ਲੇਖ - ਭਾਗ - 1
ਦੁਨੀਆਂ ਦੇ ਨਕਸ਼ੇ ਉੱਤੇ ਇੱਕ ਦੇਸ਼ ਹੁੰਦਾ ਸੀ ਜਿਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੁਰਾਤਨ ਗ੍ਰੰਥਾਂ ਵਿਚ ਉਸ ਨੂੰ ਪੈਂਟੋਪਟਾਮੀਆ, ਸਪਤਸਿੰਧੂ, ਵਾਹਿਕਾ, ਪੰਚਨਦ, ਪੰਚਾਲ ਆਦਿਕ ਕਿਹਾ ਜਾਂਦਾ ਸੀ। ਅਰਬੀ ਦੇ ਕੁਝ ਗ੍ਰੰਥਾਂ ਵਿਚ ਇਸ ਦਾ ਨਾਮ ਆਇਸ਼ਾ-ਜ਼ੁਲਕਾ ਵੀ ਲਿਖਿਆ ਮਿਲਦਾ ਹੈ ਤੇ ਕੁਝ ਕੁ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਅਰਬੀ ਵਰਣਮਾਲਾ ਦਾ ਪਹਿਲਾ ਅੱਖਰ ਆਇਸ਼ਾ ਅਤੇ ਆਖਰੀ ਅੱਖਰ ਜ਼ੁਲਕਾ ਇਸੇ ਦੇਸ਼ ਦੀ ਦੇਣ ਹੈ।ਇਹ ਦਰਿਆਈ ਦੇਸ਼ ਸੀ।ਇਸਦਾ ਨਾਂ ਸਮੇਂ ਸਮੇਂ ਸਿਰ ਵਹਿੰਦੇ ਇਸਦੇ ਦਰਿਆਵਾਂ ਉੱਤੇ ਅਧਾਰਿਤ ਹੁੰਦਾ ਸੀ।ਸਮੇਂ ਨਾਲ ਇਸਦੇ ਦਰਿਆ ਹੋਰਾਂ ਦੇਸ਼ਾਂ ਦੀਆਂ ਹੱਦਾਂ ਖਾਣ ਲੱਗੀਆਂ ਤੇ ਇਸਦਾ ਖੇਤਰਫਲ ਵੀ ਉਸੇ ਅਨੁਸਾਰ ਘੱਟਣ ਲੱਗਿਆ।ਸੱਤ ਦਰਿਆਵਾਂ ਵੇਲੇ ਇਹਨੂੰ ਸਪਤਸਿੰਧੂ ਪੁਕਾਰਿਆ ਜਾਂਦਾ ਸੀ। ਜਦ ਕੇਵਲ ਪੰਜ ਦਰਿਆ ਰਹਿ ਗਏ ਤਾਂ ਇਸਨੂੰ ਪੰਚਨਦ, ਪੰਚਾਲ ਅਤੇ ਪੰਜ ਆਬਾਂ ਦੀ ਧਰਤੀ ਹੋਣ ਕਰਕੇ ਪੰਜਾਬ ਕਿਹਾ ਜਾਣ ਲੱਗਾ।ਪਾਕਿਸਤਾਨ ਬਣੇ ਤੇ ਇਸਦੇ ਭਾਵੇਂ ਪੰਜੇ ਦਰਿਆ ਵੀ ਵੰਡੇ ਗਏ ਤੇ ਪੰਜਾਬ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ।ਪਰ ਫਿਰ ਵੀ ਅੱਜ ਤੱਕ ਇਸ ਦਾ ਨਾਮ ਨਹੀਂ ਬਦਲਿਆ ਤੇ ਇਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਜੋਂ ਜਾਣਿਆ ਜਾਂਦਾ ਹੈ।
-----
ਕਦੇ ਵਿਸ਼ਾਲ ਦੇਸ਼ ਕਹਾਉਣ ਵਾਲਾ ਮੇਰਾ ਵਤਨ ਅੱਜ ਇਕ ਮਹਿਜ਼ ਛੋਟਾ ਜਿਹਾ ਸੂਬਾ ਪੰਜਾਬ ਬਣ ਗਿਆ ਹੈ।ਜਿਥੇ ਸਾਡੇ ਪੰਜਾਬ ਦੀ ਧਰਤੀ ਉੱਤੇ ਰਿਗਵੇਦ ਅਤੇ ਰਮਾਇਣ ਵਰਗੇ ਗ੍ਰੰਥ ਰਚੇ ਗਏ, ਉੱਥੇ ਸਾਡੇ ਪੰਜਾਬ ਦੀ ਜ਼ੁਬਾਨ ਪੰਜਾਬੀ ਨੂੰ ਇਹ ਵਰ ਹਾਸਿਲ ਹੈ ਕਿ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ ‘ਇਕ ਸੀ ਰਾਜਾ, ਇਕ ਸੀ ਰਾਣੀ, ਦੋਨੋਂ ਮਰ ਗਏ ਖ਼ਤਮ ਕਹਾਣੀ’ (ਕੇਵਲ ਗਿਆਰਾਂ ਸ਼ਬਦਾਂ ਦੀ ਜਿਸ ਵਿਚ ਜਨਮ ਤੋਂ ਮਰਨ ਤੱਕ ਦਾ ਸਾਰ ਹੈ।) ਅਤੇ ਸਭ ਤੋਂ ਛੋਟੀ ਕਵਿਤਾ ‘ਤੂੰ ਤੂੰ, ਤੂੰ ਮੈਂ, ਮੈਂ ਮੈਂ’ (ਕੇਵਲ ਛੇ ਸ਼ਬਦਾਂ ਦੀ ਜਿਸ ਵਿਚ ਔਰਤ ਮਰਦ ਸਬੰਧਾਂ ਦਾ ਨਿਚੋੜ ਹੈ।) ਇਸੇ ਭਾਸ਼ਾ ਵਿਚ ਹੀ ਲਿਖੀਆਂ ਗਈਆਂ।ਇਸਦਾ ਸਿਹਰਾ ਪੰਜਾਬੀ ਦੇ ਲੇਖਕਾਂ ਸਿਰ ਜਾਂਦਾ ਹੈ।ਇਸ ਲੇਖ ਰਾਹੀਂ ਪੰਜਾਬੀ ਦੇ ਚੰਦ ਲੇਖਕਾਂ ਦੇ ਨਮੂਨੇ ਤੇ ਉਹਨਾਂ ਦੀਆਂ ਭਦਰਕਾਰੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।ਲੇਖ ਦੀਆਂ ਸੀਮਾਵਾਂ ਦਾ ਧਿਆਨ ਰੱਖਦਿਆਂ ਬਹੁਤ ਸਾਰੇ ਲੇਖਕਾਂ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈ। ਅਗਰ ਕਿਸੇ ਲੇਖਕ ਨੂੰ ਲੇਖ ਵਿਚੋਂ ਆਪਣਾ ਚਿਹਰਾ ਨਾ ਮਿਲੇ ਤਾਂ ਉਹ ਘਬਰਾ ਕੇ ਹੌਂਸਲਾ ਨਾ ਛੱਡੇ ਲੇਖ ਦੀਆਂ ਅੱਗੇ ਆਉਣ ਵਾਲੀਆਂ ਲੜੀਆਂ ਵਿਚ ਉਨ੍ਹਾਂ ਨੂੰ ਯੋਗ ਮਾਨ-ਸਨਮਾਨ ਜ਼ਰੂਰ ਬਖ਼ਸ਼ਿਆ ਜਾਵੇਗਾ।
-----
ਪੰਜਾਬੀ ਇਕੋ ਇਕ ਐਸੀ ਜ਼ੁਬਾਨ ਹੈ ਜਿਸ ਵਿਚ ਪਾਠਕਾਂ ਨਾਲੋਂ ਬਹੁਤੀ ਗਿਣਤੀ ਲੇਖਕਾਂ ਦੀ ਹੈ। ਪੰਜਾਬੀ ਦੇ ਹਰ ਛੋਟੇ ਵੱਡੇ ਲੇਖਕ ਨੂੰ ਭਰਮ ਹੈ ਕਿ ਉਸ ਨੂੰ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ।ਜੋ ਕੁਝ ਉਹ ਲਿਖ ਰਿਹਾ ਹੈ, ਹੋਰ ਕੋਈ ਲੇਖਕ ਲਿਖ ਹੀ ਨਹੀਂ ਸਕਦਾ ਤੇ ਉਸਦੇ ਲਿਖੇ ਹੋਏ ਸਾਹਿਤ ਤੋਂ ਅੱਗੇ ਕੁਝ ਵੀ ਨਹੀਂ ਹੈ।ਹਕੀਕਤ ਤਾਂ ਇਹ ਹੈ ਕਿ ਪੰਜਾਬੀ ਦਾ ਕੋਈ ਵੀ ਲੇਖਕ ਓਨਾ ਨਹੀਂ ਪੜ੍ਹ ਰਿਹਾ, ਜਿੰਨਾ ਉਸਨੂੰ ਪੜ੍ਹਣ ਦੀ ਲੋੜ ਹੈ ਤੇ ਜਿੰਨੀ ਉਸਦੀ ਸਮਰੱਥਾ ਹੈ। ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਦੇ ਦੋ ਲੰਗੋਟੀਏ ਯਾਰ ਲੇਖਕ, ਜੋ ਹਰ ਸ਼ਾਮ ਨੂੰ ਹਮਪਿਆਲਾ ਹੁੰਦੇ ਹਨ। ਉਨ੍ਹਾਂ ਨੇ ਵੀ ਇਕ ਦੂਜੇ ਨੂੰ ਨਹੀਂ ਪੜ੍ਹਿਆ ਹੁੰਦਾ। ਹੋਰ ਤਾਂ ਹੋਰ ਪੰਜਾਬੀ ਲੇਖਕਾਂ ਦੇ ਆਪਣੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਦਾ ਸਦੱਸ ਕੀ ਲਿਖ ਰਿਹਾ ਹੈ।
-----
ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ, ਲਿਖੀ, ਸੁਣੀ ਤੇ ਗਾਈ ਜਾਣ ਵਾਲੀ ਪ੍ਰਸਿੱਧ ਪ੍ਰੇਮ ਕਥਾ ਹੈ, ਹੀਰ।ਹੀਰ ਦਾ ਕਿੱਸਾ ਲਿਖਣ ਵਿਚ ਦੋ ਨਾਮ ਜ਼ਿਆਦਾ ਮਕ਼ਬੂਲ ਹਨ, ਇਕ ਵਾਰਿਸ ਸ਼ਾਹ ਤੇ ਦੂਜਾ ਦਮੋਦਰ।ਪੰਜਾਬੀ ਦੇ ਲੇਖਕਾਂ ਨੂੰ ਐਨੀ ਬਿਪਤਾ ਪੈ ਗਈ ਕਿ ਢਾਈ ਸੌ ਤੋਂ ਵੱਧ ਲੇਖਕਾਂ ਨੇ ਹੀਰ ਲਿਖ ਮਾਰੀ।ਵਾਰਿਸ ਸ਼ਾਹ ਜਾਂ ਦਮੋਦਰ ਨਾਲ ਉਹਨਾਂ ਦੀ ਤਸੱਲੀ ਨਹੀਂ ਹੋਈ। ਅਜੇ ਵੀ ਇਹ ਪ੍ਰਚਲਣ ਜਾਰੀ ਹੈ।
-----
ਦਮੋਦਰ, ਵਾਰਿਸ ਤੋਂ ਬਹੁਤ ਪਹਿਲਾਂ ਹੋਇਆ ਹੈ। ਵਾਰਿਸ ਆਪਣੀ ਰਚਨਾ ਵਿਚ ਹੀਰ ਦੇ ਕਿੱਸੇ ਉੱਤੇ ਆਪਣੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਉਹ ਇਹ ਸਪਸ਼ਟ ਕਰ ਦਿੰਦਾ ਹੈ ਕਿ ਉਹਦੇ ਸਮੇਂ ਹੀਰ ਦੀ ਗਾਥਾ ਲੋਕਾਂ ਦੀ ਜ਼ੁਬਾਨ ਉੱਤੇ ਆਮ ਰਹਿੰਦੀ ਸੀ:-
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭਾ ਸੋਹਣੀ ਨਾਲ ਸੁਣਾਈਏ ਜੀ।
ਰਮਜ਼ਾਂ ਮਾਅਨਿਆਂ ਵਿਚ ਖੁਸ਼ਬੂ ਹੋਵੇ, ਇਸ਼ਕ ਮੁਸ਼ਕ ਨੂੰ ਖੋਲ੍ਹ ਵਖਾਈਏ ਜੀ।
ਨਾਲ ਅਜਬ ਬਹਾਰ ਦੇ ਸ਼ੇਅਰ ਕਹਿਕੇ, ਰਾਂਝੇ ਹੀਰ ਦਾ ਮੇਲ ਮਲਾਈਏ ਜੀ।
ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ, ਨਵੀਂ ਇਸ਼ਕ ਦੀ ਬਾਤ ਹਿਲਾਈਏ ਜੀ। (4)
ਤੇ
ਹੁਕ਼ਮ ਮੰਨ ਕੇ ਸੱਜਣਾਂ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਈ।
ਫਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ।
ਵਾਰਿਸ ਸ਼ਾਹ ਫਰਮਾਇਆ ਪਿਆਰਿਆਂ ਦਾ, ਅਸਾਂ ਮੰਨਿਆਂ ਮੂਲ ਨ ਮੋੜਿਆ ਈ। (5)
ਜਾਂ
ਵਾਰਿਸ ਸ਼ਾਹ ਨ ਇਸ ਤੋਂ ਨਫ਼ਾ ਦਿਸਦਾ, ਕਿੱਸਾ ਜੋੜਦਾ ਗੱਲਾਂ ਸੁਣਾਈਆਂ ਦੇ।
-----
ਲੇਕਿਨ ਦੂਜੇ ਪਾਸੇ ਦਮੋਦਰ ਆਪਣੇ ਕਿੱਸੇ ਵਿਚ ਆਰੰਭ ਤੋਂ ਅੰਤ ਤੱਕ ਇਹ ਢੰਡੋਰਾ ਪਿੱਟਦਾ ਹੈ ਕਿ ਇਹ ਉਸ ਦੀ ਆਪਣੀ ਰਚਨਾ ਹੈ ਤੇ ਉਹ ਸਾਰੀ ਕਥਾ ਦਾ ਚਸ਼ਮਦੀਦ ਗਵਾਹ ਹੈ। ਦਮੋਦਰ ਪਿੰਡ ਵਲਾਰ੍ਹਾਂ, ਤਹਿਸੀਲ ਚਨਿਓਟ ਦਾ ਗੁਲਾਟੀ ਜਾਤ ਦਾ ਅਰੋੜਾ ਹਿੰਦੂ ਖੱਤਰੀ ਸੀ ਤੇ ਉਸ ਅਨੁਸਾਰ ਉਸ ਨੇ ਚੂਚਕਾਣੇ (ਝੰਗ ਉਦੋਂ ਹੋਂਦ ਵਿਚ ਨਹੀਂ ਸੀ ਆਇਆ ਤੇ ਝੰਗ ਦੀ ਨੀਂਹ ਚੂਚਕ ਦੇ ਭਤੀਜੇ ਨੇ ਮੱਲ ਖਾਨ ਨੇ ਚੂਚਕ ਦੀ ਮੌਤ (1462 ਈ.) ਤੋਂ ਬਾਅਦ 1464 ਈ. ਵਿਚ ਰੱਖੀ ਸੀ ਤੇ 1466 ਈ. ਵਿਚ ਲਾਹੌਰ ਦਰਬਾਰ ਤੋਂ ਪਟਾ ਵੀ ਲਿਖਵਾਇਆ ਸੀ।) ਹੀਰ ਦੇ ਪਿੰਡ ਹੱਟੀ ਕੀਤੀ ਸੀ:-
ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨ ਕੋਈ
ਸ਼ਉਂਕ ਸ਼ਉਂਕ ਉਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ।
ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਇਓਈ। 7॥
ਆਖ ਦਮੋਦਰ ਅੱਗੇ ਕਿੱਸਾ, ਜੋਈ ਸੁਣੇ ਸਭ ਕੋਈ।
ਤੇ
ਆਖ ਦਮੋਦਰ ਸੋ ਡਿੱਠਾ ਅੱਖੀਂ, ਜੋ ਕੰਨੀ ਸੁਣਦੇ ਆਹੇ।447।
ਜਾਂ
ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਵੇਖੇ ਸੋਈ ਸਲਾਹੇ।446।
-----
ਇਥੇ ਦਮੋਦਰ ਕੁਫ਼ਰ ਤੋਲ ਰਿਹਾ ਹੈ, ਕਿਉਂਕਿ ਹੀਰ ਦੀ ਗਾਥਾ ਤਾਂ ਉਸ ਸਮੇਂ ਬਹੁਤ ਪ੍ਰਚੱਲਿਤ ਸੀ ਤੇ ਦਮੋਦਰ ਤੋਂ ਪਹਿਲਾਂ ਅਤੇ ਬਾਅਦ ਬਹੁਤ ਸਾਰੇ ਕਲਮਕਾਰਾਂ ਨੇ ਉਸ ਦੇ ਹਵਾਲੇ ਆਪਣੀਆਂ ਰਚਨਾਵਾਂ ਵਿਚ ਦਿੱਤੇ ਹਨ। ਮਾਦਵਾਨਲ ਕਾਮ ਕੰਦਲਾ, ਗੋਪੀ ਜਨ ਕੇ ਬਿਲਾਸ ਅਤੇ ਅਕਬਰ ਦਾ ਦਰਬਾਰੀ ਕਵੀ ਗੰਗ ਭੱਟ ‘ਝਗੜਾ ਹੀਰ ਰਾਂਝੇ ਕਾਜੀ ਜੀ ਕਾ’ ਕਬਿਤਾਂ ਆਦਿਕ ਪਹਿਲਾਂ ਹੀ ਲਿਖ ਚੁੱਕੇ ਸਨ।ਗਵੰਤਰੀ, ਢਾਡੀ, ਭੰਡ, ਨਚਾਰ, ਦਰਬਾਰੀ ਕਵੀ ਆਦਿ ਆਮ ਹੀਰ ਦਾ ਕਿੱਸਾ ਗਾਇਆ ਕਰਦੇ ਸਨ।ਭਾਈ ਗੁਰਦਾਸ (1551ਈ.-1628 ਈ.) ਜੀ ਵੀ ਦਮੋਦਰ ਅਤੇ ਹੀਰ-ਰਾਂਝੇ ਦਾ ਜ਼ਿਕਰ ਕਰਦੇ ਹਨ:-
ਤੁਲਸਾ ਭਹੁਰਾ ਭਗਤ ਹੈ ਦਮੋਦਰ ਆਕਲ ਬਲਿਹਾਰਾ। (ਵਾਰ 11ਵੀਂ, ਪਉੜੀ 21ਵੀਂ, ਸਤਰ 6ਵੀਂ)
ਅਤੇ
ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਿਰਾਤੀ।
ਪੀਰ ਮੁਰੀਦਾਂ ਪਿਰਹੜੀ, ਗਾਵਨ ਪਰਬਾਤੀ। ਵਾਰ 17ਵੀਂ
-----
ਦਮੋਦਰ ਤੋਂ ਪਹਿਲਾਂ ਬਾਕੀ ਕੋਲਾਬੀ ਵੱਲੋਂ ‘ਮਸਨਵੀ ਹੀਰ ਰਾਂਝਾ’ ਫ਼ਾਰਸੀ ਵਿਚ ਲਿਖੇ ਹੋਣ ਦੇ ਪ੍ਰਮਾਣ ਵੀ ਮਿਲਦੇ ਹਨ।ਦਮੋਦਰ ਦਾ ਸਮਕਾਲੀ ਬਜ਼ੁਰਗ ਸ਼ਾਹ ਹੁਸੈਨ ਆਪਣੇ ਕਲਾਮ ਵਿਚ ਅਨੇਕਾਂ ਵਾਰ ਹੀਰ ਦੇ ਵੇਰਵੇ ਦਿੰਦਾ ਹੈ:-
1 ਰਾਂਝਾ ਜੋਗੀ ਮੈਂ ਜੁਗਿਆਨੀ, ਕਮਲੀ ਕਰ ਕਰ ਛੱਡੀਆਂ॥
2 ਜੇ ਤੂੰ ਤਖਤ ਹਜ਼ਾਰੇ ਦਾ ਸਾਈਂ, ਅਸੀਂ ਸਿਆਲਾਂ ਦੀਆਂ ਕੁੜੀਆਂ।
3 ਹੀਰ ਨੂੰ ਇਸ਼ਕ ਚਿਰਿਕਾ ਆਹਾ, ਜਾ ਆਹੀ ਦੁੱਧ ਵਾਤੀ।
ਸੌ ਵਰ੍ਹਿਆਂ ਦੀ ਜ਼ਹਿਮਤ ਜਾਵੇ, ਜੇ ਰਾਂਝਣ ਪਾਵੇ ਝਾਤੀ।
-----
ਦਮੋਦਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ (ਬਾਈ ਅਕਤੂਬਰ ਸੋਹਲਾਂ ਸੌ ਛਿਹਾਟ-ਸੱਤ ਅਕਤੂਬਰ ਸਤਾਰਾਂ ਸੌ ਅੱਠ)ਵੀ ਸੰਕੇਤ ਦਿੰਦੇ ਹਨ:-
ਯਾਰੜੇ ਦਾ ਮੈਨੂੰ ਸੱਥਰ ਚੰਗਾ, ਭੱਠ ਖੇੜ੍ਹਿਆਂ ਦਾ ਰਹਿਣਾ।
-----
ਦਮੋਦਰ ਨੇ ਕਿੱਸਾ ਅਕਬਰ ਦੀ ਹਕ਼ੂਮਤ ਸਮੇਂ ਆਰੰਭ ਕਰਕੇ ਜਹਾਂਗੀਰ ਦੇ ਰਾਜਗੱਦੀ ’ਤੇ ਕਾਬਜ਼ (24 ਅਕਤੂਬਰ 1605 ਈ.) ਹੋਣ ਉਪਰੰਤ ਮੁਕਾਇਆ। ਇਸ ਰਚਨਾ ਦਾ ਕਾਲ 1600 ਈ. ਤੋਂ 1615 ਈ. ਮੰਨਿਆ ਜਾਂਦਾ ਹੈ।ਉਸ ਸਮੇਂ ਪੰਜਾਬ ਵਿਚ ਸਿਆਲ, ਚੰਦੜ, ਖੇੜੇ ਅਤੇ ਰਾਂਝੇ ਪ੍ਰਮੁੱਖ ਜਾਤਾਂ ਸਨ। ਜਿਨ੍ਹਾਂ ਨੇ ਝੰਗ, ਰੰਗਪੁਰ ਅਤੇ ਤਖ਼ਤ ਹਜ਼ਾਰੇ ਆਦਿਕ ਪਿੰਡ ਵਸਾਏ। ਦਮੋਦਰ ਦੇ ਸਮੇਂ ਵਿਚ ਨਾ ਤਾਂ ਇੰਟਰਨੈਟ ਸੀ ਤੇ ਨਾ ਹੀ ਟੈਲੀਵਿਜ਼ਨ ਕਿ ਇਹ ਸਮਝ ਲਈਏ ਕਿ ਏਕਤਾ ਕਪੂਰ ਨੇ ਸੀਰੀਅਲ ਬਣਾ ਕੇ ਹੀਰ ਨੂੰ ਰਾਤੋ-ਰਾਤ ਘਰ ਘਰ ਪਹੁੰਚਾ ਦਿੱਤਾ ਹੋਵੇਗਾ। ਜ਼ਾਹਿਰ ਹੈ ਕਿ ਹੀਰ ਦੀ ਪ੍ਰੇਮ ਕਥਾ ਨੂੰ ਪ੍ਰਚੱਲਤ ਹੋਣ ਵਿਚ ਬਹੁਤ ਸਾਰਾ ਸਮਾਂ ਲੱਗਿਆ ਹੋਵੇਗਾ। ਹੀਰ ਦੇ ਕਿੱਸੇ ਨੂੰ ਵਧੇਰੇ ਕਿੱਸਾਕਾਰਾਂ ਵੱਲੋਂ ਰਚੇ ਜਾਣ ਪਿੱਛੇ ਕਿੱਸਾਕਾਰਾਂ ਦਾ ਆਪਣੇ ਆਪ ਦੀ ਆਰਥਿਕ ਸਥਿਤੀ ਨੂੰ ਤਕੜਾ ਕਰਨ ਦਾ ਰੁਝਾਨ ਛੁਪਿਆ ਹੋਇਆ ਸੀ।
-----
ਹਾਫ਼ਿਜ਼ ਬਰਖ਼ੁਰਦਾਰ ਨੇ ਜ਼ਾਫ਼ਰ ਖਾਂ ਦੇ ਲਈ 1090 ਹਿ: ਵਿਚ ‘ਯੂਸਫ ਜ਼ੁਲੈਖਾਂ’ ਦਾ ਕਿੱਸਾ ਲਿਖਿਆ ਤੇ ਇਸਦੇ ਬਦਲੇ ਵਿਚ ਪਦਾਰਥਕ ਇਵਜ਼ਾਨੇ ਪ੍ਰਾਪਤ ਕੀਤੇ।ਹੀਰ ਦੇ ਇਕ ਤੋਂ ਵਧੀਕ ਕਿੱਸੇ ਲਿਖਣ ਪਿੱਛੇ ਉਸ ਸਮੇਂ ਦੇ ਕਵੀਆਂ ਦੀ ਇਹੀ ਲਾਲਸਾ ਸੀ ਕਿ ਉਹ ਰਾਜ ਜਾਂ ਦਰਬਾਰੀ ਕਵੀ ਬਣ ਸਕਣ। ਇਹੀ ਵਜ੍ਹਾ ਹੈ ਕਿ ਹੀਰ ਦੇ ਰਚਨਾਕਰਾਂ ਨੇ ਆਪਣੇ ਸਮੇਂ ਦੇ ਹਾਕਮਾਂ ਦੀ ਆਪੋ ਆਪਣੇ ਕਿੱਸੇ ਵਿਚ ਸਿਫ਼ਤ ਸਲਾਹ ਕੀਤੀ ਹੈ। ਜਿਵੇਂ ਦਮੋਦਰ ਨੇ ਥਾਂ ਥਾਂ ਅਕਬਰ ਦਾ ਜ਼ਿਕਰ ਕੀਤਾ ਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹੀਰ ਅਕਬਰ ਦੇ ਰਾਜਕਾਲ ਵਿਚ ਪੈਦਾ ਹੋਈ:-
ਅਕਬਰ ਨਾਲ ਕਰੇਂਦਾ ਦਾਵੇ, ਭੁਈਂ ਨਈਂ ਦਾ ਸਾਈਂ।9।
ਹਿਕੇ ਦਿਵੀਹਾਂ ਅਕਬਰ ਗਾਜ਼ੀ, ਕੱਛਾ ਆਪ ਕਛੀਹਾਂ।13।
ਅਕਬਰ ਸ਼ਾਹ ਦਾ ਰਾਜ ਡਢੇਰਾ ਜੈ ਤੈਨੂੰ ਕਜ਼ਾ ਦਿੱਤੀ ਆਈ।
ਆਖ ਦਮੋਦਰ ਸੁਣ ਮੀਆਂ ਕਾਜ਼ੀ, ਮੈਂ ਭੀ ਰਾਠਾਂ ਜਾਈ।920।
ਸੁਣ ਹੀਰੇ ਤੂੰ ਨੋਂਹ ਹੈਂ ਕੈਂਦੀ, ਅਰ ਧੀ ਕੈਂਦੀ ਆਹੀ?
ਅਕਬਰ ਨਾਲ ਜੁੜੇਂਦੇ ਪਲੂ, ਭੁਈ ਨਈਂ ਦੇ ਸਾਈਂ।931।
ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜੇ ਸਵਾਏ।
ਆਖ ਦਮੋਦਰ ਕਢੋ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ।964।
ਦਮੋਦਰ ਹੀਰ ਦੀ ਮਾਂ ਦਾ ਨਾਮ ਚੌਧਰਾਣੀ ਕੁੰਦੀ ਲਿਖਦਾ ਹੈ ਤੇ ਵਾਰਿਸ ਮਲਕੀ:-
ਵਾਹ ਸਿਕਦਾਰੀ ਚੂਚਕ ਸੰਦੀ, ਭਲੀ ਗੁਜਾਰਨ ਲੰਘਾਈ।
ਆਖ ਦਮੋਦਰ ਵਾਰ ਬੁੱਢੇ ਦੀ, ਮਹਿਰੀ ਕੁੰਦੀ ਵਿਆਈ।4।(ਹੀਰ ਦਮੋਦਰ)
ਸੁਣ ਮਲਕੀਏ ਅੰਮੜੀਏ ਮੇਰੀਏ ਨੀ, ਜਿੱਚਰ ਜਾਨ, ਰੰਝੇਟੇ ਤੋਂ ਨਾਂਹ ਟਲਸਾਂ।
ਭਾਵੇਂ ਵੱਢ ਕੇ ਡੱਕਰੇ ਕਰਨ ਮੇਰੇ, ਵੰਝ ਕਰਬਲਾ ਹੋ ਸ਼ਹੀਦ ਮਰਸਾਂ।
ਵਾਰਿਸ ਸ਼ਾਹ ਜੇ ਜੀਂਵਦੀ ਮਰਾਂਗੀ ਮੈਂ, ਲੇਲੀ ਮਜਨੂੰ ਦੇ ਨਾਲ ਮੈਂ ਜਾ ਰਲਸਾਂ।(ਹੀਰ, ਵਾਰਿਸ)
ਦਮੋਦਰ ਹੀਰ ਦੀ ਨਣਦ ਸੈਹਤੀ ਦਾ ਇਸ਼ਕ ਰਾਮੂ ਬਾਹਮਣ ਨਾਲ ਕਰਵਾਉਂਦਾ ਹੈ ਤੇ ਵਾਰਿਸ ਸ਼ਾਹ ਮੁਰਾਦ ਬਲੋਚ ਨਾਲ।
ਜਿਹੜਾ ਸਾਹਿਬ ਯਾਰ ਅਸਾਡਾ, ਉਹ ਦਿਸੀਂਦਾ ਨਾਹੀਂ।
ਅੱਖੀਂ ਦਾ ਸੁੱਖ ਬ੍ਹਾਮਣ ਰਾਮੂ, ਜੈਂ ਮੁੱਲ ਖਰੀਦੀ ਆਹੀ।
ਜੇ ਅਜ ਨ ਆਇਆ ਨਜ਼ਰ ਅਸਾਨੂੰ, ਤਾਂ ਜੀਵਣ ਜੋਗੀ ਨਾਹੀਂ।
ਸੁਣ ਹੀਰੇ ਕੇ ਤੈਨੂੰ ਆਖਾਂ, ਬਣੀ ਜੁ ਬਾਬ ਅਸਾਂਹੀ।631॥ (ਸਹਿਤੀ ਹੀਰ ਦਾ ਵਾਰਤਾਲਾਪ) ਹੀਰ ਦਮੋਦਰ
ਮਿਲੇ ਸ਼ਾਹ ਮੁਰਾਦ ਤਾਂ ਮੋਈ ਜੀਵਾਂ, ਮੈਂ ਤਾਂ ਜਾਣਾਂਗੀ ਅਜ ਅਰਾਮ ਕੀਤਾ।-ਹੀਰ ਵਾਰਿਸ ਸ਼ਾਹ
ਦਮੋਦਰ ਹੀਰ ਦੀਆਂ 360 ਸਹੇਲੀਆਂ ਲਿਖਦਾ ਹੈ।
ਤ੍ਰੈ ਸੈ ਸਠ ਸਹੇਲੀ ਜੋੜੀ, ਜੇਹੜੀ ਜੇਹੜੀ ਭਾਈ।43।
ਕਹੇ ਦਮੋਦਰ ਵਾਹ ਸਲੇਟੀ, ਧੰਨ ਚੂਚਕ ਦੀ ਜਾਈ।46।
ਤੇ ਵਾਰਿਸ ਕੇਵਲ ਸੱਠ।
ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦਾ ਜੀ।
ਵਾਰਿਸ ਸ਼ਾਹ ਮੀਆਂ ਜੱਟੀ ਲਹਿਰ ਲੁੱਟੀ, ਫਿਰੇ ਭਰੀ ਹੰਕਾਰ ਦੇ ਮਾਣ ਦੀ ਜੀ।
-----
ਦਮੋਦਰ ਕਿੱਸੇ ਦਾ ਅੰਤ ਸੁਖਾਂਤ ਵਿਚ ਕਰਦਾ ਹੈ ਤੇ ਵਾਰਿਸ ਦੁਖਾਂਤ ਵਿਚ।ਦਮੋਦਰ ਘੋੜਿਆਂ ਦੀਆਂ ਕਿਸਮਾਂ ਦੇ ਵਰਣਨ ਨੂੰ ਵਿਸਥਾਰ ਦਿੰਦਾ ਤੇ ਵਾਰਿਸ ਮੱਝਾਂ ਦੀਆਂ ਨਸਲਾਂ ਦੱਸ ਕੇ ਵਿਦਵਤਾ ਝਾੜਦਾ ਹੈ।ਦਮੋਦਰ ਨੇ ਜਿਥੇ ਹੀਰ ਦਾ ਹੁਸਨ ਬਿਆਨ ਕਰਨ ਵਿਚ ਸੰਕੋਚ ਵਰਤਿਆ ਹੈ, ਉਥੇ ਵਾਰਿਸ ਨੇ ਹੀਰ ਨੂੰ ਪੂਰਾ ਸਵਾਦ ਲੈ ਕੇ ਲਿਖਿਆ ਹੈ।ਵਾਰਿਸ ਨੇ ਹੀਰ ਦੇ ਅੰਗ ਅੰਗ ਦੀ ਇਉਂ ਤਾਰੀਫ਼ ਕੀਤੀ ਹੈ ਕਿ ਪੜ੍ਹ ਕੇ ਜਾਪਦਾ ਹੈ ਕਿ ਫਰਾਂਸਿਸੀ ਚਿੱਤਰਕਾਰਾਂ ਵਾਂਗ ਵਾਰਿਸ ਨੇ ਹੀਰ ਨੂੰ ਵਸਤਰਹੀਣ ਕਰਕੇ ਆਪਣੇ ਮੂਹਰੇ ਮਾਡਲ ਬਣਾ ਬੈਠਾ ਕੇ ਕਿਹਾ ਹੋਵੇ, “ਹੀਰੇ, ਲਿਆ ਤੇਰੇ ’ਤੇ ਕਿੱਸਾ ਲਿਖੀਏ।” ਵਾਰਿਸ ਵੱਲੋਂ ਹੀਰ ਦੇ ਫਿੱਗਰ ਦੀ ਤਸਵੀਰਕਸ਼ੀ ਦੇਖੋ:-
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸੈਊ ਬਲਖ ਦੇ ਚੁਣੇ ਅੰਬਾਰ ਵਿਚੋਂ।
ਧੁੰਨੀ ਬਹਿਸ਼ਤ ਦੇ ਹੌਜ਼ ਦਾ ਮੁਸਕ ਕੁਪਾ, ਪੇਡੂ ਮਖਮਲੀ ਖਾਸ ਸਰਕਾਰ ਵਿਚੋਂ।
ਕਾਫੂਰ ਸ਼ਹਿਨਾ ਸੁਰੀਨ ਬਾਂਕੇ, ਹੁਸਨ ਸਾਕ ਸਤੂਨ ਮੀਨਾਰ ਵਿਚੋਂ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੂਝੀ ਰਹੇ ਨਾ ਹੀਰ ਹਜ਼ਾਰ ਵਿਚੋਂ।
ਛਾਤੀ (BREAST), ਧੁੰਨੀ (BELLYBUTTON), ਸ਼ੁਰੀਨ (BUTTOCKS) ਗਿਣਾਉਣ ਬਾਅਦ ਹੋਰ ਕੁਝ ਬਚਦਾ ਹੀ ਨਹੀਂ। ਪਰ ਵੇਗ ਵਿਚ ਆਏ ਸੂਫ਼ੀਵਾਦੀ ਵਾਰਿਸ ਨੇ ਹੀਰ ਦਾ ਸਿਰ ਤੋਂ ਪੈਰਾਂ ਤੱਕ ਕੋਈ ਅੰਗ ਨਹੀਂ ਛੱਡਿਆ।
-----
ਹੀਰ ਐਨੀ ਦਲੇਰ ਹੁੰਦੀ ਹੈ ਕਿ ਲੁੱਡਣ ਨੂੰ ਬਚਾਉਣ ਲਈ ਨੂਰੇ ਸੰਬਲ ਅਤੇ ਆਪਣੇ ਤਾਏ ਕੈਦੋਂ, ਜਿਸਨੂੰ ਵਾਰਿਸ ਚਾਚਾ ਕੈਦੋਂ ਦੱਸਦਾ ਹੈ ਨਾਲ ਲੜਣ ਤੋਂ ਗੁਰੇਜ਼ ਨਹੀਂ ਕਰਦੀ। ਪਰ ਕਾਜ਼ੀ ਉਸਦਾ ਧੱਕੇ ਨਾਲ ਨਿਕ਼ਾਹ ਪੜ੍ਹ ਦਿੰਦਾ ਹੈ? ਉਹ ਸਬਲਾ ਤੋਂ ਅਬਲਾ ਬਣ ਕੇ ਡੋਲੀ ਵਿਚ ਪੈ ਜਾਂਦੀ ਹੈ!
-----
ਵਾਰਿਸ ਹੀਰ ਦੇ ਕਾਜ ਸਮੇਂ ਡੂਮ, ਮਰਾਸੀ ਅਤੇ ਕਾਜ਼ੀ ਰੱਖਦਾ ਹੈ। ਉਹਦੇ ਉਲਟ ਹੀਰ ਦੇ ਨਿਕਾਹ ਲਈ ਦਮੋਦਰ ਨਾਲ ਪੰਡਤ ਵੀ ਭੇਜਦਾ ਹੈ ਤੇ ਨਿਕਾਹ ਵੇਲੇ ਹਿੰਦੂ ਰੀਤ-ਰਿਵਾਜ਼ ਕਰਵਾਉਂਦਾ ਹੈ।ਇਸਦਾ ਸਾਫ਼ ਤੇ ਇਕ ਮਾਤਰ ਕਾਰਨ ਦਮੋਦਰ ਦਾ ਹਿੰਦੂ ਤੇ ਵਾਰਿਸ ਦਾ ਮੁਸਲਮਾਨ ਹੋਣਾ ਹੈ।ਕ੍ਰਿਸ਼ਨ ਬੰਸਰੀ ਵਜਾਉਂਦਾ ਹੁੰਦਾ ਸੀ ਤੇ ਗਊਆਂ ਚਰਾਉਂਦਾ ਸੀ। ਇਹੀ ਆਈਡੀਆ ਚੋਰੀ ਕਰਕੇ ਦਮੋਦਰ ਨੇ ਰਾਂਝੇ ’ਤੇ ਫਿੱਟ ਕਰ ਦਿੱਤਾ।ਦਮੋਦਰ ਰਾਂਝੇ ਦੇ ਹੱਥ ਵੰਝਲੀ ਫੜਾ ਕੇ ਉਸਨੂੰ ਮੱਝਾਂ ਚਾਰਨ ਲਾ ਦਿੰਦਾ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੀਰ ਦੇ ਕਿੱਸੇ ਦਾ ਮੂਲ ਸਰੋਤ ਆਇਆ ਕਿੱਥੋਂ?
-----
ਤੀਜੀ ਸਦੀ ਵਿਚ ਗ੍ਰੀਕ ਮਿਥਿਹਾਸ ਵਿਚ ਇਕ ਪ੍ਰੇਮ ਕਹਾਣੀ ‘ਅਲੋਰਾ-ਅਜ਼ੋਨਾ’ ਦੀ ਲਿਖੀ ਗਈ ਤੇ ਵਪਾਰੀਆਂ ਅਤੇ ਧਰਮ ਪ੍ਰਚਾਰਕਾਂ ਰਾਹੀਂ ਉਹ ਦੁਨੀਆਂ ਵਿਚ ਫੈਲ ਕੇ ਮਕ਼ਬੂਲ ਹੋ ਗਈ।ਸ਼ੈਕਸਪੀਅਰ ਉਸਨੂੰ ਵਰੋਨਾ ਚੁੱਕ ਕੇ ਲੈ ਗਿਆ ਤੇ ਉਸਨੇ ‘ਰੋਮੀਉ ਜੁਲੀਅਟ’ ਬਣਾ ਲਈ। ਪੁਰਤਗਾਲ ਦੇ ਕਥਾਕਾਰ ਉਸਨੂੰ ਗੋਆ ਲੈ ਗਏ ਤੇ ‘ਡੋਨਾ ਪੋਲਾ’ ਬਣਾ ਦਿੱਤਾ।ਚੀਨੀ ਨੇ ‘ਲੀਆਂਗ ਜ਼ਹੂ’ ਨਾਮ ਦੇ ਦਿੱਤਾ। ਦਮੋਦਰ ਹੋਰਾਂ ਨੇ ‘ਹੀਰ ਰਾਂਝਾ’ ਬਣਾ ਕੇ ਪੇਸ਼ ਕੀਤਾ। ਕਹਾਣੀ ਉਹੀ ਹੈ ਤੇ ਸਭ ਕੁਝ ਘਟਦਾ ਉਸੇ ਤਰ੍ਹਾਂ ਹੈ, ਫ਼ਰਕ ਸਿਰਫ਼ ਐਨਾ ਹੈ ਕਿ ਹਰ ਕਲਮਕਾਰ ਨੇ ਆਪਣੇ ਜੀਵਨ ਕਾਲ, ਰਹੁ-ਰੀਤਾਂ, ਸਭਿਆਚਾਰਕ, ਧਾਰਮਿਕ ਅਤੇ ਸਥਾਨਕ ਥਾਵਾਂ ਦੇ ਵੇਰਵੇ ਦੇ ਕੇ ਆਪੋ ਆਪਣੀ ਕਹਾਣੀ ਨੂੰ ਯਥਾਰਥਕ ਬਣਾਉਣ ਵਿਚ ਕਸਰ ਨਹੀਂ ਛੱਡੀ। ਹਾਲਾਂਕਿ ਇਹ ਇਕ ਕਾਲਪਨਿਕ ਕਹਾਣੀ ਹੈ। ਜਿਸਨੂੰ ਸਾਹਿਤਕ ਚੋਰਾਂ ਨੇ ਚੋਰੀ ਕਰਕੇ ਆਪੋ ਆਪਣੇ ਥੈਲੇ ਵਿਚ ਪਾ ਕੇ ਵੇਚਿਆ।
-----
Just for argument’s sake!! ਇਕ ਪਲ ਲਈ ਜੇ ਇਹ ਵੀ ਮੰਨ ਲਈਏ ਕਿ ਬਹੁਤੀਆਂ ਪ੍ਰੇਮ ਕਹਾਣੀਆਂ ਇਸੇ ਤਰ੍ਹਾਂ ਘਟਦੀਆਂ ਹਨ ਤੇ ਹੀਰ ਸੱਚੀਂ ਪੈਦਾ ਹੋਈ ਤਾਂ ਇਕ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਲੇਖਕ ਕਦੋਂ ਲਿਖਦਾ ਹੈ? ਲੇਖਕ ਉਦੋਂ ਲਿਖਦਾ ਹੁੰਦਾ ਹੈ, ਜਦੋਂ ਉਸਨੂੰ ਸਮਾਜ ਵਿਚ ਕੁਝ ਗ਼ਲਤ ਘਟ ਰਿਹਾ ਦਿਖਾਈ ਦਿੰਦਾ ਹੈ।ਹੁਣ ਹੀਰ ਦੇ ਕਿੱਸੇ ਦਾ ਵੀ ਅਰਥ ਤਾਂ ਇਹੀ ਲਿਆ ਜਾਣਾ ਚਾਹੀਦਾ ਸੀ ਕਿ ਇਹ ਜੋ ਸਮਾਜ ਵਿਚ ਗ਼ਲਤ ਹੋਇਆ ਹੈ।ਅੱਗੋਂ ਹੋਣਾ ਨਹੀਂ ਚਾਹੀਦਾ।
-----
ਹੀਰ ਇਕ ਬਦਦਿਮਾਗ਼, ਬਦਮਿਜ਼ਾਜ, ਜ਼ਿੱਦੀ ਤੇ ਵਿਗੜੀ ਹੋਈ ਅਮੀਰ ਮੁਟਿਆਰ ਸੀ। ਉਸਨੇ ਨਾ ਕੇਵਲ ਆਪਣੇ ਪਿਉ ਦੀ ਇੱਜ਼ਤ ਰੋਲੀ, ਬਲਕਿ ਕੁਆਰੇ ਹੁੰਦਿਆਂ ਨਾਜਾਇਜ਼ ਰਿਸ਼ਤਾ ਹੰਢਾਇਆ। ਵਿਆਹ ਉਪਰੰਤ ਸ਼ੌਹਰ ਨਾਲ ਬੇਵਫ਼ਾਈ ਕੀਤੀ ਤੇ ਨਾ ਹੀ ਚੱਜ ਨਾਲ ਪ੍ਰੇਮੀ ਦੀ ਹੋ ਸਕੀ। ਉਹ ਨਾ ਸੁੱਤੀ, ਨਾ ਉਹਨੇ ਕੱਤਿਆ। ਹੀਰ ਆਪਣੇ ਸਾਰੇ ਫ਼ਰਜ਼ ਪੂਰੇ ਕਰਨ ਤੋਂ ਅਸਮਰਥ ਰਹਿੰਦੀ ਹੈ।ਉਸ ਵਿਚ ਸਿਵਾਏ ਹੁਸਨ ਤੋਂ ਹੋਰ ਕੋਈ ਗੁਣ ਨਹੀਂ ਹੈ।ਉਧਰੋਂ ਧੀਦੋ ਆਲਸੀ ਤੇ ਅਤਿ ਦਰਜ਼ੇ ਦਾ ਨਿਕੰਮਾ। ਜੋ ਜ਼ਿੰਦਗੀ ਵਿਚ ਕੋਈ ਕੰਮ ਨਾ ਕਰ ਸਕਿਆ।ਭਰਜਾਈਆਂ ਨਾਲ ਛੇੜਖਾਨੀਆਂ ਕਰਦਾ ਰਹਿੰਦਾ ਹੁੰਦਾ ਸੀ। ਭਰਾਵਾਂ ਨੇ ਛਿੱਤਰ ਪਰੇਡ ਕਰਕੇ ਘਰੋਂ ਕੱਢ ਦਿੱਤਾ।ਉਹ ਵਿਹਲੜ ਬੰਸਰੀ ਗੁਵਾ ਕੇ ਉਹਨੂੰ ਲੱਭਦਾ ਰਹਿੰਦਾ ਹੁੰਦਾ ਸੀ।ਇਹੀ ਝੱਲ ਉਸ ਨੇ ਇਸ਼ਕ਼ ਵਿਚ ਖਿਲਾਰਿਆ। ਹੀਰ ਗੁਆ ਕੇ ਮੁੜਕੇ ਲੱਭਦਾ ਫਿਰੇ।ਪੁਰਾਣੇ ਸਮਿਆਂ ਵਿਚ ਡਾਕੂ ਲੁਟੇਰੇ ਡੋਲੇ ਲੁੱਟ ਲਿਆ ਕਰਦੇ ਹੁੰਦੇ ਸੀ ਤੇ ਕੁੜੀ ਦੇ ਪੇਕੇ ਖ਼ਾਸ ਕਰ ਭਰਾ ਬਰਾਤ ਦੀ ਫੌਜ ਵਿਚ ਵਾਧਾ ਕਰਨ ਲਈ ਰਾਖੇ ਬਣ ਕੇ ਡੋਲੀ ਨਾਲ ਜਾਇਆ ਕਰਦੇ ਸੀ, ਜੋ ਰਸਮ ਅੱਜ ਵੀ ਕਾਇਮ ਹੈ। ਰਾਂਝਾ ਵੀ ਹੀਰ ਦੇ ਭਾਈਆਂ ਵਿਚ ਸ਼ਾਮਿਲ ਹੋ ਕੇ ਡੋਲੇ ਦੀ ਰਖਵਾਲੀ ਕਰਨ ਲਈ ਨਾਲ ਗਿਆ ਸੀ। ਰਾਂਝੇ ਦਾ ਹੀਰ ਨਾਲ ਇਸ਼ਕ਼ ਦੇਖੋ ਕਿ ਹੀਰ ਨੂੰ ਦਾਜ ਵਿਚ ਮਿਲੀਆਂ ਮੱਝਾਂ ਉਹਦੇ ਸਾਹੁਰੇ ਘਰ ਹਿੱਕ ਕੇ ਖ਼ੁਦ ਛੱਡ ਕੇ ਆਉਂਦਾ ਹੈ ਤੇ ਮਗਰੋਂ ਹੀਰ ਨੂੰ ਮਿਲ਼ਣ ਲਈ ਆਪਣੇ ਕੰਪਿਊਟਰਾਇਜ਼ਡ ਦਿਮਾਗ਼ ਨਾਲ ਐਸੇ ਬਹਾਨੇ ਲੱਭਦਾ ਕਿ ਨਾ ਸਿਰਫ਼ ਹੀਰ ਦੀ ਵਿਆਹੁਤਾ ਜ਼ਿੰਦਗੀ ਤਬਾਹ ਕਰਦਾ ਹੈ। ਸਗੋਂ ਉਹਦੀ ਨਣਦ ਨੂੰ ਵੀ ਬਦਚਲਣ ਬਣਾ ਦਿੰਦਾ ਹੈ।ਇਸ ਸਾਰੇ ਕਿੱਸੇ ਵਿਚ ਕੈਦੋਂ ਨੂੰ ਵਿਲਨ (ਖਲਨਾਇਕ) ਬਣਾ ਦਿੱਤਾ ਜਾਂਦਾ ਹੈ। ਭਤੀਜੀ ਕੋਈ ਗ਼ਲਤ ਕੰਮ ਕਰ ਰਹੀ ਹੋਵੇ ਤਾਂ ਕਿਹੜਾ ਤਾਇਆ ਜਾਂ ਚਾਚਾ ਉਸਨੂੰ ਵਰਜਣਾ ਨਹੀਂ ਚਾਹੇਗਾ? ਘਰਦਿਆਂ ਦੇ ਦੂਰਕਾਰੇ ਹੋਏ ਰਾਂਝੇ ਨੂੰ ਚੂਚਕ ਨੇ ਸ਼ਰਨ ਅਤੇ ਨੌਕਰੀ ਦਿੱਤੀ। ਉਹ ਉਸਦੀ ਇੱਜ਼ਤ ਨਾਲ ਹੀ ਖੇਡਿਆ। ਸਾਡੇ ਪੰਜਾਬੀ ਲੇਖਕਾਂ ਦੀ ਤਿੱਖੀ ਸੋਚ ਦੇਖੋ, ਬਜਾਏ ਇਹ ਕਹਿਣ ਦੇ ਕਿ ਕੋਈ ਹੀਰ ਨਾ ਪੈਦਾ ਹੋਵੇ! ਕੋਈ ਮੁੰਡਾ ਰਾਂਝੇ ਵਰਗੇ ਨਾ ਬਣੇ!!! ਪੰਜਾਬੀ ਗੱਭਰੂ ਮਿਹਨਤਕਸ਼ ਹੋਣ ਤੇ ਮੁਟਿਆਰਾਂ ਇਖ਼ਲਾਕੀ ਹੋਣ। ਉਹ ਰੋਲ ਮਾਡਲ ਵਜੋਂ ਹੀਰ-ਰਾਂਝੇ ਨੂੰ ਪੇਸ਼ ਕਰਕੇ ਪੂਰਾ ਟਿੱਲ ਲਾ ਰਹੇ ਹਨ ਤੇ ਪੰਜਾਬ ਦੀ ਹਰ ਲੜਕੀ ਨੂੰ ਹੀਰ ਬਣਿਆ ਦੇਖਣਾ ਚਾਹੁੰਦੇ ਹਨ।ਹਰ ਪੰਜਾਬੀ ਗੱਭਰੂ ਨੂੰ ਰਾਂਝਾ।ਸਾਡੇ ਪੰਜਾਬੀ ਲੇਖਕ ਹੀਰ ਵਰਗੀ ਕੁੜੀ ਨਾਲ ਵਿਆਹ ਕਰਵਾਉਣ ਦੀ ਆਪਣੀਆਂ ਰਚਨਾਵਾਂ ਵਿਚ ਪ੍ਰੇਰਨਾ ਦਿੰਦੇ ਹਨ, ਜੋ ਕਿ ਇਕ ਬਦਚਲਨ ਜਨਾਨੀ ਸੀ। ਕੌਣ ਕਹਿੰਦਾ ਹੈ ਕਿ ਅਸੀਂ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੰਦੇ? ਸਾਡੇ ਸਾਹਿਤਕਾਰ ਤਾਂ ਚਰਿਤ੍ਰਹੀਣ ਇਸਤਰੀਆਂ ਨਾਲ ਘਰ ਵਸਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਹੀਰ ਦਾ ਮਕਬਰਾ ਬਣਾ ਕੇ ਉਥੋਂ ਨਵ-ਵਿਆਹੁਤਾ ਜੋੜੇ ਆਪਣੇ ਸਾਥ ਨਿਭਣ ਦੀਆਂ ਸੁੱਖਾਂ ਸੁੱਖਣ ਜਾਂਦੇ ਹਨ।ਜਿਵੇਂ ਮਾਈ ਹੀਰ ਤਾਂ ਸੱਤ ਜਨਮਾਂ ਦੇ ਸਾਥ ਨਿਭਾਅ ਗਈ ਹੁੰਦੀ ਹੈ। ਕੁਝ ਸਾਹਿਤਕਾਰ ਤੇ ਵਿਦਵਾਨ ਹੀਰ-ਰਾਂਝੇ ਦੇ ਇਸ਼ਕ਼ ਨੂੰ ਹਕੀਕੀ ਵੀ ਗਰਦਾਨਦੇ ਹਨ, ਜਦੋਂ ਕਿ ਉਹ ਖਾਲਸ ਇਸ਼ਕ਼ ਮਿਜ਼ਾਜੀ ਸੀ ਤੇ ਨਿਰੋਲ ਜਿਣਸੀ ਖਿੱਚ ਤੋਂ ਉਤਪਨ ਹੋਇਆ ਰਿਸ਼ਤਾ ਸੀ।ਹਕੀਕੀ ਇਸ਼ਕ਼ ਲਈ ਵਿਪਰੀਤ ਲਿੰਗ ਦੀ ਚੋਣ ਕਿਉਂ ਕੀਤੀ ਗਈ? ਹਕੀਕੀ ਇਸ਼ਕ਼ ਤਾਂ ਸਮਲਿੰਗ ਨਾਲ ਵੀ ਨਿਭਾਇਆ ਜਾ ਸਕਦਾ ਹੈ! ਉਸ ਲਈ ਸਰੀਰਕ ਰੂਪ ਵਿਚ ਇਕੱਠੇ ਹੋਣ ਦੀ ਕੀ ਲੋੜ ਹੈ?