
ਲੇਖ - ਭਾਗ - 2
ਅੰਗਰੇਜ਼ੀ ਦਾ ਇਕ ਵਿਸ਼ਵ ਪ੍ਰਸਿੱਧ ਸਾਹਿਤਕਾਰ ਹੋਇਆ ਹੈ ਡੀ. ਐਚ. ਲੌਰੈਂਸ। ਲੌਰੈਂਸ ਨੇ ਇਕ ਗਰਮਾ-ਗਰਮ ਨਾਵਲ ਲਿਖਿਆ ‘ਲੇਡੀ ਚੈਟਰਲੀ’ਜ਼ ਲਵਰ’ ਭਾਵ ਲੇਡੀ ਚੈਟਰਲੀ ਦਾ ਪ੍ਰੇਮੀ।ਜਿੱਦਣ ਨਾਵਲ ਛਪਿਆ, ਉਦਣ ਹੀ ਇੰਗਲੈਂਡ ਦੇ ਲੇਖਕ ਲਾਰੌਸ ਵਿਰੁੱਧ ਲਾਮਬੱਧ ਹੋ ਗਏ। ਜਿਵੇਂ ਕਿ ਉਸ ਨੇ ਨਾਵਲ ਲਿਖ ਕੇ ਕੋਈ ਗੁਨਾਹ ਕਰ ਦਿੱਤਾ ਹੁੰਦਾ ਹੈ। ਅਸ਼ਲੀਲਤਾ ਦਾ ਦੋਸ਼ ਲਾ ਕੇ ਅਦਾਲਤ ਵਿਚ ਲੈ ਗਏ। ਨਾਵਲ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ ਕਿ ਲੇਡੀ ਚੈਟਰਲੀ ਇਕ ਅਮੀਰ ਔਰਤ ਹੁੰਦੀ ਹੈ ਤੇ ਉਸਦਾ ਅਪਾਹਜ ਪਤੀ ਸਰ ਕਲਿਫੋਰਡ ਚੈਟਰਲੀ ਉਸਦੀਆਂ ਸਰੀਰਕ ਲੋੜਾਂ ਨਹੀਂ ਪੂਰੀਆਂ ਕਰ ਸਕਦਾ ਹੁੰਦਾ ਤੇ ਲੇਡੀ ਚੈਟਰਲੀ ਆਪਣੇ ਨੌਕਰ ਮਿਲਰਸ ਨਾਲ ਸੰਬਧ ਬਣਾ ਲੈਂਦੀ ਹੈ।ਇਕ ਵਿਵਰਜਿਤ ਰਿਸ਼ਤਾ ਅਤੇ ਉਸਤੋਂ ਗਰਭਵਤੀ ਹੋ ਜਾਂਦੀ ਹੈ। ਸਮਾਜ ਸੇਵਕ ਜਥੇਬੰਦੀਆਂ ਨੇ ਲੌਰੈਂਸ ਵਿਰੁਧ ਝੰਡੇ ਚੁੱਕ ਲਏ ਕਿ ਇਹ ਨਾਵਲ ਅਪਾਹਜਾਂ ਵਿਚ ਹੀਣ ਭਾਵਨਾ ਪੈਦਾ ਕਰਦਾ ਹੈ।ਲੌਰੈਂਸ ਨੇ ਐਸੀਆਂ ਦਲੀਲਾਂ ਦਿੱਤੀਆਂ ਕਿ ਸਭ ਦੇ ਮੂੰਹ ਬੰਦ ਹੋ ਗਏ। ਲੌਰੈਂਸ ਬਰੀ ਹੋ ਗਿਆ।ਨਾਵਲ ਉੱਤੇ ਫਿਲਮ ਬਣੀ ਤੇ ਨੌਂ ਨੌਂ ਮਿੰਟ ਦੇ ਕਾਮੁਕ ਦ੍ਰਿਸ਼ ਟੈਲੀਵਿਜ਼ਨ ਵਾਲਿਆਂ ਨੇ ਬਿਨਾਂ ਕੈਂਚੀ ਮਾਰਿਆਂ ਦਿਖਾਏ। ਇੰਗਲੈਂਡ ਅਤੇ ਅਮਰੀਕਾ ਵਿਚ ਇਸ ਨਾਵਲ ਉੱਤੇ ਪਾਬੰਦੀ ਲੱਗ ਜਾਂਦੀ ਹੈ। ਨਾਵਲ ਦੀ ਵਿਕਰੀ ਵੱਧ ਗਈ ਤੇ ਲੱਖਾਂ ਦੀ ਗਿਣਤੀ ਵਿਚ ਨਕਲੀ ਉਤਪਾਦਨ ਹੋ ਕੇ ਨਾਵਲ ਬਲੈਕ ਵਿਚ ਵਿਕਿਆ।
-----
ਸਾਡੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਲੱਭ ਕੇ ਨਾਵਲ ਇਕੋ ਬੈਠਕ ਵਿਚ ਪੜ੍ਹਿਆ।ਨਾਵਲ ਪੜ੍ਹਕੇ ਗਾਰਗੀ ਨੂੰ ਫੁਰਨਾ ਫੁਰਿਆ ਬਈ ਇਹ ਚੀਜ਼ ਤਾਂ ਇੰਗਲੈਂਡ ਦੇ ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋਈ, ਪੰਜਾਬੀ ਪਾਠਕਾਂ ਦੇ ਗਲ਼ੇ ਵਿਚੋਂ ਕਿੱਥੋਂ ਉਤਰਨੀ ਹੈ। ਗਾਰਗੀ ਨੇ ਨਾਵਲ ਚੋਰੀ ਕਰਨ ਦਾ ਮਨ ਬਣਾ ਕੇ ਕੁਝ ਸੋਚਿਆ। ਫਿਰ ਉਸਦੇ ਮਨ ਵਿਚ ਖ਼ਿਆਲ ਆਇਆ ਕਿ ਕਮਲਿਆ ਸੋਚੀ ਕੀ ਜਾਂਦਾ ਹੈਂ? ਇਹ ਕੰਮ ਤਾਂ ਲੌਰੈਂਸ ਬਥੇਰਾ ਕਰ ਚੁੱਕਿਆ ਹੈ। ਖਾਣਾ ਬਣਿਆ ਪਿਆ ਹੈ ਮਾਇਕਰੋਵੇਵ ਵਿਚ ਰੱਖ, ਗਰਮ ਕਰਕੇ ਪੰਜਾਬੀ ਪਾਠਕਾਂ ਨੂੰ ਪਰੋਸ।ਗਾਰਗੀ ਨੇ ਨਾਵਲ ਮੇਜ਼ ’ਤੇ ਮੂਧਾ ਪਾ ਕੇ ਉਸਦਾ ਅਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ‘ਲੋਹਾ ਕੁੱਟ’ ਨਾਟਕ ਲਿਖ ਕੇ ਤਿਆਰ ਕਰ ਦਿੱਤਾ।
-----
ਲੌਰੈਂਸ ਅੰਗਰੇਜ਼ੀ ਦਾ ਸ਼ਬਦ VAGUELY ਬਹੁਤ ਵਰਤਦਾ ਹੁੰਦਾ ਸੀ। ਇਹ ਉਸਦਾ ਪਾਲਤੂ ਸ਼ਬਦ ਸੀ। ਉਸ ਦੀ ਰੀਸ ਕਰਨ ਲਈ ਪੰਜਾਬੀ ਵਿਚ ਗਾਰਗੀ ਵੇਗ ਸ਼ਬਦ ਇਸਤੇਮਾਲ ਕਰਨ ਲੱਗ ਪਿਆ। ਲੇਡੀ ਚੈਟਰਲੀ ਦਾ ਘਟਨਾ ਕਾਲ ਸੰਸਾਰ ਜੰਗ ਹੁੰਦਾ ਹੈ ਤੇ ਗਾਰਗੀ ਵੀ ਨਾਟਕ ਦਾ ਕਾਰਜ ਕਾਲ ਸੰਸਾਰ ਜੰਗ ਵੇਲੇ ਦਾ ਬਣਾ ਦਿੰਦਾ ਹੈ। ਲੇਡੀ ਚੈਟਰਲੀ ਦੇ ਵਿਆਹ ਤੋਂ ਬਾਅਦ ਉਸਦੇ ਪਤੀ ਦੇ ਇਕ ਨਾਟਕਕਾਰ ਦੋਸਤ ਨਾਲ ਸਰੀਰਕ ਸੰਬੰਧ ਬਣਦੇ ਹਨ। ਗਾਰਗੀ ਨੇ ਉਹ ਹਿੱਸਾ ਚੁੱਕ ਕੇ ਆਪਣੇ ਅਤੇ ਰਾਜੀ ਉੱਤੇ ਫਿੱਟ ਕਰਕੇ ਹੂ-ਬ-ਹੂ ਆਪਣੀ ਸਵੈ-ਜੀਵਨੀ ਵਿਚ ਗੱਡ ਦਿੱਤਾ।ਲੇਡੀ ਚੈਟਰਲੀ ਦਾ ਪ੍ਰੇਮੀ ਲੁਹਾਰਾ ਕੰਮ ਕਰ ਚੁੱਕਿਆ ਹੁੰਦਾ ਹੈ ਤੇ ਗਾਰਗੀ ਨੂੰ ਇਥੋਂ ਹੀ ਲੋਹਾ ਕੁੱਟ ਲੱਭ ਜਾਂਦਾ ਹੈ। ਹੋਰ ਤਾਂ ਹੋਰ ਲੌਰੈਂਸ ਆਪਣੀ ਨਾਇਕਾ ਕੌਨੀ ਦੀ ਮਰਦਾਂ ਬਾਰੇ ਸੋਚ ਨੂੰ ਰੂਪਮਾਨ ਕਰਨ ਲਈ ਜੋ ਵਾਕ ਪਹਿਲੇ ਕਾਂਡ ਦੇ ਸਫਾ ਨੰਬਰ 9 ’ਤੇ ਲਿਖਦਾ ਹੈ, ਇੰਨ-ਬਿੰਨ ਉਹੀ ਡਾਇਲਾਗ ਗਾਰਗੀ ਦੀ ਨਾਇਕਾ ਸੰਤੀ ਦੇ ਪਹਿਲੇ ਐਕਟ ਦੇ ਪਹਿਲੇ ਸੀਨ ਵਿਚ ਹੁੰਦੇ ਹਨ। ਗਾਰਗੀ ਇਸ ਉੱਤੇ ਆਪਣੀ ਮੌਲਿਕਤਾ ਦੀ ਮੋਹਰ ਲਾਉਣ ਲਈ ਪਾਠਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਕਿ ਇਹ ਸੀਨ ਉਸਨੇ ਮੁਰਾਦਾਬਾਦ ਸਟੇਸ਼ਨ ’ਤੇ ਬੈਠ ਕੇ ਲਿਖਿਆ। ਨਾਲ ਉਹ ਇਹ ਨਹੀਂ ਦੱਸਦਾ ਕਿ ਉਹਦੇ ਖੀਸੇ ਵਿਚ ਲੇਡੀ ਚੈਟਰਲੀ’ਜ਼ ਲਵਰ ਵੀ ਸੀ ਜਿਸ ਤੋਂ ਨਕਲ ਮਾਰ ਕੇ ਲਿਖਿਆ।ਲੇਡੀ ਚੈਟਰਲੀ ਦੇ ਕਿਰਦਾਰ ਦੀਆਂ ਦੋਨਾਂ ਪਰਤਾਂ ਨੂੰ ਗਾਰਗੀ ਸੰਤੀ ਅਤੇ ਬੈਣੋ ਦੋ ਔਰਤਾਂ ਦੇ ਚਰਿਤ੍ਰ ਵਰਣਨ ਰਾਹੀਂ ਉਘਾੜਦਾ ਹੈ।ਲੌਰੈਂਸ ਦਾ ਮਾਇਕਲਸ ਗਾਰਗੀ ਦਾ ਗੱਜਣ, ਮੈਲਰਸ ਗਾਰਗੀ ਦਾ ਸਰਵਣ, ਕਲਿਫੋਰਡ ਚੈਟਰਲੀ ਗਾਰਗੀ ਦਾ ਕਾਕੂ ਲੁਹਾਰ ਅਤੇ ਬਰਥਾ ਗਾਰਗੀ ਦੀ ਬਣਸੋ ਹੈ।
-----
ਅਲਬੱਤਾ, ਲੋਹਾ ਕੁੱਟ ਨਾਟਕ ਦੇ ਮੰਚਨ ਹੋਏ ਪੰਜਾਬੀ ਲੇਖਕ ਕੁਸਕੇ ਨਾ। ਗਾਰਗੀ ਨੂੰ ਫ਼ਿਕਰ ਹੋਣ ਲੱਗਾ ਕਿ ਕਿਧਰੇ ਪੰਜਾਬੀਆਂ ਨੇ ਇਹ ਹਜ਼ਮ ਤਾਂ ਨਹੀਂ ਕਰ ਲਿਆ। ਗਾਰਗੀ ਨੂੰ ਇਲਮ ਨਹੀਂ ਸੀ ਕਿ ਪੰਜਾਬੀ ਸਮਾਜ ਜੇ ਹਜ਼ਮ ਕਰਨ ’ਤੇ ਆਵੇ ਤਾਂ ਸੋਭਾ ਸਿੰਘ ਦੀ ਬਣਾਈ ਹੋਈ ‘ਸੋਹਣੀ ਮਹੀਂਵਾਲ’ ਵਰਗੀ ਅਸ਼ਲੀਲ ਪੇਂਟਿੰਗ ਨੂੰ ਵੀ ਸਵਿਕਾਰ ਲੈਂਦਾ ਹੈ। ਸੋਭਾ ਸਿੰਘ ਨੇ ਸਿੱਖ ਗੁਰੂਆਂ ਦੇ ਪੋਰਟਰੇਟ ਬਣਾਏ। ਉਹ ਪ੍ਰਸਿੱਧ ਨਾ ਹੋਇਆ। ਉਹਨੇ ਗੁਰੂ ਨਾਨਕ ਦੀ ਪੇਂਟਿੰਗ ਬਣਾਈ।ਪੇਂਟਿੰਗ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਅਧਿਐਨ ਕੀਤਾ।ਜੋਤਿਸ਼ ਵਿਦਿਆ ਦੀਆਂ ਕਿਤਾਬਾਂ ਪੜ੍ਹੀਆਂ। ਲਾਲ ਕਿਤਾਬ… ਭਿਰਗੂ ਦਾ ਗ੍ਰੰਥ… ਤੇ ਹੋਰ ਬੜਾ ਕੁਝ; ਤਾਂ ਜੋ ਗੁਰੂ ਨਾਨਕ ਦੇ ਹੱਥਾਂ ਦੀਆਂ ਲਕੀਰਾਂ ਸਹੀ ਵਾਹੀਆਂ ਜਾ ਸਕਣ।ਫਿਰ ਉਹ ਗੁਰੂ ਨਾਨਕ ਦੀ ਤਸਵੀਰ ਬਣਾਉਂਦਾ ਹੈ ਤੇ ਗੁਰੂ ਨਾਨਕ ਦੇ ਹੱਥ ਦੀ ਕਰਮ ਚੱਕਰ ਰੇਖਾ ਨੂੰ ਜਾਣ-ਬੁੱਝ ਕੇ ਗੂੜ੍ਹੀ ਕਰ ਦਿੰਦਾ ਹੈ।ਜਿਸਦੇ ਕੁਝ ਅਰਥ ਨਿਕਲਦੇ ਹਨ। ਲੇਕਿਨ ਸੋਭਾ ਸਿੰਘ ਨੂੰ ਸ਼ੁਹਰਤ ਨਹੀਂ ਮਿਲਦੀ। ਉਹ ਆਪਣੀਆਂ ਪੇਂਟਿੰਗਾਂ ਆਪਣੇ ਪੈਸੇ ਖ਼ਰਚ ਕੇ ਛਪਵਾਉਂਦਾ ਤੇ ਵੇਚਦਾ ਹੈ।ਸੋਭਾ ਸਿੰਘ ਦੇ ਮਨ ਵਿਚ ਉਬਾਲ ਉੱਠਦਾ ਹੈ ਤੇ ਉਹ ਦੋ ਮਾਸਟਰ ਪੀਸ ਬਣਾਉਂਦਾ ਹੈ, ‘ਸੋਹਣੀ ਮਹਿਵਾਲ’ ਤੇ ‘ਸੋਹਣੀ ਇੰਨ ਹੈਵਨ’ ਸੋਹਣੀ ਮਹੀਂਵਾਲ ਦੀ ਤਸਵੀਰ ਬਣਾਉਣ ਬਾਅਦ ਪੰਜਾਬੀ ਜਗਤ ਵਿਚ ਤਰਥੱਲੀ ਮੱਚ ਜਾਂਦੀ ਹੈ।ਸੋਭਾ ਸਿੰਘ ਥੀਮ ਬਹੁਤ ਵਧੀਆ ਫੜਦਾ ਹੈ। ਸੋਹਣੀ ਮਹੀਂਵਾਲ ਨੂੰ ਮਿਲਣ ਝਨਾਅ ਕੱਚੇ ਘੜੇ ਉੱਤੇ ਤਰ ਕੇ ਆਉਂਦੀ ਹੈ।ਸੋਭਾ ਸਿੰਘ ਨੇ ਦਰਸਾਇਆ ਹੈ ਕਿ ਸੋਹਣੀ ਝਨਾਅ ਵਿਚ ਗੋਤੇ ਖਾ ਰਹੀ ਹੈ। ਮਹੀਂਵਾਲ ਉਹਨੂੰ ਕੱਢ ਕੇ ਲਿਆਉਂਦਾ ਹੈ ਤੇ ਉਸਦੇ ਘੜੇ ਦੀ ਕੰਨੀ ਭੁਰੀ ਹੋਈ ਹੈ।ਇੱਥੇ ਸੋਭਾ ਸਿੰਘ ਤੋਂ ਇਕ ਗ਼ਲਤੀ ਹੁੰਦੀ ਹੈ। ਮਹੀਂਵਾਲ ਦੀਆਂ ਬਾਹਾਂ ਵਿਚ ਜਕੜੀ ਹੋਈ ਸੋਹਣੀ ਦੇ ਸਤਨਾਂ ਵਿਚ ਅਕੜਾਅ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕ ਇਸਤਰੀ ਦੇ ਸਤਨਾਂ ਵਿਚ ਅਕੜਾਅ ਕਦੋਂ ਆਉਂਦਾ ਹੈ? ਇਹ ਅਕੜਾਅ ਸਿਰਫ਼ ਦੋ ਕਾਰਨਾਂ ਕਰਕੇ ਆਉਂਦਾ ਹੈ। ਇਕ ਤਾਂ ਜਦੋਂ ਔਰਤ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ ਤੇ ਦੂਜਾ ਜਦੋਂ ਉਹ ਕਾਮ ਸਿਖ਼ਰ ’ਤੇ ਪਹੁੰਚ ਚੁੱਕੀ ਹੋਵੇ। ਤੀਜਾ ਕੋਈ ਕਾਰਨ ਨਹੀਂ ਹੈ ਕਿ ਔਰਤ ਦੀਆਂ ਛਾਤੀਆਂ ਠੋਸ ਹੋ ਜਾਵਣ।ਸਾਡਾ ਸੋਭਾ ਸਿੰਘ ਸੋਹਣੀ ਦੇ ਨਿੱਪਲ ਤਣੇ ਹੋਏ ਦਿਖਾਉਂਦਾ ਹੈ। ਤੇ ਉਹ ਵੀ ਝਨਾਅ ਦੇ ਠੰਡੇ ਪਾਣੀ ਵਿਚੋਂ ਨਿਕਲੀ ਹੋਈ ਦੇ।ਕੀ ਇਹ ਸੰਭਵ ਹੈ? ਪਰ ਪੰਜਾਬੀ ਸਮਾਜ ਨੇ ਉਹ ਕਬੂਲਿਆ ਹੈ ਤੇ ਸੋਭਾ ਸਿੰਘ ਸਾਡਾ ਮਹਾਨ ਆਰਟਿਸਟ ਹੈ।
-----
ਖ਼ੈਰ, ਗਾਰਗੀ ਤੜਫ਼ਿਆ ਬੜਾ। ਉਹ ਲੇਖਕਾਂ ਨੂੰ ਆਪ ਨਾਟਕ ਉੱਤੇ ਕੀਤੇ ਜਾਣ ਵਾਲੇ ਇਤਰਾਜ਼ ਦੱਸਣ ਲੱਗਾ। ਉਸਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਉਚੇਚਾ ਇਤਰਾਜ਼ ਕਰਵਾਏ।ਗਾਰਗੀ ਲੌਰੈਂਸ ਵਾਲੀਆਂ ਹੀ ਘੜੀਆਂ ਹੋਈਆਂ ਦਲੀਲਾਂ ਦੇ ਕੇ ਵਿਦਵਤਾ ਝਾੜਣ ਲੱਗ ਪਿਆ ਤੇ ਇੰਝ ਅਸੀਂ ਪੰਜਾਬੀ ਦਾ ਇਕ ਵੱਡਾ ਨਾਟਕਕਾਰ ਪੈਦਾ ਕਰ ਲਿਆ। ਗਾਰਗੀ ਆਪਣੇ ਨਾਲ ਇਹ ਭਰਮ ਲੈ ਕੇ ਸ਼ਾਂਤੀ ਨਾਲ ਮਰ ਗਿਆ ਕਿ ਉਸਦੀ ਚੋਰੀ ਫੜ ਨਹੀਂ ਹੋਈ। ਪਰ ਉਹ ਆਪਣੀਆਂ ਸਵੈ-ਜੀਵਨੀਆਂ ‘ਨੰਗੀ ਧੁੱਪ’ ਅਤੇ ‘ਕਾਸ਼ਨੀ ਵਿਹੜਾ’ ਵਿਚ ਆਪਣੀ ਚੋਰੀ ਦੇ ਸਬੂਤ ਛੱਡ ਗਿਆ।
No comments:
Post a Comment