ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।
Showing posts with label ਲੇਖ - ਭਾਗ - 6. Show all posts
Showing posts with label ਲੇਖ - ਭਾਗ - 6. Show all posts

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 6

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 6

ਸਾਡਾ ਇਕ ਕਵੀ ਕਈ ਸਾਲਾਂ ਤੋਂ ਲਗਾਤਾਰ ਇੰਗਲੈਂਡ ਦੇ ਅਖ਼ਬਾਰਾਂ ਦੇ ਸਪੈਸ਼ਲ ਅੰਕਾਂ ਵਿਚ ਛਪਦਾ ਸੀ। ਇਕ ਵਾਰ ਉਹਦੀ ਕਵਿਤਾ ਕਿਸੇ ਕਾਰਨ ਛਪਣ ਤੋਂ ਰਹਿ ਗਈ।ਉਸ ਅੰਕ ਵਿਚ ਮੇਰੀ ਛੇ ਸਫਿਆਂ ਦੀ ਕਹਾਣੀ ਲੱਗੀ ਸੀ। ਕਵੀ ਨੇ ਦੂਜੇ ਲੇਖਕਾਂ ਨੂੰ ਫ਼ੋਨ ਕਰਕੇ ਆਪਣੀ ਭੜਾਸ ਮੇਰੇ ’ਤੇ ਕੱਢੀ, “ਪੇਪਰ ਚੁੱਕ ਕੇ ਦੇਖੋ ਛੇ ਸਫੇ ਖ਼ਰਾਬ ਕਰ’ਤੇ।ਬੇੜਾ ਈ ਗਰਕ ਹੋਇਆ ਪਿਐ। ਨਿਕੰਮਿਆਂ ਨੂੰ ਕੁਸ਼ ਆਉਂਦਾ ਈ ਨ੍ਹੀਂ। ਮੇਰੀ ਐਡੀ ਵਧੀਆ ਛੋਟੀ ਜਿਹੀ ਕਵਿਤਾ ਨਹੀਂ ਲਾਈ।” ਜਦੋਂ ਉਹਦੀ ਕਵਿਤਾ ਛਪਦੀ ਸੀ ਉਦੋਂ ਉਹੀ ਅਖ਼ਬਾਰ ਵਾਲੇ ਉਹਦੇ ਕਹਿਣ ਮੁਤਾਬਿਕ ‘ਬੜੇ ਪਾਰਖੂ’ ਸਨ।ਪੰਜਾਬੀ ਲੇਖਕਾਂ ਦੇ ਸਬਰ ਦੀ ਹੱਦ ਦੇਖੋ।

-----

ਪੂਰੇ ਇੰਗਲੈਂਡ ਵਿਚ ਪੰਜਾਬੀ ਦਾ ਜੇ ਕੋਈ ਫੁੱਲਟਾਈਮ, ਪ੍ਰੋਫੈਸ਼ਨਲ ਅਤੇ ਪੇਡ ਲੇਖਕ ਹੋਇਆ ਹੈ ਤਾਂ ਉਹ ਸੀ ਸਤਨਾਮ ਸਿੰਘ ਮੈਹਨੇਵਾਲਾ।ਮੁਲਾਕਾਤ ਦੀ ਵਿਧਾ ਨੂੰ ਜੇ ਕਿਸੇ ਨੇ ਸੰਜੀਦਗੀ ਨਾਲ ਲਿਆ ਸੀ ਤਾਂ ਉਸਨੇ ਲਿਆ ਸੀ। ਕੋਈ ਮੰਨੇ ਜਾ ਨਾ ਮੰਨੇ ਪਰ ਮੈਂ ਉਸਨੂੰ ਮੁਲਾਕਾਤਾਂ ਦਾ ਬਾਦਸ਼ਾਹ ਮੰਨਦਾ ਹਾਂ।ਜਦੋਂ ਵੀ ਕਿਸੇ ਹਸਤੀ ਬਾਰੇ ਪਤਾ ਲੱਗਦਾ ਤਾਂ ਉਸਦੀ ਮੁਲਾਕਾਤ ਕਰਨ ਲਈ ਉਹ ਇੰਝ ਪੈਂਦਾ ਸੀ ਜਿਵੇਂ ਡੇਵਿਡ ਬੈਕਮ ਫੁੱਟਬਾਲ ਨੂੰ। ਕਿਸੇ ਹੋਰ ਪੱਤਰਕਾਰ ਦੇ ਇੰਟਰਵਿਉ ਦਾ ਵਿਚਾਰ ਦਿਮਾਗ਼ ਵਿਚ ਆਉਣ ਤੋਂ ਪਹਿਲਾਂ ਹੀ ਉਹ ਇੰਟਰਵਿਉ ਅਖ਼ਬਾਰ ਨੂੰ ਪਹੁੰਚਾ ਚੁੱਕਾ ਹੁੰਦਾ ਸੀ।ਜਣੇ ਖਣੇ ਲਈ ‘ਮਹਾਨ ਸ਼ਖ਼ਸੀਅਤ’ ਸ਼ਬਦ ਵਰਤਣਾ ਉਸਦੀ ਆਦਤ ਜਾਂ ਮਜ਼ਬੂਰੀ ਸੀ, ਰੱਬ ਜਾਣੇ।ਇਕ ਵਾਰ ਮੈਂ ਮੈਹਨੇਵਾਲੇ ਨੂੰ ਕਿਹਾ ਕਿ ਤੁਸੀਂ ਲੋਕਾਂ ਦੀਆਂ ਇੰਟਰਵਿਊਜ਼ ਲੈਂਦੇ ਹੋ ਮੈਂ ਤੁਹਾਡੀ ਮੁਲਾਕਾਤ ਛਾਪਣੀ ਚਾਹੁੰਦਾ ਹਾਂ। ਉਸਦੇ ਚਿਹਰੇ ਉੱਤੇ ਹੁਲਾਸ ਆ ਗਿਆ, “ਬੋਲ ਕਦੋਂ ਮਿਲੀਏ?”

-----

ਮੁਕ਼ੱਰਰ ਦਿਨ ਉੱਤੇ ਆ ਕੇ ਉਸਨੇ ਜੁਆਬ ਦੇ ਦਿੱਤਾ ਕਿਉਂਕਿ ਕਿਸੇ ਨੇ ਉਸ ਦੇ ਕੰਨ ਭਰ ਦਿੱਤੇ ਸਨ ਕਿ ਇੰਟਰਵਿਊ ਕਰਕੇ ਮੈਂ ਉਸਦਾ ਤਵਾ ਲਾਉਣਾ ਚਾਹੁੰਦਾ ਹਾਂ।

ਇਕ ਵਾਰ ਮੈਹਨੇਵਾਲੇ ਨੇ ਮੈਨੂੰ ਆਖਿਆ, “ਲੋਕ ਕਹਿੰਦੇ ਨੇ ਤੇਰੀਆਂ ਰਚਨਾਵਾਂ ਵਿਚ ਸੈਕਸ ਹੁੰਦਾ ਹੈ।”

“ਉਹਨਾਂ ਨੂੰ ਕਹੋ ਉਹ ਜ਼ਿੰਦਗੀ ’ਚੋਂ ਸੈਕਸ ਕੱਢ ਦੇਣ। ਮੈਂ ਆਪਣੀਆਂ ਕਹਾਣੀਆਂ ’ਚੋਂ ਕੱਢ ਦਿਊਂ। ਸਾਹਿਤ ਜ਼ਿੰਦਗੀ ਦਾ ਦਰਪਣ ਹੈ। ਕਲਾ ਨੂੰ ਬਿਹਤਰੀਨ ਬਣਾਉਣ ਲਈ ਜੇ ਸੈਕਸ ਟੱਚ ਦੇ ਦਿੱਤੀ ਜਾਵੇ ਤਾਂ ਇਸ ਵਿਚ ਕੀ ਹਰਜ਼ ਹੈ? ਸੋਭਾ ਸਿੰਘ ਨੇ ਵੀ ਤਾਂ ਸੋਹਣੀ ਦੇ ਪੋਰਟਰੇਟ ਨੂੰ ਦਿੱਤਾ ਹੈ।ਉਹਨੂੰ ਕੋਈ ਕੁਝ ਨਹੀਂ ਕਹਿੰਦਾ।ਉਹ ਤਾਂ ਅੰਨ੍ਹੇ ਨੂੰ ਵੀ ਦਿਸਦੈ। ਮੇਰੀ ਕਹਾਣੀ ਤਾਂ ਕੋਈ ਪੜ੍ਹੂ ਉਹਨੂੰ ਤਾਂ ਪਤਾ ਲੱਗੂ। ਵਾਰਿਸ, ਪੀਲੂ ਹੋਰੀਂ ਕਿਹੜਾ ਘੱਟ ਕਰਦੇ ਰਹੇ ਆ। ਸਭ ਇਸੇ ਰਾਹੋਂ ਲੰਘਦੇ ਨੇ। ਸਾਡੇ ਲੋਕ ਵੀ ਆਪ ਜਿੰਨਾ ਮਰਜ਼ੀ ਗੰਦ ਵੱਢੀ ਜਾਣ। ਮੇਰੇ ਵਰਗਾ ਜਦੋਂ ਦੋ ਅੱਖਰ ਲਿਖ ਦਿੰਦੈ ਤਾਂ ਲੁੱਚਾ-ਲੁੱਚਾ ਕਰਕੇ ਮਗਰ ਪੈ ਜਾਂਦੇ ਆ।” ਮੇਰਾ ਜੁਆਬ ਸੀ।

-----

ਉਹਨਾਂ ਦਿਨਾਂ ਵਿਚ ਮੈਂ ਰਜਨੀਸ਼ ਉਸ਼ੋ ਦੀ ਕਿਤਾਬ ‘ਸੰਭੋਗ ਤੋਂ ਸਮਾਧੀ ਵੱਲ’ ਪੜ੍ਹਦਾ ਸੀ। ਮੈਂ ਉਸ ਵਿਚੋਂ ਕਈ ਦਲੀਲਾਂ ਦੇ ਦਿੱਤੀਆਂ। ਇਹ ਸੁਣਕੇ ਉਹ ਮੁਤਾਸਿਰ ਹੋ ਗਿਆ। ਉਹ ਮੁਬੰਈ ਤੋਂ ਪੰਜਾਬੀ ਫਿਲਮ ਐਕਟਰਸਾਂ ਦੀਆਂ ਮੁਲਾਕਾਤਾਂ ਕਰ ਕੇ ਲਿਆਇਆ ਸੀ। ਘਰੇ ਜਾ ਕੇ ਉਸਨੇ ਇੰਟਰਵਿਊ ਲਿਖੀ। ਮੇਰੇ ਵਿਚਾਰਾਂ ਦੇ ਪ੍ਰਭਾਵ ਅਧੀਨ ਵੇਗ ਵਿਚ ਆਏ ਨੇ ਉਸਨੇ ਇਕ ਪੰਜਾਬੀ ਫਿਲਮ ਐਕਟਰਸ ਦੀ ਮੁਲਾਕਾਤ ਨੂੰ ਥੋੜ੍ਹਾ ਜਿਹਾ ਗਰਮ ਕਰ ਦਿੱਤਾ। ਮੁਲਾਕਾਤ ਯਥਾਰਥ ਅਤੇ ਕਹਾਣੀ ਗਲਪ ਹੁੰਦੀ ਹੈ। ਹੁਣ ਇਹਨਾਂ ਦੋਨਾਂ ਨੂੰ ਕਾਮੁਕ ਛੋਹ ਪ੍ਰਦਾਨ ਕਰਨ ਦੀ ਵਿਧੀ ਵੀ ਵੱਖਰੋ-ਵੱਖਰੀ ਹੈ। ਮੈਹਨੇਵਾਲਾ ਫੈਕਟ ਅਤੇ ਫਿਕਸ਼ਨ ਨੂੰ ਨਾ ਸਮਝ ਸਕਿਆ ਤੇ ਕੁਝ ਜ਼ਿਆਦਾ ਹੀ ਉਲਾਰ ਹੋ ਗਿਆ।ਮੁਲਾਕਾਤ ਛਪ ਗਈ।ਉਸਦੇ ਲੋਕਾਂ ਤੋਂ ਮਿਲੇ ਪ੍ਰਤੀਕ੍ਰਮ ਬਾਅਦ ਉਹ ਲੋਕਾਂ ਤੋਂ ਘੁੰਡ ਕੱਢਦਾ ਫਿਰੇ।

-----

ਅਵਤਾਰ ਸਿੰਘ ਅਰਪਨ ਤੇ ਮੈਹਨੇਵਾਲੇ ਦਾ ਚੋਲੀ ਦਾਮਨ ਦਾ ਸਾਥ ਸੀ। ਜਿਗਰੀ ਯਾਰ। ਅਰਪਨ ਦੀ ਗੱਡੀ ਕਿਸੇ ਨੂੰ ਦਿਸਦੀ ਤਾਂ ਉਸ ਵਿਚ ਯਾਤਰੀ ਸੀਟ ਉੱਤੇ ਬੈਠਾ ਮੈਹਨੇਵਾਲਾ ਵੀ ਜ਼ਰੂਰ ਦਿਸਦਾ। ਅਰਪਨ ਨੂੰ ਲੋਕ ਕਵੀ ਦੀ ਉਪਾਧੀ ਦਿੱਤੀ ਗਈ ਸੀ। ਉਸਨੇ ਦਾਮਨ, ਬਲੱਗਣ, ਸ਼ਰਫ ਵਰਗੇ ਵੱਡੇ ਵੱਡੇ ਉਸਤਾਦ ਸ਼ਾਇਰਾਂ ਨਾਲ ਮੁਸ਼ਾਇਰਿਆਂ ਵਿਚ ਹਿੱਸਾ ਲਿਆ ਸੀ।ਜਦੋਂ ਕਦੇ ਕੋਈ ਕਵੀ ਦਰਬਾਰ ਹੁੰਦਾ ਤਾਂ ਸਭ ਤੋਂ ਮਗਰਲੀ ਕੁਰਸੀ ਉੱਤੇ ਬੈਠਾ ਉਹ ਕੁਝ ਲਿਖ ਰਿਹਾ ਹੁੰਦਾ।ਕੋਈ ਪੁੱਛਦਾ ਤਾਂ ਆਖਦਾ ਮੈਂ ਕਵਿਤਾ ਲਿਖ ਰਿਹਾ ਹਾਂ ਜੋ ਹੁਣ ਪੜ੍ਹਨੀ ਹੈ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੱਸਦਾ ਵੀ ਜ਼ਰੂਰ ਕਿ ਇਹ ਕਵਿਤਾ ਉਸਨੇ ਹੁਣੇ ਤਾਜ਼ੀ ਤਾਜ਼ੀ ਲਿਖੀ ਹੈ।ਦੇਖੋ ਅਜੇ ਸਿਆਹੀ ਵੀ ਨਹੀਂ ਸੁੱਕੀ।ਉਸਦੀ ਕਵਿਤਾ ਐਨੀ ਲੰਬੀ ਹੁੰਦੀ ਕਿ ਉਨੇ ਸਮੇਂ ਵਿਚ ਤਿੰਨ ਚਾਰ ਸ਼ਾਇਰ ਭੁਗਤ ਸਕਦੇ ਹੁੰਦੇ ਸਨ। ਇਸ ਲਈ ਹਮੇਸ਼ਾ ਪ੍ਰਬੰਧਕ ਅਤੇ ਸਟੇਜ਼ ਸਕੱਤਰ ਉਸਨੂੰ ਸਮਾਂ ਦੇਣ ਤੋਂ ਪਹਿਲਾਂ ਤਾਕੀਦ ਕਰਦੇ ਕਿ ਅਰਪਨ ਕ੍ਰਿਪਾ ਕਰਕੇ ਇਕ ਹੀ ਕਵਿਤਾ ਪੜ੍ਹਨਾ।

“ਹਾਂ ਹਾਂ ਕਵਿਤਾ ਮੇਰੇ ਕੋਲ ਇਕ ਹੀ ਹੈ।”

-----

ਉਹ ਇਕ ਕਵਿਤਾ ਦੇ ਸਿਰਲੇਖ ਹੇਠ ਸ਼ੁਰੂ ਕਰਕੇ ਤਿੰਨ ਚਾਰ ਕਵਿਤਾਵਾਂ ਨਾਲ ਜੋੜ ਕੇ ਕਵਿਤਾਵਾਂ ਦੀ ਜੀ ਟੀ ਰੋਡ ਬਣਾ ਕੇ ਸੁਣਾ ਜਾਂਦਾ। ਕਿਸੇ ਨੂੰ ਪਤਾ ਵੀ ਨਾ ਚੱਲਦਾ।ਲੋਕੀ ਸਮਝਦੇ ਇਕ ਹੀ ਕਵਿਤਾ ਹੈ। ਮੈਨੂੰ ਹੈਰਤ ਹੁੰਦੀ ਕਿ ਸਰੋਤੇ ਮੂਕ ਕਿਉਂ ਨੇ? ਕੀ ਉਹ ਸੁਣ ਨਹੀਂ ਰਹੇ ਜਾਂ ਉਨ੍ਹਾਂ ਨੂੰ ਗਿਆਨ ਨਹੀਂ ਕਿ ਕਵਿਤਾ ਬਦਲ ਗਈ ਹੈ!

ਇਕ ਵਾਰ ਪੰਜਾਬੀ ਲਿਖਾਰੀ ਸਭਾ ਦੇ ਕਵੀਦਾਰਬਾਰ ਵਿਚ ਵੁਲਵਰਹੈਂਪਟਨ ਇਕ ਖੂੰਜੇ ਬੈਠਾ ਉਹ ਲਿਖੀ ਜਾਵੇ।

ਮੈਂ ਕੋਲ ਚਲਾ ਗਿਆ, “ਅਰਪਨ ਸਾਹਿਬ, ਕੀਹਨੂੰ ਚਿੱਠੀ ਲਿਖਣ ਲੱਗੇ ਹੋ?”

“ਮੈਂ… ਮੈਂ ਕਵਿਤਾ ਲਿਖ ਰਿਹਾਂ।”

“ਤੁਸੀਂ ਡਰਾਮਾ ਕਰਦੇ ਹੋ। ਲੋਕੀ ਤੁਹਾਡੇ ’ਤੇ ਇਲਜ਼ਾਮ ਲਾਉਂਦੇ ਹਨ ਕਿ ਤੁਹਾਨੂੰ ਪਹਿਲਾਂ ਲਿਖੀ ਕਵਿਤਾ ਯਾਦ ਹੁੰਦੀ ਹੈ ਤੇ ਤੁਸੀਂ ਸੱਜਰੀ ਆਖ ਕੇ ਬੁੱਧੂ ਬਣਾ ਜਾਂਦੇ ਹੋ।”

“ਨਹੀਂ ਮੈਂ ਕਵਿਤਾ ਸੱਜਰੀ ਲਿਖਦਾ ਹਾਂ… ਲਿਆ ਮੈਂ ਤੈਨੂੰ ਹੁਣੇ ਤੇਰੇ ’ਤੇ ਸ਼ਿਅਰ ਜੋੜ ਕੇ ਸੁਣਾਉਂਦਾ ਹਾਂ।”

ਉਸਨੇ ਉਸੇ ਵਕਤ ਖੜ੍ਹੇ ਪੈਰ ਮੇਰੀ ਸਿਫ਼ਤ ਵਿਚ ਸ਼ਿਅਰ ਸੁਣਾਇਆ ਤਾਂ ਮੈਂ ਦੰਗ ਰਹਿ ਗਿਆ। ਮੇਰੇ ਗੋਤ ਸਿੱਧੂ ਦੇ ਜੋ ਉਸ ਨੇ ਕਾਫੀਏ ਜੋੜੇ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ।