
ਲੇਖ - ਭਾਗ - 3
ਰਾਮ ਸਰੂਪ ਅਣਖੀ ਦਾ ਨਾਵਲ ‘ਕੋਠੇ ਖੜਕ ਸਿੰਘ’ ਛਪਿਆ ਤਾਂ ਪੰਜਾਬੀ ਸਾਹਿਤ ਵਿਚ ਇਕ ਹਨੇਰੀ ਜਿਹੀ ਆ ਗਈ। ਅਣਖੀ ਸਾਹਿਤ ਜਗਤ ਵਿਚ ਸਥਾਪਿਤ ਹੋ ਗਿਆ। ਮਾਲਵੇ ਦੇ ਸਾਹਿਤ ਵਿਚ ਪਹਿਲੀ ਵਾਰ ਕਿਸੇ ਨੇ ‘ਰੋਪ ਐਂਡ ਨੌਟਸ’ ਤਕਨੀਕ ਵਰਤੀ ਸੀ। ਪਾਠਕ ਕਹਾਣੀ ਦੇ ਰੱਸਾ ਦਾ ਇਕ ਸਿਰਾ ਫੜਦਾ ਹੈ ਤਾਂ ਰਹੱਸ ਦੀ ਗੰਢ੍ਹ ਆ ਜਾਂਦੀ ਹੈ। ਪਾਠਕ ਪੜ੍ਹਦਿਆਂ ਇਕ ਗੰਢ੍ਹ ਖੋਲ੍ਹਦਾ ਤਾਂ ਅੱਗੇ ਦੂਜੀ ਆ ਜਾਂਦੀ। ਜੋਸ਼ ਵਿਚ ਆ ਕੇ ਅਣਖੀ ਨਿੱਕੀਆਂ ਕਹਾਣੀਆਂ ਲਿਖਣ ਲੱਗ ਪਿਆ। ਉਸ ਦੀ ਚਰਚਾ ਹੋਣ ਲੱਗੀ।ਉਸਨੇ ਪੰਜਾਬੀ ਕਹਾਣੀ ਵਿਚ ਇਕ ਨਵਾਂ ਟਰੈਂਡ ਸ਼ੁਰੂ ਕਰ ਦਿੱਤਾ। ਬੱਸ ਵਿਚ ਬੈਠੋ।ਲੁਧਿਆਣੇ ਤੋਂ ਥਰੀਕੇ ਜਾਂ ਦਾਖੇ-ਮੁੱਲਾਂਪੁਰ ਤੋਂ ਚੌਂਕੀਮਾਨ। ਕਹਾਣੀ ਪੜ੍ਹਨੀ ਸ਼ੁਰੂ ਕਰੋ, ਅੱਗਲੇ ਅੱਡੇ ਤੱਕ ਕਹਾਣੀ ਖ਼ਤਮ। ਫਿਰ ਅਣਖੀ ਦੇ ਨਾਵਲ ‘ਪਰਤਾਪੀ’ ਨੇ ਉਸਨੂੰ ਹੋਰ ਪ੍ਰਸਿੱਧ ਕਰ ਦਿੱਤਾ।‘ਪਰਤਾਪੀ’ ਉੱਤੇ ਫਿਲਮ ਵੀ ਬਣੀ। ਅਣਖੀ ਫਿਲਮ ਦੇਖ ਕੇ ਖਿਝਿਆ ਬੜਾ, ਮੈਂ ਫਿਲਮ ਦੀ ਪ੍ਰਸੰਸਾ ਕੀਤੀ ਤਾਂ ਬੋਲਿਆ, “ਹਾਂ, ਸਾਲ਼ਿਆਂ ਨੇ ਪਾਣੀ ਪਾ ‘ਤਾ। ਸਤਿਆਨਾਸ ਮਾਰ ‘ਤਾ ਪਰਤਾਪੀ ਦਾ।” ਲੇਕਿਨ ਅਣਖੀ ਲਿਖ ਲਿਖ ਧੂੜਾਂ ਪੱਟਣ ਲੱਗ ਪਿਆ।
-----
ਪਾਠਕ ਉਸ ਦੀ ਨਵੀਂ ਰਚਨਾ ਉਡੀਕਦੇ। ਕੁਝ ਸਾਲ ਬਾਅਦ ਪੰਜਾਬੀ ਕਹਾਣੀ ਨੂੰ ਉਸਨੇ ਇਕ ਹੋਰ ਦੇਣ ਦਿੱਤੀ। ਤ੍ਰੈਮਾਸਿਕ ਸਾਹਿਤਕ ਮੈਗਜ਼ੀਨ ‘ਕਹਾਣੀ ਪੰਜਾਬ’ ਕੱਢ ਕੇ।‘ਕਹਾਣੀ ਪੰਜਾਬ’ ਦਿਨਾਂ ਵਿਚ ਪੈਰ ਲਾ ਗਿਆ।ਪਰ ਇਹਦੇ ਰੁਝੇਵੇਂ ਨਾਲ ਅਣਖੀ ਦੇ ਲਿਖਣ ’ਤੇ ਅਸਰ ਪੈ ਗਿਆ।ਉਸਨੂੰ ਖ਼ੁਸ਼ੀ ਸੀ ਕਿ ਚੱਲ ਬਥੇਰਾ ਲਿਖ ਲਿਆ ਹੈ। ਸੁਰਖੀਆਂ ਵਿਚ ਹੀ ਰਹਿਣਾ ਹੈ।ਹੁਣ ਉਹੀ ਗੱਲ ‘ਕਹਾਣੀ ਪੰਜਾਬ’ ਰਾਹੀਂ ਬਣੀ ਜਾ ਰਹੀ ਹੈ। ਜਿਨ੍ਹਾਂ ਚਿਰ ਕੋਈ ਕਹਾਣੀਕਾਰ ‘ਕਹਾਣੀ ਪੰਜਾਬ’ ਵਿਚ ਨਾ ਛਪਦਾ ਤਾਂ ਉਸਨੂੰ ਸਥਾਪਿਤ ਕਹਾਣੀਕਾਰ ਨਹੀਂ ਸੀ ਮੰਨਿਆ ਜਾਂਦਾ। ਅਣਖੀ ਨੇ ਲੱਭ ਲੱਭ ਨਵੇਂ ਤੇ ਅਣਗੌਲੇ ਕਹਾਣੀਕਾਰ ਛਾਪੇ, ਜੋ ਇਕੋ ਹੀ ਕਹਾਣੀ ਨਾਲ ਚਰਚਾ ਫੜ ਜਾਂਦੇ।ਅਣਖੀ ਨੇ ਜਿਥੇ ਮਨਮੋਹਨ ਬਾਵਾ, ਪ੍ਰਗਟ ਸਿੱਧੂ ਵਰਗੇ ਬਜ਼ੁਰਗ ਕਹਾਣੀਕਾਰਾਂ ਨੂੰ ਚਰਚਿਤ ਕਰਵਾਇਆ, ਉਥੇ ਮੇਰੇ, ਜਤਿੰਦਰ ਹੰਸ ਅਤੇ ਜਸਵੀਰ ਰਾਣੇ ਵਰਗੇ 23-24 ਸਾਲਾਂ ਦੇ ਨੌਜਵਾਨ ਕਹਾਣੀਕਾਰਾਂ ਦੇ ਘਰੀਂ ਜਾ ਕਹਾਣੀਆਂ ਲਿਖਵਾਈਆਂ ਤੇ ਕਿਹਾ ਆਉ ਦੱਸੀਏ ਪੰਜਾਬੀ ਕਹਾਣੀ ਕਿਥੇ ਖੜ੍ਹੀ ਹੈ। ਮੈਥੋਂ ਧੱਕੇ ਨਾਲ ਕਹਾਣੀ ਉਦੋਂ ਲਿਖਵਾਈ ਜਦੋਂ ਮੇਰੀ ਮਾਨਸਿਕਤਾ ਖੰਡਿਤ ਸੀ।ਅਣਖੀ ਮੇਰੇ ਨਾਲ ਫੋਨ ’ਤੇ ਲੜਿਆ, “ਤੇਰੀ ਕਹਾਣੀ ਕਦੇ ਕਹਾਣੀ ਪੰਜਾਬ ਨੂੰ ਕਿਉਂ ਨਹੀਂ ਆਈ?”
“ਅਣਖੀ ਜੀ, ਮੈਂ ਥੋੜ੍ਹਾ ਜਿਹਾ ਗਰਮ ਲਿਖਦਾਂ। ਮੇਰੀ ਕਹਾਣੀ ਐਡੇ ਵੱਡੇ ਮੈਗਜ਼ੀਨ ਵਿਚ ਕਿਵੇਂ ਛਪ ਸਕਦੀ ਹੈ?”
“ਸਿਰਜਣਾ, ਅਕਸ, ਕਥਾ ਸਾਗਰ ਤੇ ਜੱਗਬਾਣੀ ਵਿਚ ਕਿਵੇਂ ਛਪਦੀਆਂ? ਤੂੰ ਅੱਜ ਹੀ ਨਵੀਂ ਕਹਾਣੀ ਲਿਖ? ਸੈਕਸ ਦੇ ਵਰਣਨ ਦੀ ਤੈਨੂੰ ਖੁੱਲ੍ਹ ਹੈ। ਪਰ ਰੱਖੀ ਸਹਿੰਦੀ ਸਹਿੰਦੀ ਜਿਹੀ ਪਤੰਦਰਾ। ਲਾਇਬਰੇਰੀਆਂ ਤੇ ਯੂਨੀਵਰਿਸਟੀਆਂ ਨੂੰ ਆਪਣਾ ਪਰਚਾ ਜਾਂਦੈ। ਸਾਲ ਵਿਚ ਇਕ ਵਾਰੀ ਮਨਮੋਹਨ ਬਾਵੇ ਤੇ ਵੀਨਾ ਵਰਮਾ ਨੂੰ ਛਾਪਦਾਂ।ਤੀਜਾ ਨਾਮ ਤੇਰਾ ਹੋਊ। ਤੇਰੀ ਕਹਾਣੀ ਕਲਾ ਦਾ ਮੈਂ ਲੋਹਾ ਮਨਵਾ ਦਿਉਂ। ਤੈਨੂੰ ਖੜ੍ਹਾ ਕਰਨੈ ਆਪਾਂ।”
-----
ਅਣਖੀ ਦੀ ਹੱਲਾਸ਼ੇਰੀ ਵਿਚ ਆ ਕੇ ਮੈਂ ਉਸੇ ਰਾਤ ਕਹਾਣੀ ਲਿਖੀ। ਕਹਾਣੀ ਪੰਜਾਬ ਵਿਚ ਜਦੋਂ ਛਪੀ ਤਾਂ ਮੈਨੂੰ 52 ਚਿੱਠੀਆਂ ਆਈਆਂ। ਵੱਡੇ ਵੱਡੇ ਕਹਾਣੀਕਾਰਾਂ, ਡਾਕਟਰਾਂ ਆਲੋਚਕਾਂ ਦੀਆਂ ਤੇ ਪਾਠਕਾਂ ਦੀਆਂ। ਯੂਨੀਵਰਸਿਟੀ ਕਾਲਜਾਂ ਦੇ ਮੁੰਡੇ ਕੁੜੀਆਂ ਦੀਆਂ। ਨਾਭੇ ਜੇਲ੍ਹ ਦੇ ਕ਼ੈਦੀਆਂ ਦੀਆਂ।ਇਕ ਕੁੜੀ ਨੇ ਤਾਂ ਵੇਗ ਵਿਚ ਆ ਕੇ ਮੇਰੀ ਕਹਾਣੀ ਨਾਲੋਂ ਵੀ ਲੁੱਚੀ ਪਿਆਰ ਭਰੀ 18 ਸਫਿਆਂ ਦੀ ਮੈਨੂੰ ਚਿੱਠੀ ਲਿਖੀ।ਮੇਰੀ ਕਹਾਣੀ ਵਿਚਲੀਆਂ ਉਹ ਗੱਲਾਂ ਉਭਾਰੀਆਂ ਜੋ ਖ਼ੁਦ ਮੈਨੂੰ ਵੀ ਨਹੀਂ ਸੀ ਪਤਾ ਤੇ ਨਾ ਹੀ ਕੋਈ ਮਾਈ ਦਾ ਲਾਲ ਆਲੋਚਕ ਉਹ ਨੁਕਤੇ ਫੜ ਸਕਦਾ ਹੈ। ਮੈਂ ਹੈਰਾਨ ਰਹਿ ਗਿਆ।
-----
ਸਾਡੇ ਨਵੇਂ ਪੋਚ ਦੇ ਨੌਜਵਾਨ ਕਹਾਣੀਕਾਰਾਂ ਵਿਚੋਂ ਜਦੋਂ ਜਸਵੀਰ ਰਾਣੇ ਦੀ ਕਹਾਣੀ ਛਪੀ ਤਾਂ ਕਈ ਵੱਡੇ ਵੱਡੇ ਮਹਾਂਰਥੀ ਮੂਧੇ ਮੂੰਹ ਡਿੱਗ ਪਏ।ਜਸਵੀਰ ਦੀ ਕਹਾਣੀ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕਹਾਣੀ ਲਿਖਣੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਦੇ ਬਰਾਬਰ ਦੀ ਕਹਾਣੀ ਲਿਖਣਾ ਕਿਸੇ ਦੇ ਵੱਸ ਦਾ ਰੋਗ ਨਹੀਂ। ਕਈ ਕਹਾਣੀਕਾਰਾਂ ਮਖੌਲ ਵਿਚ ਅਣਖੀ ਨੂੰ ਇਹ ਵੀ ਕਹਿ ਜਾਂਦੇ, “ਅਣਖੀ ਤੈਨੂੰ ਹਟਾਉਣਾ ਪੈਣੈ। ਨਵੇਂ ਨਵੇਂ ਤੀਰ ਛੱਡੀ ਜਾਨੈ। ਪਾੜਨੈ ਸਾਨੂੰ।”
-----
ਕੁਝ ਵਰ੍ਹੇ ਬੀਤਣ ਬਾਅਦ ਅਣਖੀ ਦੇ ਦਿਮਾਗ਼ ਵਿਚ ਆਇਆ ਕਿ ਯਾਰ ਲੋਕਾਂ ਦੀ ਚਰਚਾ ਕਰਵਾਈ ਜਾਂਦੇ ਹਾਂ। ਹੁਣ ਤਾਂ ਸਮਾਂ ਬਹੁਤ ਹੋ ਗਿਆ। ‘ਕੋਠੇ ਖੜਕ ਸਿੰਘ’ ਵਾਲਾ ਨਸ਼ਾ ਜਿਹਾ ਲਹਿੰਦਾ ਜਾਂਦੈ। ਕੁਝ ਨਵਾਂ ਕਰੀਏ।ਪਰ ਹੋਵੇ ‘ਕੋਠੇ ਖੜਕ ਸਿੰਘ’ ਵਾਲੀ ਗੱਲ। ਹੁਣ ਤਾਂ ਆਪਣਾ ਕਰਾਂਤੀ ਪਾਲ ਵੀ ਸਥਾਪਿਤ ਹੋ ਗਿਆ ਹੈ। ‘ਕਹਾਣੀ ਪੰਜਾਬ’ ਦਾ ਪਲੇਟ ਫਾਰਮ ਵੀ ਹੈ ਤੇ ਪੰਜ ਸੱਤ ਚੋਟੀ ਦੇ ਆਲੋਚਕ ਵੀ ਗੋਡੇ ਫੜਦੇ ਨੇ। ਅਣਖੀ ਨੇ ‘ਕੋਠੇ ਖੜਕ ਸਿੰਘ’ ਨੂੰ ਮੌਡਰਨ ਟਰੀਟਮੈਂਟ ਦੇ ਕੇ ਦੁਬਾਰਾ ਲਿਖ ਦਿੱਤਾ ਤੇ ਇੰਝ ਨਵਾਂ ਨਾਵਲ ਪਾਠਕਾਂ ਦੇ ਹੱਥ ਵਿਚ ਸੀ।ਇਕ ਵਾਰ ਮੈਂ ਇੰਟਰਵਿਊ ਕਰਦਿਆਂ ਪੁੱਛ ਬੈਠਾ, “ਅਣਖੀ ਸਾਹਿਬ ਇਹ ‘ਕੋਠੇ ਖੜਕ ਸਿੰਘ’ ਨੂੰ ਨਵੇਂ ਲਿਫਾਫੇ ਵਿਚ ਪਾਉਣ ਦੀ ਕੀ ਲੋੜ ਪੈ ਗਈ ਸੀ?”
ਅਣਖੀ ਨੇ ਜੁਆਬ ਦਿੱਤਾ, “ਯਾਰ ਉਦੋਂ ਦੋ ਕੁ ਗੱਲਾਂ ਰਹਿਗੀਆਂ ਸੀ ਲਿਖਣ ਵਾਲੀਆਂ।ਨਾਲੇ ਪਾਠਕਾਂ ਨੂੰ ਨਵਾਂ ਨਾਵਲ ਵੀ ਤਾਂ ਦੇਣਾ ਸੀ। ਨਿੱਤ ਨਵਾਂ ਸੌਦਾ ਕਿਥੋਂ ਕੱਢੀ ਜਾਈਏ? ਪਰ ਤੂੰ ਇਹ ਇੰਟਰਵਿਊ ਵਿਚ ਲਿਖਣਾ ਨ੍ਹੀਂ।”
-----
ਅਣਖੀ ਦੇ ਪਾਤਰ ਗੇਲੋ, ਗਿੰਦਰ, ਦੁੱਲਾ, ਹਰਨਾਮੀ, ਅਰਜਨ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ, ਸਰਦਾਰੋ, ਸੱਜਣ, ਪੁਸ਼ਪਿੰਦਰ, ਮੁਕੰਦ, ਮੈਂਗਲ, ਜਲ ਕੁਰ, ਗ੍ਹੀਰਾ, ਚੰਦ ਲੁੱਧੜ ਆਦਿ ਤੁਹਾਨੂੰ ਆਮ ਜਨ-ਜੀਵਨ ਵਿਚ ਤੁਰੇ ਫਿਰਦੇ ਰੋਜ਼ ਲੱਭਦੇ ਹਨ, ਪਰ ਕੋਠੇ ਖੜਕ ਸਿੰਘ, ਪਰਤਾਪੀ, ਹਮੀਰਗੜ੍ਹ ਅਤੇ ਦੁੱਲੇ ਦੀ ਢਾਬ ਪੜ੍ਹਦਿਆਂ ਰਚਨਾਵਾਂ ਦਾ ਨਿਖੇੜਾ ਕਰਨ ਲਈ ਪਾਠਕ ਨੂੰ ਦਿਮਾਗ਼ ਦੀਆਂ ਨਸ਼ਾਂ ਉੱਤੇ ਜ਼ੋਰ ਪਾਉਣਾ ਪੈਂਦਾ ਹੈ।
-----
ਅਣਖੀ ਦੂਜੀ ਵਾਰ ਇੰਗਲੈਂਡ ਆਇਆ ਤਾਂ ਮੇਰੇ ਘਰੇ ਰਾਤ ਨੂੰ ਬੈਠਿਆਂ ਉਹਨੇ ਆਪਣੇ ਬੈਗ ਵਿਚੋਂ ਆਪਣੇ ਕਹਾਣੀ ਸੰਗ੍ਰਹਿ ਦੀ ਪੰਜ ਸੌ ਤੋਂ ਵੱਧ ਸਫਿਆਂ ਦੀ ਸੈਂਚੀ ‘ਚਿੱਟੀ ਕਬੂਤਰੀ’ ਮੈਨੂੰ ਭੇਂਟ ਕਰਦਿਆਂ ਕਿਹਾ, “ਇਹ ਤੈਨੂੰ ਮੇਰੇ ਵੱਲੋਂ ਤੋਹਫ਼ੈ। ਮੇਰੇ ਕੋਲ ਇਕ ਹੀ ਕਾਪੀ ਸੀ। ਇੰਡੀਆ ਤੋਂ ਆਉਣ ਲੱਗਿਆ ਮੈਂ ਇਹ ਸੋਚ ਕੇ ਲਿਆਇਆ ਸੀ ਕਿ ਇਹ ਮੈਂ ਉਹਨੂੰ ਦੇਊਂਗਾ, ਜਿਹੜਾ ਮੈਨੂੰ ਵਧੀਆ ਪਾਠਕ ਲੱਗਿਆ।”
ਸਵੇਰ ਹੋਈ ਤਾਂ ਮੈਂ ਚਾਹ ਲੈ ਕੇ ਅਣਖੀ ਕੋਲ ਗਿਆ ਤਾਂ ਉਹ ‘ਚਿੱਟੀ ਕਬੂਤਰੀ’ ਚੁੱਕੀ ਨਿਹਾਰੀ ਜਾ ਰਿਹਾ ਸੀ।
“ਇਹ ਮੇਰੀਆਂ ਸਾਰੀਆਂ ਚੋਣਵੀਆਂ ਕਹਾਣੀਆਂ ਦੀ ਕਿਤਾਬ ਹੈ। ਭਾਪਾ ਪ੍ਰੀਤਮ ਸਿੰਘ ਤੇ ਮੈਂ ਇਸ ’ਤੇ ਬੜੀ ਮਿਹਨਤ ਕੀਤੀ ਹੈ। ਪੜ੍ਹੀਂ ਜ਼ਰੂਰ।”
“ਮੈਂ ਰਾਤ ਹੀ ਪੜ੍ਹ ਲਈ ਸੀ।”
“ਹੈਂਅ!! ਐਡੀ ਛੇਤੀ ਕਿਵੇਂ?”
“ਮੇਰੀ ਸਪੀਡ ਬਹੁਤ ਹੈ। ਮੈਂ ਤਿੰਨ ਸੌ ਸਫੇ ਦੀ ਕਿਤਾਬ ਇਕ ਘੰਟੇ ਵਿਚ ਪੜ੍ਹ ਲੈਂਦਾ ਹਾਂ ਤੇ ਫਿਰ ਉਸ ਕਿਤਾਬ ਬਾਰੇ ਮੈਥੋਂ ਜੋ ਮਰਜ਼ੀ ਪੁੱਛ ਲਉ।”
ਅਣਖੀ ਹੈਰਤਅੰਗੇਜ਼ ਹੋ ਗਿਆ, “ਫੇਰ ਤਾਂ ਤੈਨੂੰ ਗਿਨਿਸ ਬੁੱਕ ਵਿਚ ਨਾਮ ਲਿਖਵਾਉਣਾ ਚਾਹੀਦੈ।”
“ਲਿਖਵਾਵਾਂਗੇ। ਮੌਜੂਦਾ ਰਿਕਾਰਡ 316 ਸਫੇ ਇਕ ਘੰਟਾ 23 ਮਿੰਟ ਵਿਚ ਪੜ੍ਹਨ ਦਾ ਹੈ। ਮੈਂ ਸਟੈਮਨਾ ਬਣਾ ਰਿਹਾ ਹਾਂ ਤੇ ਉਦਣ ਰਿਕਾਰਡ ਬਣਾ ਕੇ ਦਰਜ਼ ਕਰੂੰ, ਜਦੋਂ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਰਿਕਾਰਡ ਮੇਰੇ ਜਿਉਂਦੇ ਜੀਅ ਕਿਸੇ ਤੋਂ ਟੁੱਟੇ ਨਾ।”
“ਪੂਰੇ ਛੇ ਮਹੀਨੇ ਲਾ ਕੇ ਮੈਂ ਖ਼ੁਦ ਇਸਦੇ ਪਰੂਫ ਪੜ੍ਹੇ ਨੇ। ਇਸ ਵਿਚ ਇਕ ਵੀ ਗ਼ਲਤੀ ਨਹੀਂ।”
“ਅਣਖੀ ਜੀ, ਇਹਦੇ ਤਤਕਰਾ ਪੰਨੇ ’ਤੇ ਇਕ ਕਹਾਣੀ ਦਾ ਨਾਮ ਜੋ ਲਿਖਿਆ ਹੈ। ਅੰਦਰ ਅਸਲ ਪੰਨੇ ਉਤੇ ਸਿਰਲੇਖ ਕੁਝ ਹੋਰ ਹੈ ਤੇ ਕਹਾਣੀ ਕੋਈ ਹੋਰ ਹੈ। ਬਾਕੀ ਗ਼ਲਤੀਆਂ ਵੀ ਮੈਂ ਅੰਡਰਲਾਈਨ ਕਰ ਦਿੱਤੀਆਂ ਦੇਖ ਲਉ।”
“ਅੱਛਾ? ਇਹ ਕਿਵੇਂ ਹੋ ਗਿਆ।” ਅਣਖੀ ਦੇ ਮੂੰਹ ਵਿਚੋਂ ਚਾਹ ਦੀ ਘੁੱਟ ਬਾਹਰ ਆਉਂਦੀ ਆਉਂਦੀ ਮਸਾਂ ਬਚੀ। ਅਣਖੀ ‘ਚਿੱਟੀ ਕਬੂਤਰੀ’ ਚੁੱਕੀ ਕਿੰਨਾ ਚਿਰ ਗ਼ਲਤੀਆਂ ਦਾ ਮਾਤਮ ਮਨਾਉਂਦਾ ਰਿਹਾ।
-----
ਮੈਂ ਬਰਨਾਲੇ ਗਿਆ ਤੇ ਸੋਚਿਆ ਕਿਉਂ ਨਾ ਅਣਖੀ ਨੂੰ ਮਿਲ ਚੱਲੀਏ? ਕੱਚਾ ਕਾਲਜ ਰੋਡ ’ਤੇ ਮੈਂ ਅਣਖੀ ਦੇ ਘਰ ਗਿਆ।ਅਣਖੀ ਕੁਰਸੀ ’ਤੇ ਬੈਠਾ ਚਾਰ ਪੰਜ ਸਫਿਆਂ ਦਾ ਲੇਖ ਪੜ੍ਹੀ ਜਾਵੇ ਜੋ ਉਸ ਨੂੰ ਮੇਰੇ ਤੋਂ ਪਹਿਲਾਂ ਸਾਡੇ ਇੰਗਲੈਂਡ ਦਾ ਹੀ ਇਕ ਪ੍ਰਸਿਧ ਲੇਖਕ ‘ਕਹਾਣੀ ਪੰਜਾਬ’ ਵਿਚ ਛਪਣ ਲਈ ਦੇ ਕੇ ਗਿਆ ਸੀ।ਮੈਂ ਪੁੱਛ ਲਿਆ, “ਕੀ ਪੜ੍ਹਦੇ ਸੀ?” ਅਣਖੀ ਨੇ ਮੈਨੂੰ ਉਸ ਲੇਖਕ ਦਾ ਨਾਮ ਦੱਸ ਕੇ ਕਿਹਾ ਕਿ ਉਹਦਾ ਲੇਖ ਹੈ ਸ਼ੈਕਸਪੀਅਰ ਉੱਤੇ ਲਿਖਿਆ ਹੋਇਆ ਹੈ। ਬੜਾ ਵਧੀਆ। ਅਗਲੇ ਅੰਕ ਵਿਚ ਲਾਵਾਂਗੇ।
-----
ਮੈਂ ਸੋਚਿਆ ਜਿਹੜਾ ਬੰਦਾ ਪੰਜਾਬੀ ਦੇ ਲੇਖਕਾਂ ਨੂੰ ਨਹੀਂ ਪੜ੍ਹਦਾ। ਆਖਦਾ ਹੈ ਦੂਜਿਆਂ ਨੂੰ ਪੜ੍ਹਣ ਨਾਲ਼ ਮੌਲਿਕਤਾ ਨਹੀਂ ਰਹਿੰਦੀ। ਕੱਸੀ ਨਾ ਟੱਪਣ ਵਾਲੇ ਨੇ ਐਡੀ ਵੱਡੀ ਛਾਲ ਮਾਰੀ ਕਿ ਨਹਿਰਾਂ ਟੱਪਣ ਲੱਗ ਪਿਆ?
ਮੈਂ ਅਣਖੀ ਨੂੰ ਉਂਗਲ਼ ਲਾਈ ਕਿ ਇਹਨੇ ਜ਼ਰੂਰ ਕਿਸੇ ਤੋਂ ਗੱਲਾਂ ਸੁਣ ਸੁਣਾ ਕੇ ਲੇਖ ਲਿਖਿਆ ਹੋਣਾ ਹੈ। ਇਹਨੇ ਸ਼ੈਕਸਪੀਅਰ ਕਿਥੋਂ ਪੜ੍ਹ ਲਿਆ? ਇਹ ਤਾਂ ਨਵੀਂ ਅੰਗਰੇਜ਼ੀ ਤੋਂ ਵੀ ਪੈਦਲ ਹੈ ਤੇ ਸ਼ੈਕਸਪੀਅਰ ਪੁਰਾਣੀ ਅੰਗਰੇਜ਼ੀ ਵਿਚ ਲਿਖਦਾ ਸੀ, ਜਿਸ ਵਿਚ ਲਾਤੀਨੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਸੀ।
-----
ਅਣਖੀ ਦੇ ਇਹ ਗੱਲ ਖਾਨੇ ਵੜ ਗਈ। ਉਹਨੇ ਮੈਨੂੰ ਲੇਖ ਪੜ੍ਹਾਇਆ।ਮੈਂ ਤਿੰਨ ਚਾਰ ਗੱਲਾਂ ਵਿਚੋਂ ਫੜ ਲਈਆਂ। ਇਕ ਤਾਂ ਉਹ ਲੇਖਕ ਸ਼ੈਕਸਪੀਅਰ ਨੂੰ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਪੁੱਤ ਦੱਸੀ ਜਾਂਦਾ ਸੀ। ਦੂਜਾ ਉਹਨੇ ‘ਸੰਨਜ਼ ਐਂਡ ਲਵਰ’ ਨਾਵਲ ਤੇ ਚਾਰਲਸ ਡਿਕਨਜ਼ ਦਾ ਨਾਵਲ ‘ਓਲੀਵਰ ਟਵਿਸਟ’ ਸ਼ੈਕਸਪੀਅਰ ਦੇ ਖਾਤੇ ਵਿਚ ਪਾਇਆ ਪਿਆ ਸੀ। ਮੈਂ ਅਣਖੀ ਨੂੰ ਦੱਸ ਦਿੱਤਾ ਕਿ ਸ਼ੈਕਸਪੀਅਰ ਆਜੜੀ ਦਾ ਪੁੱਤ ਸੀ ਤੇ ਨਾਟਕਕਾਰ ਸੀ।‘ਸੰਨਜ਼ ਐਂਡ ਲਵਰਜ਼’ ਡੀ. ਐਚ. ਲੌਰੰਸ ਦਾ ਨਾਵਲ ਉਸਦੀ ਆਪਣੀ ਜ਼ਿੰਦਗੀ ਉੱਤੇ ਅਧਾਰਿਤ ਸੀ ਤੇ ਉਹ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਮੁੰਡਾ ਸੀ, ਜੋ ਨੌਟਿੰਘਮ ਵਿਖੇ ਰਹਿੰਦਾ ਸੀ।
-----
ਅਣਖੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ੈਕਸਪੀਅਰ ਨੂੰ ਪੜ੍ਹਿਆ ਹੈ ਤਾਂ ਮੈਂ ਕਿਹਾ, “ਹਾਂ ਜੀ, ਘੋਲ਼ ਕੇ ਪੀਤਾ ਹੋਇਆ ਹੈ। ਕਿਉਂਕਿ ਸ਼ੈਕਸਪੀਅਰ ਮੇਰੇ ਇੰਗਲੀਸ਼ ਲਿਟਰੇਚਰ ਦੇ ਏ ਲੈਵਲ ਦੇ ਸਿਲੇਬਸ ਵਿਚ ਲੱਗਿਆ ਹੋਇਆ ਸੀ।ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਰੂਪਾਂਤਰਣ ਕਰਕੇ ਅਸੀਂ ਡਰਾਮੇ ਖੇਡਦੇ ਹੁੰਦੇ ਸੀ।”
ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੀਆਂ ਰਚਨਾਵਾਂ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ, ਤੁਸੀਂ ਉਸ ਬਾਰੇ ਉਸਨੂੰ ਪੁੱਛਿਉ।ਮੈਂ ਅਣਖੀ ਨੂੰ ਨੁਕਸ ਦੱਸ ਦਿੱਤਾ ਤਾਂ ਅਣਖੀ ਨੂੰ ਚਾਅ ਚੜ੍ਹ ਗਿਆ, “ਹੁਣ ਆਪਾਂ ਇਹਨਾਂ ਡਾਕਟਰਾਂ ਜਿਹਾ ਨੂੰ ਕਹਿ ਸਕਦੇ ਹਾਂ ਬਈ ਐਡੇ ਵੱਡੇ ਲਿਖਾਰੀ ਵੀ ਗ਼ਲਤੀਆਂ ਕਰਦੇ ਹੁੰਦੇ ਸੀ। ਇਹ ਲੇਖ ਛਪਵਾ ਕੇ ਤਾਂ ਸਾਲੇ ਨੇ ਮਰਵਾ ਦੇਣਾ ਸੀ।ਲਿਆ ਉਹਨੂੰ ਫੋਨ ਕਰੀਏ।”
-----
ਫੇਰ ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੇ ਰੋਮੀਓ ਜੂਲੀਅਟ ਅਤੇ ਹੀਰ ਵਾਰਿਸ ਸ਼ਾਹ ਵਿਚ 35 ਸਮਾਨਤਾਵਾਂ ਹਨ, ਤੁਸੀਂ ਉਹਨਾਂ ਬਾਰੇ ਉਸਨੂੰ ਪੁੱਛਿਉ? ਅਣਖੀ ਦੇ ਪੁੱਛੇ ਉੱਤੇ ਮੈਂ ਉਹ ਸਮਾਨਤਾਵਾਂ ਗਿਣਾ ਦਿੱਤੀਆਂ। ਜਿਨ੍ਹਾਂ ਵਿਚੋਂ ਪਾਠਕਾਂ ਦੀ ਦਿਲਚਸਪੀ ਲਈ ਇਕ ਦੱਸ ਰਿਹਾ ਹਾਂ ਕਿਉਂਕਿ ਸਾਰੀਆਂ ਵੱਖਰੇ ਲੇਖ ਦੀ ਮੰਗ ਕਰਦੀਆਂ ਹਨ।
-----
ਹੀਰ ਦੇ ਪੇਕੇ ਸਿਆਲਾਂ ਅਤੇ ਰਾਝੇ ਦੇ ਪਰਿਵਾਰ ਤਖ਼ਤ ਹਜ਼ਾਰੇ ਵਾਲਿਆਂ ਵਿਚ ਆਪੋ ਆਪਣੇ ਦਰਜ਼ੇ ਨੂੰ ਲੈ ਕੇ ਹਾਉਮੈ ਸੀ। ਹੀਰ ਦੀ ਪਹਿਲੀ ਮੁਲਾਕਾਤ ਰਾਂਝੇ ਨਾਲ ਬੇੜੀ ਤੇ ਫਿਰ ਬਾਰਾਂਦਰੀ ਵਿਚ ਹੁੰਦੀ ਹੈ ਜੋ ਉਸਦੀ ਵਿਹਲਾ ਸਮਾਂ ਬਤੀਤ ਕਰਨ ਦੀ ਜਗ੍ਹਾ ਸੀ। ਪਹਿਲੀ ਮਿਲਣੀ ਵਿਚ ਹੀਰ ਰਾਂਝੇ ਦੇ ਛਮਕਾਂ ਮਾਰਦੀ ਹੈ।ਝਗੜੇ ਉਪਰੰਤ ਉਹਨਾਂ ਵਿਚ ਪਿਆਰ ਉਤਪੰਨ ਹੁੰਦਾ ਹੈ।ਇਵੇਂ ਹੀ ਜੂਲੀਅਟ ਅਤੇ ਰੋਮੀਓ ਦੋ ਮੌਨਟੀਗੀਉ ਅਤੇ ਕੈਪਲਟ ਘਰਾਣਿਆਂ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਵਿਚ ਵੀ ਉਹੀ ਖਾਨਾਜੰਗੀ ਸੀ।ਜੂਲੀਅਟ ਦੇ ਵਿਹਲਾ ਵਕ਼ਤ ਗੁਜ਼ਾਰਨ ਦਾ ਸਥਾਨ ਬਾਲਕੋਨੀ ਹੁੰਦਾ ਹੈ ਜਿਥੇ ਉਸਦੀ ਰੋਮੀਓ ਨਾਲ ਪ੍ਰਥਮ ਮਿਲਣੀ ਹੁੰਦੀ ਹੈ। ਦੋਨਾਂ ਦਾ ਤਕਰਾਰ ਹੁੰਦਾ ਹੈ ਜੋ ਬਾਅਦ ਵਿਚ ਮੁਹੱਬਤ ਵਿਚ ਤਬਦੀਲ ਹੋ ਜਾਂਦਾ ਹੈ।ਬਾਲਕੋਨੀ ਵਾਲੇ ਸੀਨ ਵਿਚਲਾ ਇਕ ਜੂਲੀਅਟ ਦਾ ਡਾਇਲੌਗ ਬਹੁਤ ਮਸ਼ਹੂਰ ਹੋਇਆ ਸੀ, ਜੋ ਐਕਟ ਦੋ ਦੇ ਸੀਨ ਦੋ ਵਿਚ ਆਉਂਦਾ ਹੈ, “O Romeo, Romeo! Wherefore art thou Romeo?” ਭਾਵ ਰੋਮੀਓ ਤੂੰ ਕਿੱਥੇ ਹੈਂ?
ਅਣਖੀ ਨੇ ਉਸ ਲੇਖਕ ਨੂੰ ਫੋਨ ਲਾ ਕੇ ਸਵਾਲ ਕੀਤੇ।ਉਸਨੂੰ ਇਕ ਦਾ ਵੀ ਜੁਆਬ ਨਾ ਆਇਆ। ਪਹਿਲਾਂ ਕਹੇ ਮੈਂ ਅੰਗਰੇਜ਼ੀ ਵਿਚ ਪੜ੍ਹਿਆ ਹੈ। ਫਿਰ ਮੁੱਕਰ ਗਿਆ ਕਿ ਮੈਂ ਅਨੁਵਾਦ ਪੜ੍ਹਿਆ ਹੈ।ਉਸ ਨੂੰ ਸ਼ੈਕਸਪੀਅਰ ਦੀ ਰਚਨਾ ਦਾ ਤਾਂ ਯਾਦ ਸੀ, ਪਰ ਅਨੁਵਾਦਕ ਦਾ ਨਾਮ ਭੁੱਲ ਚੁੱਕਾ ਸੀ!
-----
ਮੈਂ ਗੱਲਾਂ-ਬਾਤਾਂ ਕਰਕੇ ਅਣਖੀ ਕੋਲੋਂ ਆ ਗਿਆ। ਹਫ਼ਤੇ ਬਾਅਦ ਅਣਖੀ ਦਾ ਫੋਨ ਆਇਆ, “ਉਹ ਬਈ ਉਹਦੀ ਥੋਡੇ ਇੰਗਲੈਂਡੀਏ ਦੀ ਚੋਰੀ ਫੜ੍ਹ ‘ਲੀ ਆਪਾਂ। ਹਿੰਦੀ ਦੇ ਰਸਾਲੇ ’ਚੋਂ ਚੋਰੀ ਕਰਕੇ ਲਿਖ ਲਿਆਇਆ ਸੀ। ਕਲਕੱਤੇ ਦੇ ਲੇਖਕ ਨੇ ਚਾਰ ਅੰਗਰੇਜ਼ੀ ਦੇ ਲੇਖਕਾਂ ਬਾਰੇ ਲਿਖਿਆ ਸੀ। ਇਹ ਉਹਦੇ ’ਚੋਂ ਸ਼ੈਕਸਪੀਅਰ ਨੂੰ ਬਾਹੋਂ ਫੜ ਕੇ ਖਿੱਚ ਲਿਆਇਆ ਸੀ।… ਲੀਰਾਂ ’ਕੱਠੀਆਂ ਕਰਕੇ ਲੇਖ ਬਣਾਇਆ। ਤੋਪੇ ਟੰਕੇ ਵੀ ਨ੍ਹੀਂ ਚੱਜ ਨਾਲ ਲਾ ਹੋਏ।” ਲੇਖ ਨਾ ਛਪ ਸਕਿਆ ਤੇ ਉਹ ਮਹਾਨ ਲੇਖਕ ਜਦੋਂ ਕਦੇ ਮੌਕਾ ਮਿਲਦਾ ਹੈ ਮੇਰੇ ਬਾਰੇ ਰੱਜ ਕੇ ਭੜਾਸ ਕੱਢਦਾ ਹੈ। ਮੇਰਾ ਜ਼ਿਕਰ ਕਰਨ ’ਤੇ ਇੰਗਲੈਂਡ ਦਾ ਜਿਹੜਾ ਲੇਖਕ ਜ਼ਿਆਦਾ ਲੋਹਾ ਲਾਖਾ ਹੋਵੇ ਸਮਝ ਲੈਣਾ ਇਹ ਉਹੀ ਲੇਖਕ ਹੈ।
1 comment:
bahut vadia lekh likhe ne balraj ji ..keep it up agge likhde raho..
Post a Comment