ ਅਕੜਾਅ ਸਿਰਫ਼ ਦੋ ਕਾਰਨਾਂ ਕਰਕੇ ਆਉਂਦਾ ਹੈਇਕ ਤਾਂ ਜਦੋਂ ਔਰਤ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ ਤੇ ਦੂਜਾ ਜਦੋਂ ਉਹ ਕਾਮ ਸਿਖ਼ਰ ਤੇ ਪਹੁੰਚ ਚੁੱਕੀ ਹੋਵੇਤੀਜਾ ਕੋਈ ਕਾਰਨ ਨਹੀਂ ਹੈ ਕਿ ਔਰਤ ਦੀਆਂ ਛਾਤੀਆਂ ਠੋਸ ਹੋ ਜਾਵਣਸਾਡਾ ਸੋਭਾ ਸਿੰਘ ਸੋਹਣੀ ਦੇ ਨਿੱਪਲ ਤਣੇ ਹੋਏ ਦਿਖਾਉਂਦਾ ਹੈਤੇ ਉਹ ਵੀ ਝਨਾਅ ਦੇ ਠੰਡੇ ਪਾਣੀ ਵਿਚੋਂ ਨਿਕਲੀ ਹੋਈ ਦੇਕੀ ਇਹ ਸੰਭਵ ਹੈ? ਪਰ ਪੰਜਾਬੀ ਸਮਾਜ ਨੇ ਉਹ ਕਬੂਲਿਆ ਹੈ ਤੇ ਸੋਭਾ ਸਿੰਘ ਸਾਡਾ ਮਹਾਨ ਆਰਟਿਸਟ ਹੈ

-----

ਖ਼ੈਰ, ਗਾਰਗੀ ਤੜਫ਼ਿਆ ਬੜਾਉਹ ਲੇਖਕਾਂ ਨੂੰ ਆਪ ਨਾਟਕ ਉੱਤੇ ਕੀਤੇ ਜਾਣ ਵਾਲੇ ਇਤਰਾਜ਼ ਦੱਸਣ ਲੱਗਾਉਸਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਉਚੇਚਾ ਇਤਰਾਜ਼ ਕਰਵਾਏਗਾਰਗੀ ਲੌਰੈਂਸ ਵਾਲੀਆਂ ਹੀ ਘੜੀਆਂ ਹੋਈਆਂ ਦਲੀਲਾਂ ਦੇ ਕੇ ਵਿਦਵਤਾ ਝਾੜਣ ਲੱਗ ਪਿਆ ਤੇ ਇੰਝ ਅਸੀਂ ਪੰਜਾਬੀ ਦਾ ਇਕ ਵੱਡਾ ਨਾਟਕਕਾਰ ਪੈਦਾ ਕਰ ਲਿਆਗਾਰਗੀ ਆਪਣੇ ਨਾਲ ਇਹ ਭਰਮ ਲੈ ਕੇ ਸ਼ਾਂਤੀ ਨਾਲ ਮਰ ਗਿਆ ਕਿ ਉਸਦੀ ਚੋਰੀ ਫੜ ਨਹੀਂ ਹੋਈਪਰ ਉਹ ਆਪਣੀਆਂ ਸਵੈ-ਜੀਵਨੀਆਂ ਨੰਗੀ ਧੁੱਪਅਤੇ ਕਾਸ਼ਨੀ ਵਿਹੜਾਵਿਚ ਆਪਣੀ ਚੋਰੀ ਦੇ ਸਬੂਤ ਛੱਡ ਗਿਆ

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 3

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 3

ਰਾਮ ਸਰੂਪ ਅਣਖੀ ਦਾ ਨਾਵਲ ਕੋਠੇ ਖੜਕ ਸਿੰਘਛਪਿਆ ਤਾਂ ਪੰਜਾਬੀ ਸਾਹਿਤ ਵਿਚ ਇਕ ਹਨੇਰੀ ਜਿਹੀ ਆ ਗਈਅਣਖੀ ਸਾਹਿਤ ਜਗਤ ਵਿਚ ਸਥਾਪਿਤ ਹੋ ਗਿਆਮਾਲਵੇ ਦੇ ਸਾਹਿਤ ਵਿਚ ਪਹਿਲੀ ਵਾਰ ਕਿਸੇ ਨੇ ਰੋਪ ਐਂਡ ਨੌਟਸਤਕਨੀਕ ਵਰਤੀ ਸੀਪਾਠਕ ਕਹਾਣੀ ਦੇ ਰੱਸਾ ਦਾ ਇਕ ਸਿਰਾ ਫੜਦਾ ਹੈ ਤਾਂ ਰਹੱਸ ਦੀ ਗੰਢ੍ਹ ਆ ਜਾਂਦੀ ਹੈਪਾਠਕ ਪੜ੍ਹਦਿਆਂ ਇਕ ਗੰਢ੍ਹ ਖੋਲ੍ਹਦਾ ਤਾਂ ਅੱਗੇ ਦੂਜੀ ਆ ਜਾਂਦੀਜੋਸ਼ ਵਿਚ ਆ ਕੇ ਅਣਖੀ ਨਿੱਕੀਆਂ ਕਹਾਣੀਆਂ ਲਿਖਣ ਲੱਗ ਪਿਆਉਸ ਦੀ ਚਰਚਾ ਹੋਣ ਲੱਗੀਉਸਨੇ ਪੰਜਾਬੀ ਕਹਾਣੀ ਵਿਚ ਇਕ ਨਵਾਂ ਟਰੈਂਡ ਸ਼ੁਰੂ ਕਰ ਦਿੱਤਾਬੱਸ ਵਿਚ ਬੈਠੋਲੁਧਿਆਣੇ ਤੋਂ ਥਰੀਕੇ ਜਾਂ ਦਾਖੇ-ਮੁੱਲਾਂਪੁਰ ਤੋਂ ਚੌਂਕੀਮਾਨਕਹਾਣੀ ਪੜ੍ਹਨੀ ਸ਼ੁਰੂ ਕਰੋ, ਅੱਗਲੇ ਅੱਡੇ ਤੱਕ ਕਹਾਣੀ ਖ਼ਤਮਫਿਰ ਅਣਖੀ ਦੇ ਨਾਵਲ ਪਰਤਾਪੀਨੇ ਉਸਨੂੰ ਹੋਰ ਪ੍ਰਸਿੱਧ ਕਰ ਦਿੱਤਾਪਰਤਾਪੀਉੱਤੇ ਫਿਲਮ ਵੀ ਬਣੀਅਣਖੀ ਫਿਲਮ ਦੇਖ ਕੇ ਖਿਝਿਆ ਬੜਾ, ਮੈਂ ਫਿਲਮ ਦੀ ਪ੍ਰਸੰਸਾ ਕੀਤੀ ਤਾਂ ਬੋਲਿਆ, “ਹਾਂ, ਸਾਲ਼ਿਆਂ ਨੇ ਪਾਣੀ ਪਾ ਤਾਸਤਿਆਨਾਸ ਮਾਰ ਤਾ ਪਰਤਾਪੀ ਦਾਲੇਕਿਨ ਅਣਖੀ ਲਿਖ ਲਿਖ ਧੂੜਾਂ ਪੱਟਣ ਲੱਗ ਪਿਆ

-----

ਪਾਠਕ ਉਸ ਦੀ ਨਵੀਂ ਰਚਨਾ ਉਡੀਕਦੇਕੁਝ ਸਾਲ ਬਾਅਦ ਪੰਜਾਬੀ ਕਹਾਣੀ ਨੂੰ ਉਸਨੇ ਇਕ ਹੋਰ ਦੇਣ ਦਿੱਤੀਤ੍ਰੈਮਾਸਿਕ ਸਾਹਿਤਕ ਮੈਗਜ਼ੀਨ ਕਹਾਣੀ ਪੰਜਾਬਕੱਢ ਕੇਕਹਾਣੀ ਪੰਜਾਬਦਿਨਾਂ ਵਿਚ ਪੈਰ ਲਾ ਗਿਆਪਰ ਇਹਦੇ ਰੁਝੇਵੇਂ ਨਾਲ ਅਣਖੀ ਦੇ ਲਿਖਣ ਤੇ ਅਸਰ ਪੈ ਗਿਆਉਸਨੂੰ ਖ਼ੁਸ਼ੀ ਸੀ ਕਿ ਚੱਲ ਬਥੇਰਾ ਲਿਖ ਲਿਆ ਹੈਸੁਰਖੀਆਂ ਵਿਚ ਹੀ ਰਹਿਣਾ ਹੈਹੁਣ ਉਹੀ ਗੱਲ ਕਹਾਣੀ ਪੰਜਾਬਰਾਹੀਂ ਬਣੀ ਜਾ ਰਹੀ ਹੈਜਿਨ੍ਹਾਂ ਚਿਰ ਕੋਈ ਕਹਾਣੀਕਾਰ ਕਹਾਣੀ ਪੰਜਾਬਵਿਚ ਨਾ ਛਪਦਾ ਤਾਂ ਉਸਨੂੰ ਸਥਾਪਿਤ ਕਹਾਣੀਕਾਰ ਨਹੀਂ ਸੀ ਮੰਨਿਆ ਜਾਂਦਾਅਣਖੀ ਨੇ ਲੱਭ ਲੱਭ ਨਵੇਂ ਤੇ ਅਣਗੌਲੇ ਕਹਾਣੀਕਾਰ ਛਾਪੇ, ਜੋ ਇਕੋ ਹੀ ਕਹਾਣੀ ਨਾਲ ਚਰਚਾ ਫੜ ਜਾਂਦੇਅਣਖੀ ਨੇ ਜਿਥੇ ਮਨਮੋਹਨ ਬਾਵਾ, ਪ੍ਰਗਟ ਸਿੱਧੂ ਵਰਗੇ ਬਜ਼ੁਰਗ ਕਹਾਣੀਕਾਰਾਂ ਨੂੰ ਚਰਚਿਤ ਕਰਵਾਇਆ, ਉਥੇ ਮੇਰੇ, ਜਤਿੰਦਰ ਹੰਸ ਅਤੇ ਜਸਵੀਰ ਰਾਣੇ ਵਰਗੇ 23-24 ਸਾਲਾਂ ਦੇ ਨੌਜਵਾਨ ਕਹਾਣੀਕਾਰਾਂ ਦੇ ਘਰੀਂ ਜਾ ਕਹਾਣੀਆਂ ਲਿਖਵਾਈਆਂ ਤੇ ਕਿਹਾ ਆਉ ਦੱਸੀਏ ਪੰਜਾਬੀ ਕਹਾਣੀ ਕਿਥੇ ਖੜ੍ਹੀ ਹੈਮੈਥੋਂ ਧੱਕੇ ਨਾਲ ਕਹਾਣੀ ਉਦੋਂ ਲਿਖਵਾਈ ਜਦੋਂ ਮੇਰੀ ਮਾਨਸਿਕਤਾ ਖੰਡਿਤ ਸੀਅਣਖੀ ਮੇਰੇ ਨਾਲ ਫੋਨ ਤੇ ਲੜਿਆ, “ਤੇਰੀ ਕਹਾਣੀ ਕਦੇ ਕਹਾਣੀ ਪੰਜਾਬ ਨੂੰ ਕਿਉਂ ਨਹੀਂ ਆਈ?”

ਅਣਖੀ ਜੀ, ਮੈਂ ਥੋੜ੍ਹਾ ਜਿਹਾ ਗਰਮ ਲਿਖਦਾਂਮੇਰੀ ਕਹਾਣੀ ਐਡੇ ਵੱਡੇ ਮੈਗਜ਼ੀਨ ਵਿਚ ਕਿਵੇਂ ਛਪ ਸਕਦੀ ਹੈ?”

ਸਿਰਜਣਾ, ਅਕਸ, ਕਥਾ ਸਾਗਰ ਤੇ ਜੱਗਬਾਣੀ ਵਿਚ ਕਿਵੇਂ ਛਪਦੀਆਂ? ਤੂੰ ਅੱਜ ਹੀ ਨਵੀਂ ਕਹਾਣੀ ਲਿਖ? ਸੈਕਸ ਦੇ ਵਰਣਨ ਦੀ ਤੈਨੂੰ ਖੁੱਲ੍ਹ ਹੈਪਰ ਰੱਖੀ ਸਹਿੰਦੀ ਸਹਿੰਦੀ ਜਿਹੀ ਪਤੰਦਰਾਲਾਇਬਰੇਰੀਆਂ ਤੇ ਯੂਨੀਵਰਿਸਟੀਆਂ ਨੂੰ ਆਪਣਾ ਪਰਚਾ ਜਾਂਦੈਸਾਲ ਵਿਚ ਇਕ ਵਾਰੀ ਮਨਮੋਹਨ ਬਾਵੇ ਤੇ ਵੀਨਾ ਵਰਮਾ ਨੂੰ ਛਾਪਦਾਂਤੀਜਾ ਨਾਮ ਤੇਰਾ ਹੋਊਤੇਰੀ ਕਹਾਣੀ ਕਲਾ ਦਾ ਮੈਂ ਲੋਹਾ ਮਨਵਾ ਦਿਉਂਤੈਨੂੰ ਖੜ੍ਹਾ ਕਰਨੈ ਆਪਾਂ

-----

ਅਣਖੀ ਦੀ ਹੱਲਾਸ਼ੇਰੀ ਵਿਚ ਆ ਕੇ ਮੈਂ ਉਸੇ ਰਾਤ ਕਹਾਣੀ ਲਿਖੀਕਹਾਣੀ ਪੰਜਾਬ ਵਿਚ ਜਦੋਂ ਛਪੀ ਤਾਂ ਮੈਨੂੰ 52 ਚਿੱਠੀਆਂ ਆਈਆਂਵੱਡੇ ਵੱਡੇ ਕਹਾਣੀਕਾਰਾਂ, ਡਾਕਟਰਾਂ ਆਲੋਚਕਾਂ ਦੀਆਂ ਤੇ ਪਾਠਕਾਂ ਦੀਆਂਯੂਨੀਵਰਸਿਟੀ ਕਾਲਜਾਂ ਦੇ ਮੁੰਡੇ ਕੁੜੀਆਂ ਦੀਆਂਨਾਭੇ ਜੇਲ੍ਹ ਦੇ ਕ਼ੈਦੀਆਂ ਦੀਆਂਇਕ ਕੁੜੀ ਨੇ ਤਾਂ ਵੇਗ ਵਿਚ ਆ ਕੇ ਮੇਰੀ ਕਹਾਣੀ ਨਾਲੋਂ ਵੀ ਲੁੱਚੀ ਪਿਆਰ ਭਰੀ 18 ਸਫਿਆਂ ਦੀ ਮੈਨੂੰ ਚਿੱਠੀ ਲਿਖੀਮੇਰੀ ਕਹਾਣੀ ਵਿਚਲੀਆਂ ਉਹ ਗੱਲਾਂ ਉਭਾਰੀਆਂ ਜੋ ਖ਼ੁਦ ਮੈਨੂੰ ਵੀ ਨਹੀਂ ਸੀ ਪਤਾ ਤੇ ਨਾ ਹੀ ਕੋਈ ਮਾਈ ਦਾ ਲਾਲ ਆਲੋਚਕ ਉਹ ਨੁਕਤੇ ਫੜ ਸਕਦਾ ਹੈਮੈਂ ਹੈਰਾਨ ਰਹਿ ਗਿਆ

-----

ਸਾਡੇ ਨਵੇਂ ਪੋਚ ਦੇ ਨੌਜਵਾਨ ਕਹਾਣੀਕਾਰਾਂ ਵਿਚੋਂ ਜਦੋਂ ਜਸਵੀਰ ਰਾਣੇ ਦੀ ਕਹਾਣੀ ਛਪੀ ਤਾਂ ਕਈ ਵੱਡੇ ਵੱਡੇ ਮਹਾਂਰਥੀ ਮੂਧੇ ਮੂੰਹ ਡਿੱਗ ਪਏਜਸਵੀਰ ਦੀ ਕਹਾਣੀ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕਹਾਣੀ ਲਿਖਣੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਦੇ ਬਰਾਬਰ ਦੀ ਕਹਾਣੀ ਲਿਖਣਾ ਕਿਸੇ ਦੇ ਵੱਸ ਦਾ ਰੋਗ ਨਹੀਂਕਈ ਕਹਾਣੀਕਾਰਾਂ ਮਖੌਲ ਵਿਚ ਅਣਖੀ ਨੂੰ ਇਹ ਵੀ ਕਹਿ ਜਾਂਦੇ, “ਅਣਖੀ ਤੈਨੂੰ ਹਟਾਉਣਾ ਪੈਣੈਨਵੇਂ ਨਵੇਂ ਤੀਰ ਛੱਡੀ ਜਾਨੈਪਾੜਨੈ ਸਾਨੂੰ

-----

ਕੁਝ ਵਰ੍ਹੇ ਬੀਤਣ ਬਾਅਦ ਅਣਖੀ ਦੇ ਦਿਮਾਗ਼ ਵਿਚ ਆਇਆ ਕਿ ਯਾਰ ਲੋਕਾਂ ਦੀ ਚਰਚਾ ਕਰਵਾਈ ਜਾਂਦੇ ਹਾਂਹੁਣ ਤਾਂ ਸਮਾਂ ਬਹੁਤ ਹੋ ਗਿਆਕੋਠੇ ਖੜਕ ਸਿੰਘਵਾਲਾ ਨਸ਼ਾ ਜਿਹਾ ਲਹਿੰਦਾ ਜਾਂਦੈਕੁਝ ਨਵਾਂ ਕਰੀਏਪਰ ਹੋਵੇ ਕੋਠੇ ਖੜਕ ਸਿੰਘਵਾਲੀ ਗੱਲਹੁਣ ਤਾਂ ਆਪਣਾ ਕਰਾਂਤੀ ਪਾਲ ਵੀ ਸਥਾਪਿਤ ਹੋ ਗਿਆ ਹੈਕਹਾਣੀ ਪੰਜਾਬਦਾ ਪਲੇਟ ਫਾਰਮ ਵੀ ਹੈ ਤੇ ਪੰਜ ਸੱਤ ਚੋਟੀ ਦੇ ਆਲੋਚਕ ਵੀ ਗੋਡੇ ਫੜਦੇ ਨੇਅਣਖੀ ਨੇ ਕੋਠੇ ਖੜਕ ਸਿੰਘਨੂੰ ਮੌਡਰਨ ਟਰੀਟਮੈਂਟ ਦੇ ਕੇ ਦੁਬਾਰਾ ਲਿਖ ਦਿੱਤਾ ਤੇ ਇੰਝ ਨਵਾਂ ਨਾਵਲ ਪਾਠਕਾਂ ਦੇ ਹੱਥ ਵਿਚ ਸੀਇਕ ਵਾਰ ਮੈਂ ਇੰਟਰਵਿਊ ਕਰਦਿਆਂ ਪੁੱਛ ਬੈਠਾ, “ਅਣਖੀ ਸਾਹਿਬ ਇਹ ਕੋਠੇ ਖੜਕ ਸਿੰਘਨੂੰ ਨਵੇਂ ਲਿਫਾਫੇ ਵਿਚ ਪਾਉਣ ਦੀ ਕੀ ਲੋੜ ਪੈ ਗਈ ਸੀ?”

ਅਣਖੀ ਨੇ ਜੁਆਬ ਦਿੱਤਾ, “ਯਾਰ ਉਦੋਂ ਦੋ ਕੁ ਗੱਲਾਂ ਰਹਿਗੀਆਂ ਸੀ ਲਿਖਣ ਵਾਲੀਆਂਨਾਲੇ ਪਾਠਕਾਂ ਨੂੰ ਨਵਾਂ ਨਾਵਲ ਵੀ ਤਾਂ ਦੇਣਾ ਸੀਨਿੱਤ ਨਵਾਂ ਸੌਦਾ ਕਿਥੋਂ ਕੱਢੀ ਜਾਈਏ? ਪਰ ਤੂੰ ਇਹ ਇੰਟਰਵਿਊ ਵਿਚ ਲਿਖਣਾ ਨ੍ਹੀਂ

-----

ਅਣਖੀ ਦੇ ਪਾਤਰ ਗੇਲੋ, ਗਿੰਦਰ, ਦੁੱਲਾ, ਹਰਨਾਮੀ, ਅਰਜਨ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ, ਸਰਦਾਰੋ, ਸੱਜਣ, ਪੁਸ਼ਪਿੰਦਰ, ਮੁਕੰਦ, ਮੈਂਗਲ, ਜਲ ਕੁਰ, ਗ੍ਹੀਰਾ, ਚੰਦ ਲੁੱਧੜ ਆਦਿ ਤੁਹਾਨੂੰ ਆਮ ਜਨ-ਜੀਵਨ ਵਿਚ ਤੁਰੇ ਫਿਰਦੇ ਰੋਜ਼ ਲੱਭਦੇ ਹਨ, ਪਰ ਕੋਠੇ ਖੜਕ ਸਿੰਘ, ਪਰਤਾਪੀ, ਹਮੀਰਗੜ੍ਹ ਅਤੇ ਦੁੱਲੇ ਦੀ ਢਾਬ ਪੜ੍ਹਦਿਆਂ ਰਚਨਾਵਾਂ ਦਾ ਨਿਖੇੜਾ ਕਰਨ ਲਈ ਪਾਠਕ ਨੂੰ ਦਿਮਾਗ਼ ਦੀਆਂ ਨਸ਼ਾਂ ਉੱਤੇ ਜ਼ੋਰ ਪਾਉਣਾ ਪੈਂਦਾ ਹੈ

-----

ਅਣਖੀ ਦੂਜੀ ਵਾਰ ਇੰਗਲੈਂਡ ਆਇਆ ਤਾਂ ਮੇਰੇ ਘਰੇ ਰਾਤ ਨੂੰ ਬੈਠਿਆਂ ਉਹਨੇ ਆਪਣੇ ਬੈਗ ਵਿਚੋਂ ਆਪਣੇ ਕਹਾਣੀ ਸੰਗ੍ਰਹਿ ਦੀ ਪੰਜ ਸੌ ਤੋਂ ਵੱਧ ਸਫਿਆਂ ਦੀ ਸੈਂਚੀ ਚਿੱਟੀ ਕਬੂਤਰੀਮੈਨੂੰ ਭੇਂਟ ਕਰਦਿਆਂ ਕਿਹਾ, “ਇਹ ਤੈਨੂੰ ਮੇਰੇ ਵੱਲੋਂ ਤੋਹਫ਼ੈਮੇਰੇ ਕੋਲ ਇਕ ਹੀ ਕਾਪੀ ਸੀਇੰਡੀਆ ਤੋਂ ਆਉਣ ਲੱਗਿਆ ਮੈਂ ਇਹ ਸੋਚ ਕੇ ਲਿਆਇਆ ਸੀ ਕਿ ਇਹ ਮੈਂ ਉਹਨੂੰ ਦੇਊਂਗਾ, ਜਿਹੜਾ ਮੈਨੂੰ ਵਧੀਆ ਪਾਠਕ ਲੱਗਿਆ

ਸਵੇਰ ਹੋਈ ਤਾਂ ਮੈਂ ਚਾਹ ਲੈ ਕੇ ਅਣਖੀ ਕੋਲ ਗਿਆ ਤਾਂ ਉਹ ਚਿੱਟੀ ਕਬੂਤਰੀਚੁੱਕੀ ਨਿਹਾਰੀ ਜਾ ਰਿਹਾ ਸੀ

ਇਹ ਮੇਰੀਆਂ ਸਾਰੀਆਂ ਚੋਣਵੀਆਂ ਕਹਾਣੀਆਂ ਦੀ ਕਿਤਾਬ ਹੈਭਾਪਾ ਪ੍ਰੀਤਮ ਸਿੰਘ ਤੇ ਮੈਂ ਇਸ ਤੇ ਬੜੀ ਮਿਹਨਤ ਕੀਤੀ ਹੈਪੜ੍ਹੀਂ ਜ਼ਰੂਰ

ਮੈਂ ਰਾਤ ਹੀ ਪੜ੍ਹ ਲਈ ਸੀ

ਹੈਂਅ!! ਐਡੀ ਛੇਤੀ ਕਿਵੇਂ?”

ਮੇਰੀ ਸਪੀਡ ਬਹੁਤ ਹੈਮੈਂ ਤਿੰਨ ਸੌ ਸਫੇ ਦੀ ਕਿਤਾਬ ਇਕ ਘੰਟੇ ਵਿਚ ਪੜ੍ਹ ਲੈਂਦਾ ਹਾਂ ਤੇ ਫਿਰ ਉਸ ਕਿਤਾਬ ਬਾਰੇ ਮੈਥੋਂ ਜੋ ਮਰਜ਼ੀ ਪੁੱਛ ਲਉ

ਅਣਖੀ ਹੈਰਤਅੰਗੇਜ਼ ਹੋ ਗਿਆ, “ਫੇਰ ਤਾਂ ਤੈਨੂੰ ਗਿਨਿਸ ਬੁੱਕ ਵਿਚ ਨਾਮ ਲਿਖਵਾਉਣਾ ਚਾਹੀਦੈ

ਲਿਖਵਾਵਾਂਗੇਮੌਜੂਦਾ ਰਿਕਾਰਡ 316 ਸਫੇ ਇਕ ਘੰਟਾ 23 ਮਿੰਟ ਵਿਚ ਪੜ੍ਹਨ ਦਾ ਹੈਮੈਂ ਸਟੈਮਨਾ ਬਣਾ ਰਿਹਾ ਹਾਂ ਤੇ ਉਦਣ ਰਿਕਾਰਡ ਬਣਾ ਕੇ ਦਰਜ਼ ਕਰੂੰ, ਜਦੋਂ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਰਿਕਾਰਡ ਮੇਰੇ ਜਿਉਂਦੇ ਜੀਅ ਕਿਸੇ ਤੋਂ ਟੁੱਟੇ ਨਾ

ਪੂਰੇ ਛੇ ਮਹੀਨੇ ਲਾ ਕੇ ਮੈਂ ਖ਼ੁਦ ਇਸਦੇ ਪਰੂਫ ਪੜ੍ਹੇ ਨੇਇਸ ਵਿਚ ਇਕ ਵੀ ਗ਼ਲਤੀ ਨਹੀਂ

ਅਣਖੀ ਜੀ, ਇਹਦੇ ਤਤਕਰਾ ਪੰਨੇ ਤੇ ਇਕ ਕਹਾਣੀ ਦਾ ਨਾਮ ਜੋ ਲਿਖਿਆ ਹੈਅੰਦਰ ਅਸਲ ਪੰਨੇ ਉਤੇ ਸਿਰਲੇਖ ਕੁਝ ਹੋਰ ਹੈ ਤੇ ਕਹਾਣੀ ਕੋਈ ਹੋਰ ਹੈਬਾਕੀ ਗ਼ਲਤੀਆਂ ਵੀ ਮੈਂ ਅੰਡਰਲਾਈਨ ਕਰ ਦਿੱਤੀਆਂ ਦੇਖ ਲਉ

ਅੱਛਾ? ਇਹ ਕਿਵੇਂ ਹੋ ਗਿਆਅਣਖੀ ਦੇ ਮੂੰਹ ਵਿਚੋਂ ਚਾਹ ਦੀ ਘੁੱਟ ਬਾਹਰ ਆਉਂਦੀ ਆਉਂਦੀ ਮਸਾਂ ਬਚੀਅਣਖੀ ਚਿੱਟੀ ਕਬੂਤਰੀਚੁੱਕੀ ਕਿੰਨਾ ਚਿਰ ਗ਼ਲਤੀਆਂ ਦਾ ਮਾਤਮ ਮਨਾਉਂਦਾ ਰਿਹਾ

-----

ਮੈਂ ਬਰਨਾਲੇ ਗਿਆ ਤੇ ਸੋਚਿਆ ਕਿਉਂ ਨਾ ਅਣਖੀ ਨੂੰ ਮਿਲ ਚੱਲੀਏ? ਕੱਚਾ ਕਾਲਜ ਰੋਡ ਤੇ ਮੈਂ ਅਣਖੀ ਦੇ ਘਰ ਗਿਆਅਣਖੀ ਕੁਰਸੀ ਤੇ ਬੈਠਾ ਚਾਰ ਪੰਜ ਸਫਿਆਂ ਦਾ ਲੇਖ ਪੜ੍ਹੀ ਜਾਵੇ ਜੋ ਉਸ ਨੂੰ ਮੇਰੇ ਤੋਂ ਪਹਿਲਾਂ ਸਾਡੇ ਇੰਗਲੈਂਡ ਦਾ ਹੀ ਇਕ ਪ੍ਰਸਿਧ ਲੇਖਕ ਕਹਾਣੀ ਪੰਜਾਬਵਿਚ ਛਪਣ ਲਈ ਦੇ ਕੇ ਗਿਆ ਸੀਮੈਂ ਪੁੱਛ ਲਿਆ, “ਕੀ ਪੜ੍ਹਦੇ ਸੀ?” ਅਣਖੀ ਨੇ ਮੈਨੂੰ ਉਸ ਲੇਖਕ ਦਾ ਨਾਮ ਦੱਸ ਕੇ ਕਿਹਾ ਕਿ ਉਹਦਾ ਲੇਖ ਹੈ ਸ਼ੈਕਸਪੀਅਰ ਉੱਤੇ ਲਿਖਿਆ ਹੋਇਆ ਹੈਬੜਾ ਵਧੀਆਅਗਲੇ ਅੰਕ ਵਿਚ ਲਾਵਾਂਗੇ

-----

ਮੈਂ ਸੋਚਿਆ ਜਿਹੜਾ ਬੰਦਾ ਪੰਜਾਬੀ ਦੇ ਲੇਖਕਾਂ ਨੂੰ ਨਹੀਂ ਪੜ੍ਹਦਾਆਖਦਾ ਹੈ ਦੂਜਿਆਂ ਨੂੰ ਪੜ੍ਹਣ ਨਾਲ਼ ਮੌਲਿਕਤਾ ਨਹੀਂ ਰਹਿੰਦੀਕੱਸੀ ਨਾ ਟੱਪਣ ਵਾਲੇ ਨੇ ਐਡੀ ਵੱਡੀ ਛਾਲ ਮਾਰੀ ਕਿ ਨਹਿਰਾਂ ਟੱਪਣ ਲੱਗ ਪਿਆ?

ਮੈਂ ਅਣਖੀ ਨੂੰ ਉਂਗਲ਼ ਲਾਈ ਕਿ ਇਹਨੇ ਜ਼ਰੂਰ ਕਿਸੇ ਤੋਂ ਗੱਲਾਂ ਸੁਣ ਸੁਣਾ ਕੇ ਲੇਖ ਲਿਖਿਆ ਹੋਣਾ ਹੈਇਹਨੇ ਸ਼ੈਕਸਪੀਅਰ ਕਿਥੋਂ ਪੜ੍ਹ ਲਿਆ? ਇਹ ਤਾਂ ਨਵੀਂ ਅੰਗਰੇਜ਼ੀ ਤੋਂ ਵੀ ਪੈਦਲ ਹੈ ਤੇ ਸ਼ੈਕਸਪੀਅਰ ਪੁਰਾਣੀ ਅੰਗਰੇਜ਼ੀ ਵਿਚ ਲਿਖਦਾ ਸੀ, ਜਿਸ ਵਿਚ ਲਾਤੀਨੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਸੀ

-----

ਅਣਖੀ ਦੇ ਇਹ ਗੱਲ ਖਾਨੇ ਵੜ ਗਈਉਹਨੇ ਮੈਨੂੰ ਲੇਖ ਪੜ੍ਹਾਇਆਮੈਂ ਤਿੰਨ ਚਾਰ ਗੱਲਾਂ ਵਿਚੋਂ ਫੜ ਲਈਆਂਇਕ ਤਾਂ ਉਹ ਲੇਖਕ ਸ਼ੈਕਸਪੀਅਰ ਨੂੰ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਪੁੱਤ ਦੱਸੀ ਜਾਂਦਾ ਸੀਦੂਜਾ ਉਹਨੇ ਸੰਨਜ਼ ਐਂਡ ਲਵਰਨਾਵਲ ਤੇ ਚਾਰਲਸ ਡਿਕਨਜ਼ ਦਾ ਨਾਵਲ ਓਲੀਵਰ ਟਵਿਸਟਸ਼ੈਕਸਪੀਅਰ ਦੇ ਖਾਤੇ ਵਿਚ ਪਾਇਆ ਪਿਆ ਸੀਮੈਂ ਅਣਖੀ ਨੂੰ ਦੱਸ ਦਿੱਤਾ ਕਿ ਸ਼ੈਕਸਪੀਅਰ ਆਜੜੀ ਦਾ ਪੁੱਤ ਸੀ ਤੇ ਨਾਟਕਕਾਰ ਸੀਸੰਨਜ਼ ਐਂਡ ਲਵਰਜ਼ਡੀ. ਐਚ. ਲੌਰੰਸ ਦਾ ਨਾਵਲ ਉਸਦੀ ਆਪਣੀ ਜ਼ਿੰਦਗੀ ਉੱਤੇ ਅਧਾਰਿਤ ਸੀ ਤੇ ਉਹ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਮੁੰਡਾ ਸੀ, ਜੋ ਨੌਟਿੰਘਮ ਵਿਖੇ ਰਹਿੰਦਾ ਸੀ

-----

ਅਣਖੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ੈਕਸਪੀਅਰ ਨੂੰ ਪੜ੍ਹਿਆ ਹੈ ਤਾਂ ਮੈਂ ਕਿਹਾ, “ਹਾਂ ਜੀ, ਘੋਲ਼ ਕੇ ਪੀਤਾ ਹੋਇਆ ਹੈਕਿਉਂਕਿ ਸ਼ੈਕਸਪੀਅਰ ਮੇਰੇ ਇੰਗਲੀਸ਼ ਲਿਟਰੇਚਰ ਦੇ ਏ ਲੈਵਲ ਦੇ ਸਿਲੇਬਸ ਵਿਚ ਲੱਗਿਆ ਹੋਇਆ ਸੀਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਰੂਪਾਂਤਰਣ ਕਰਕੇ ਅਸੀਂ ਡਰਾਮੇ ਖੇਡਦੇ ਹੁੰਦੇ ਸੀ

ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੀਆਂ ਰਚਨਾਵਾਂ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ, ਤੁਸੀਂ ਉਸ ਬਾਰੇ ਉਸਨੂੰ ਪੁੱਛਿਉਮੈਂ ਅਣਖੀ ਨੂੰ ਨੁਕਸ ਦੱਸ ਦਿੱਤਾ ਤਾਂ ਅਣਖੀ ਨੂੰ ਚਾਅ ਚੜ੍ਹ ਗਿਆ, ਹੁਣ ਆਪਾਂ ਇਹਨਾਂ ਡਾਕਟਰਾਂ ਜਿਹਾ ਨੂੰ ਕਹਿ ਸਕਦੇ ਹਾਂ ਬਈ ਐਡੇ ਵੱਡੇ ਲਿਖਾਰੀ ਵੀ ਗ਼ਲਤੀਆਂ ਕਰਦੇ ਹੁੰਦੇ ਸੀਇਹ ਲੇਖ ਛਪਵਾ ਕੇ ਤਾਂ ਸਾਲੇ ਨੇ ਮਰਵਾ ਦੇਣਾ ਸੀਲਿਆ ਉਹਨੂੰ ਫੋਨ ਕਰੀਏ

-----

ਫੇਰ ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੇ ਰੋਮੀਓ ਜੂਲੀਅਟ ਅਤੇ ਹੀਰ ਵਾਰਿਸ ਸ਼ਾਹ ਵਿਚ 35 ਸਮਾਨਤਾਵਾਂ ਹਨ, ਤੁਸੀਂ ਉਹਨਾਂ ਬਾਰੇ ਉਸਨੂੰ ਪੁੱਛਿਉ? ਅਣਖੀ ਦੇ ਪੁੱਛੇ ਉੱਤੇ ਮੈਂ ਉਹ ਸਮਾਨਤਾਵਾਂ ਗਿਣਾ ਦਿੱਤੀਆਂਜਿਨ੍ਹਾਂ ਵਿਚੋਂ ਪਾਠਕਾਂ ਦੀ ਦਿਲਚਸਪੀ ਲਈ ਇਕ ਦੱਸ ਰਿਹਾ ਹਾਂ ਕਿਉਂਕਿ ਸਾਰੀਆਂ ਵੱਖਰੇ ਲੇਖ ਦੀ ਮੰਗ ਕਰਦੀਆਂ ਹਨ

-----

ਹੀਰ ਦੇ ਪੇਕੇ ਸਿਆਲਾਂ ਅਤੇ ਰਾਝੇ ਦੇ ਪਰਿਵਾਰ ਤਖ਼ਤ ਹਜ਼ਾਰੇ ਵਾਲਿਆਂ ਵਿਚ ਆਪੋ ਆਪਣੇ ਦਰਜ਼ੇ ਨੂੰ ਲੈ ਕੇ ਹਾਉਮੈ ਸੀਹੀਰ ਦੀ ਪਹਿਲੀ ਮੁਲਾਕਾਤ ਰਾਂਝੇ ਨਾਲ ਬੇੜੀ ਤੇ ਫਿਰ ਬਾਰਾਂਦਰੀ ਵਿਚ ਹੁੰਦੀ ਹੈ ਜੋ ਉਸਦੀ ਵਿਹਲਾ ਸਮਾਂ ਬਤੀਤ ਕਰਨ ਦੀ ਜਗ੍ਹਾ ਸੀਪਹਿਲੀ ਮਿਲਣੀ ਵਿਚ ਹੀਰ ਰਾਂਝੇ ਦੇ ਛਮਕਾਂ ਮਾਰਦੀ ਹੈਝਗੜੇ ਉਪਰੰਤ ਉਹਨਾਂ ਵਿਚ ਪਿਆਰ ਉਤਪੰਨ ਹੁੰਦਾ ਹੈਇਵੇਂ ਹੀ ਜੂਲੀਅਟ ਅਤੇ ਰੋਮੀਓ ਦੋ ਮੌਨਟੀਗੀਉ ਅਤੇ ਕੈਪਲਟ ਘਰਾਣਿਆਂ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਵਿਚ ਵੀ ਉਹੀ ਖਾਨਾਜੰਗੀ ਸੀਜੂਲੀਅਟ ਦੇ ਵਿਹਲਾ ਵਕ਼ਤ ਗੁਜ਼ਾਰਨ ਦਾ ਸਥਾਨ ਬਾਲਕੋਨੀ ਹੁੰਦਾ ਹੈ ਜਿਥੇ ਉਸਦੀ ਰੋਮੀਓ ਨਾਲ ਪ੍ਰਥਮ ਮਿਲਣੀ ਹੁੰਦੀ ਹੈਦੋਨਾਂ ਦਾ ਤਕਰਾਰ ਹੁੰਦਾ ਹੈ ਜੋ ਬਾਅਦ ਵਿਚ ਮੁਹੱਬਤ ਵਿਚ ਤਬਦੀਲ ਹੋ ਜਾਂਦਾ ਹੈਬਾਲਕੋਨੀ ਵਾਲੇ ਸੀਨ ਵਿਚਲਾ ਇਕ ਜੂਲੀਅਟ ਦਾ ਡਾਇਲੌਗ ਬਹੁਤ ਮਸ਼ਹੂਰ ਹੋਇਆ ਸੀ, ਜੋ ਐਕਟ ਦੋ ਦੇ ਸੀਨ ਦੋ ਵਿਚ ਆਉਂਦਾ ਹੈ, “O Romeo, Romeo! Wherefore art thou Romeo?ਭਾਵ ਰੋਮੀਓ ਤੂੰ ਕਿੱਥੇ ਹੈਂ?

ਅਣਖੀ ਨੇ ਉਸ ਲੇਖਕ ਨੂੰ ਫੋਨ ਲਾ ਕੇ ਸਵਾਲ ਕੀਤੇਉਸਨੂੰ ਇਕ ਦਾ ਵੀ ਜੁਆਬ ਨਾ ਆਇਆਪਹਿਲਾਂ ਕਹੇ ਮੈਂ ਅੰਗਰੇਜ਼ੀ ਵਿਚ ਪੜ੍ਹਿਆ ਹੈਫਿਰ ਮੁੱਕਰ ਗਿਆ ਕਿ ਮੈਂ ਅਨੁਵਾਦ ਪੜ੍ਹਿਆ ਹੈਉਸ ਨੂੰ ਸ਼ੈਕਸਪੀਅਰ ਦੀ ਰਚਨਾ ਦਾ ਤਾਂ ਯਾਦ ਸੀ, ਪਰ ਅਨੁਵਾਦਕ ਦਾ ਨਾਮ ਭੁੱਲ ਚੁੱਕਾ ਸੀ!

-----

ਮੈਂ ਗੱਲਾਂ-ਬਾਤਾਂ ਕਰਕੇ ਅਣਖੀ ਕੋਲੋਂ ਆ ਗਿਆਹਫ਼ਤੇ ਬਾਅਦ ਅਣਖੀ ਦਾ ਫੋਨ ਆਇਆ, “ਉਹ ਬਈ ਉਹਦੀ ਥੋਡੇ ਇੰਗਲੈਂਡੀਏ ਦੀ ਚੋਰੀ ਫੜ੍ਹ ਲੀ ਆਪਾਂਹਿੰਦੀ ਦੇ ਰਸਾਲੇ ਚੋਂ ਚੋਰੀ ਕਰਕੇ ਲਿਖ ਲਿਆਇਆ ਸੀਕਲਕੱਤੇ ਦੇ ਲੇਖਕ ਨੇ ਚਾਰ ਅੰਗਰੇਜ਼ੀ ਦੇ ਲੇਖਕਾਂ ਬਾਰੇ ਲਿਖਿਆ ਸੀਇਹ ਉਹਦੇ ਚੋਂ ਸ਼ੈਕਸਪੀਅਰ ਨੂੰ ਬਾਹੋਂ ਫੜ ਕੇ ਖਿੱਚ ਲਿਆਇਆ ਸੀਲੀਰਾਂ ਕੱਠੀਆਂ ਕਰਕੇ ਲੇਖ ਬਣਾਇਆਤੋਪੇ ਟੰਕੇ ਵੀ ਨ੍ਹੀਂ ਚੱਜ ਨਾਲ ਲਾ ਹੋਏ ਲੇਖ ਨਾ ਛਪ ਸਕਿਆ ਤੇ ਉਹ ਮਹਾਨ ਲੇਖਕ ਜਦੋਂ ਕਦੇ ਮੌਕਾ ਮਿਲਦਾ ਹੈ ਮੇਰੇ ਬਾਰੇ ਰੱਜ ਕੇ ਭੜਾਸ ਕੱਢਦਾ ਹੈਮੇਰਾ ਜ਼ਿਕਰ ਕਰਨ ਤੇ ਇੰਗਲੈਂਡ ਦਾ ਜਿਹੜਾ ਲੇਖਕ ਜ਼ਿਆਦਾ ਲੋਹਾ ਲਾਖਾ ਹੋਵੇ ਸਮਝ ਲੈਣਾ ਇਹ ਉਹੀ ਲੇਖਕ ਹੈ