ਲੇਖ - ਭਾਗ - 12
ਸਾਡੇ ਪ੍ਰਵਾਸੀ ਸਾਹਿਤਕਾਰ ਜਦੋਂ ਇੰਡੀਆ ਜਾਂਦੇ ਹਨ ਤਾਂ ਇਹਨਾਂ ਦਾ ਹਲ਼੍ਹਕ ਦੇਖਣ ਵਾਲਾ ਹੁੰਦਾ ਹੈ। ਬਜ਼ੁਰਗ ਸਾਹਿਤਕਾਰ ਜਿਨ੍ਹਾਂ ਨੇ ਕਵਿਤਾਵਾਂ ਦੇ ਲਿਖ ਲਿਖ ਗਰੇ ਲਾਏ ਹੁੰਦੇ ਹਨ, ਉਹ ਆਪਣੇ ‘ਮਾਸਟਰਪੀਸ’ ਅਟੇਚੀ ’ਚੋਂ ਕੱਢ ਕੇ ਖਰੜਾ ਤਿਆਰ ਕਰ ਲੈਂਦੇ ਹਨ ਜਾਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀਆਂ ਨਸਲਵਾਦ ਵਰਗੀਆਂ ਤੇ ਭੂ-ਹੇਰਵੇ ਵਰਗੀਆਂ ਸਮੱਸਿਆਵਾਂ (ਜਿਨ੍ਹਾਂ ਦਾ ਹੁਣ ਨਾਮੋ-ਨਿਸ਼ਾਨ ਨਹੀਂ ਲੱਭਦਾ) ’ਤੇ ਗ੍ਰੰਥਾਂ ਵਰਗਾ ਨਾਵਲ ਲਿਖ ਕੇ ਇੰਡੀਆ ਲਿਜਾਂਦੇ ਹਨ ਤੇ ਪ੍ਰਕਾਸ਼ਕਾਂ ਤੋਂ ਆਪਣੀ ਖੱਲ ਲੁਹਾਉਂਦੇ ਹਨ। ਪ੍ਰਵਾਸੀ ਸਾਹਿਤਕਾਰਾਂ ਦੀ ਵਧੀਆ ਢੰਗ ਨਾਲ ਖੱਲ ਉਧੇੜਣ ਵਿਚ ਨਵਯੁੱਗ ਪਬਲਿਸ਼ਰ ਵਾਲਾ ਭਾਪਾ ਪ੍ਰੀਤਮ ਸਿੰਘ ਕਾਫੀ ਮੰਨਿਆ ਹੋਇਆ ਨਾਮ ਸੀ।ਸਿਆਲ ਦੀ ਰੁੱਤ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀ ਪ੍ਰਕਾਸ਼ਕ ਆਪਣੇ ਉਸਤਰੇ ਤਿੱਖੇ ਕਰਕੇ ਬਿੰਗਾਂ ਨੂੰ ਧੂਫ਼-ਬੱਤੀ ਕਰਨੀ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਪ੍ਰਵਾਸੀ ਪਰਿੰਦਿਆਂ ਨੇ ਪੰਜਾਬ ਇਸੇ ਰੁੱਤ ਵਿਚ ਉੱਡ ਕੇ ਆਉਣਾ ਹੁੰਦਾ ਹੈ। ਜਿਨ੍ਹਾਂ ਸਾਹਿਤਕਾਰਾਂ ਦਾ ਮਾੜਾ ਮੋਟਾ ਹੱਥ ਪੈਂਦਾ ਹੈ। ਉਹ ਆਪਣੇ ਰੂ-ਬ-ਰੂ ਸਮਾਗਮ ਅਤੇ ਗੋਸ਼ਟੀਆਂ ਕਰਵਾਉਣ ਵਿਚ ਰੁੱਝ ਜਾਂਦੇ ਹਨ।
-----
ਯੂਨੀਵਰਸਿਟੀਆਂ ਵਿਚ ਘੁਸਪੈਠ ਕਰਨੀ ਤੇ ਮਾਨਤਾ ਪ੍ਰਾਪਤ ਅਦਾਰਿਆਂ (ਜਿਵੇਂ ਪੰਜਾਬੀ ਸੱਥ ਜਾਂ ਭਾਸ਼ਾ ਵਿਭਾਗ ਆਦਿ) ਤੋਂ ਪੁਰਸਕਾਰ/ ਮਾਨ-ਸਨਮਾਨ ਲੈਣ ਲਈ ਜੁਗਾੜ ਲਾਉਣੇ ਇਸ ਤੋਂ ਉਪਰਲੇ ਡੰਡੇ ਦੇ ਲੇਖਕਾਂ ਦੇ ਨਸੀਬ ਵਿਚ ਆ ਜਾਂਦਾ ਹੈ। ਸਾਡੇ ਵਰਗੇ ਨੌਜਵਾਨ ਪ੍ਰਵਾਸੀ ਲੇਖਕ ਜਿਹੜੇ ਸ਼ਾਇਰੀ ਨੂੰ ਮਾੜਾ-ਮੋਟਾ ਮੂੰਹ ਮਾਰ ਲੈਂਦੇ ਹਨ, ਉਹ ਪ੍ਰਸੰਸਕ ਕੁੜੀਆਂ ਨਾਲ ਮਿਲਣੀਆਂ ਵਿਚ ਮਸਰੂਫ਼ ਹੋ ਜਾਂਦੇ ਹਨ। ਕਈ ਵਾਰ ਤਾਂ ਉਹਨਾਂ ਨੇ ਇਹ ਪ੍ਰਸੰਸਕਾਂ ਬਹੁਤ ਥੋੜ੍ਹੇ ਸਮੇਂ ਦੇ ਨੋਟਿਸ ਵਿਚ ਪੈਦਾ ਕੀਤੀਆਂ ਹੋਈਆਂ ਹੁੰਦੀਆਂ ਹਨ। ਮੈਟਰੀਮੋਨੀਅਲ, ਡੇਟਿੰਗ ਅਤੇ ਹੁਣ ਫੇਸਬੁੱਕ ਇਸ ਕੰਮ ਲਈ ਵਧੀਆ ਔਜ਼ਾਰ ਹਨ।
-----
ਸਾਡੇ ਇਕ ਇੰਗਲੈਂਡ ਦੇ ਨੌਜੁਆਨ ਗ਼ਜ਼ਲਗੋ (ਲੇਖਕ ਦੀ ਵਿਆਹੁਤਾ ਜ਼ਿੰਦਗੀ ’ਤੇ ਕੋਈ ਅਸਰ ਨਾ ਪਵੇ ਇਸ ਲਈ ਨਾਵਾਂ ਅਤੇ ਥਾਵਾਂ ਦੇ ਕੁਝ ਕੁ ਵੇਰਵੇ ਬਦਲ ਦਿੱਤੇ ਗਏ ਹਨ।) ਦੀਆਂ ਗ਼ਜ਼ਲਾਂ ਇੰਡੀਆ ਦੇ ਰਸਾਲੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਣ ਲੱਗ ਪਈਆਂ।ਜਿਵੇਂ ਆਮ ਹੁੰਦਾ ਹੈ ਕਿ ਇੰਡੀਆ ਦੇ ਪੇਪਰ ਰਚਨਾ ਨਾਲ ਲੇਖਕ ਦਾ ਜੀਵਨ ਬਿਉਰਾ ਅਤੇ ਪਤਾ ਵੀ ਛਾਪ ਦਿੰਦੇ ਹਨ।ਜਿਸ ਨਾਲ ਪਾਠਕਾਂ ਦਾ ਸਿੱਧਾ ਰਾਬਤਾ ਲਿਖਾਰੀ ਨਾਲ ਹੋ ਜਾਂਦਾ ਹੈ।ਗ਼ਜ਼ਲਕਾਰ ਦੇ ਕੁਝ ਪ੍ਰਸੰਸਕ ਵੀ ਬਣ ਗਏ, ਜਿਨ੍ਹਾਂ ਵਿਚ ਇਕ ਨੌਜਵਾਨ ਕੁੜੀ ਵੀ ਸੀ। ਕੁੜੀ ਬਾਹਰ ਆਉਣ ਲਈ ਆਪਣਾ ਦਾਅ ਲਾ ਰਹੀ ਸੀ ਤੇ ਗ਼ਜ਼ਲਗੋ ਇੰਡੀਆ ਵਿਚ ਜਾਣ ਵੇਲੇ ਆਪਣੀਆਂ ਛੁੱਟੀਆਂ ਸੁਹਾਵਣੀਆਂ ਬਣਾਉਣ ਦੇ ਚੱਕਰ ਵਿਚ ਸੀ। ਖ਼ਤੋ-ਕਿਤਾਬਤ ਹੁੰਦਾ ਰਿਹਾ। ਗੱਲ ਇੰਟਰਨੈਟ ’ਤੇ ਚੈਟਿੰਗ ਤੱਕ ਪਹੁੰਚ ਗਈ।ਈ-ਮੇਲ ਰਾਹੀਂ ਤਸਵੀਰਾਂ ਦਾ ਤਬਾਦਲਾ ਹੋ ਗਿਆ।
-----
ਬੇਸਬਰਾ ਹੋ ਕੇ ਸਾਡਾ ਗ਼ਜ਼ਲਗੋ ਇੰਡੀਆ ਚਲਾ ਗਿਆ।ਬਦਕਿਸਮਤੀ ਨਾਲ ਉਸਦੀ ਪ੍ਰਸੰਸਕਾ ਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਸਨ ਤੇ ਉਸ ਨੂੰ ਘਰੋਂ ਇਕੱਲੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ।ਪਰ ਉਹ ਈ-ਮੇਲ ਬਕਾਇਦਾ ਕਰਦੀ ਰਹੀ। ਗ਼ਜ਼ਲਗੋ ਵਿਚਾਰਾ ਮੱਛੀ ਵਾਂਗ ਤੜਫ਼ਿਆ ਪਿਆ ਸੀ। ਕਹੇ ਈ-ਮੇਲਾਂ ਤਾਂ ਇੰਗਲੈਂਡ ਵਿਚ ਵੀ ਪੜ੍ਹ ਸਕਦਾ ਸੀ।ਦੋ ਹਫ਼ਤੇ ਵਾਪਸ ਜਾਣ ਵਿਚ ਰਹਿ ਗਏ।
-----
ਗ਼ਜ਼ਲਗੋ ਦੀ ਰਿਸ਼ਤੇਦਾਰੀ ਵਿਚ ਇਕ ਐਤਵਾਰ ਨੂੰ ਅਖੰਠ ਪਾਠ ਸੀ।ਮੈਂ ਵੀ ਉਦੋਂ ਇੰਡੀਆ ਗਿਆ ਹੋਇਆ ਸੀ। ਮੈਨੂੰ ਫੋਨ ਕਰਕੇ ਉਹ ਕਹਿਣ ਲੱਗਾ, “ਅੰਬਰਸਰ ’ਖੰਡ ਪਾਠ ’ਤੇ ਜਾਣੈ। ਆਜਾ ’ਕੱਠੇ ਚੱਲਦੇ ਹਾਂ।”
ਮੈਂ ਸੋਚਿਆ ਚਲੋ ਬਹਾਨੇ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ। ਮੈਂ ਉਸ ਨਾਲ ਚਲਾ ਗਿਆ।ਅਸੀਂ ਅਜੇ ਸ਼ਹੀਦ ਬਾਬਾ ਦੀਪ ਸਿੰਘ ਦੀ ਸਮਾਧ ਲੰਘੇ ਹੀ ਸੀ ਕਿ ਗ਼ਜ਼ਲਗੋ ਨੂੰ ਉਸਦੀ ਉਸ ਪ੍ਰਸੰਸਕਾ ਦਾ ਫੋਨ ਆ ਗਿਆ ਕਿ ਉਹ ਅੰਬਾਲੇ ਕਿਸੇ ਸਹੇਲੀ ਦੇ ਵਿਆਹ ਆਪਣੀ ਭੈਣ ਨਾਲ ਆਈ ਹੋਈ ਸੀ ਤੇ ਮਿਲਣ ਲਈ ਇਹ ਢੁਕਵਾਂ ਮੌਕਾ ਸੀ।ਸਾਡਾ ਗ਼ਜ਼ਲਗੋ ਬੈਠਾ ਬੈਠਾ ਆਪਣੀ ਸੀਟ ਤੋਂ ਗਿੱਠ ਉੱਚਾ ਬੁੜ੍ਹਕਿਆ, “ਥੋਡੀ ਭੈਣ ਨੂੰ… ਤੂੰ ਫੋਨ ਰੱਖ ਮੈਂ ਹੁਣੇ ਅੰਬਾਲੇ ਅੱਡੇ ’ਚ ਆ ਕੇ ਤੈਨੂੰ ਫੋਨ ਕਰਦਾਂ।ਪਹਿਲੀ ਘੰਟੀ ’ਤੇ ਚੱਕ ’ਲੀ। ਤੇਰਾ ਆਹੀ ਨੰਬਰ ਆ ਨਾ?”
“ਹਾਂਜੀ।” ਫੋਨ ਕੱਟ ਦਿੱਤਾ ਗਿਆ।
“ਚਲੋ ਬਈ ਗੱਡੀ ਮੋੜੋ ਅੰਬਾਲੇ ਚੱਲੀਏ।”
-----
ਸਾਡੇ ਡਰਾਇਵਰ ਤਾਰੀ ਨੇ ਗੱਡੀ ਦਾ ਰੁਖ਼ ਅੰਬਲੇ ਵੱਲ ਨੂੰ ਕਰ ਦਿੱਤਾ।
“ਬਈ ਉਹਨੇ ਟਿਕਾ ਕੇ ਮਿਲੀਅਨ ਪੌਂਡ ਦਾ ਕੋਈ ‘ਹਾਂਜੀ’ ਕਿਹਾ।ਲਤਾ ਵਰਗੀ ’ਵਾਜ਼ ਸੀ।… ਜੇ ਤੂੰ ਈ-ਮੇਲਾਂ ਪੜ੍ਹੇ ਇੰਗਲਿਸ਼ ਵੀ ਐਨੀ ਹਾਈ। ਮੈਨੂੰ ਐਨੇ ਸਾਲ ਇੰਗਲੈਂਡ ਵਿਚ ਰਹਿ ਕੇ ਨ੍ਹੀਂ ਓਨੀ ਆਈ… ਆਪਾਂ ਰਾਹ ’ਚੋਂ ਕੋਈ ਗਿਫਟ ਗੂਫਟ ਨਾ ਲੈ ਲਈਏ?... ਤਾਰੀ, ਤੇਜ਼ ਚਲਾ ਆਪਾਂ ’ਨੰਦਾਂ ਤੋਂ ਪਹਿਲਾਂ ਪਹਿਲਾਂ ਪਹੁੰਚਣੈ… ਬਸ ਐਦਾ ਈ ਖਿੱਚੀ ਚੱਲ… ਹਾਰਨ ਤੋਂ ਹੱਥ ਨਾ ਚੱਕ… ਪਾਸੇ ਕਰਾ ਟਰੱਕ ਵਾਲੇ ਨੂੰ… ਗਾਣੇ ਗੂਣੇ ਜਿਹੇ ਲਾਉਣ ਨੂੰ ਛੱਡ। ਤੂੰ ਸੜਕ ’ਤੇ ਧਿਆਨ ਰੱਖ… ਮੈਂ ਕੀ ਕਹਿਨਾਂ?… ਮੈਂ ਰੀਲ ਚੁੱਕ ਕੇ ਬਾਹਰ ਮਾਰੂੰ… ਕਰ ’ਲੋ ਘਿਉ ਨੂੰ ਭਾਂਡਾ… ਆਹ ਕਿਸੇ ਡੰਗਰ ਜਿਹੇ ਨੇ ਮੱਝਾਂ ਸੜਕ ’ਤੇ ਛੱਡ’ਤੀਆਂ… ਹਾਰਨ ਮਾਰੀ ਚੱਲ… ਓਏ ਕਰ ਲੈ ਹੁਣ ਮਾਂਵਾਂ ਨੂੰ ਛੇਤੀ ਛੇਤੀ ਪਾਸੇ।… ਇੰਡੀਆ ਨ੍ਹੀਂ ਤਰੱਕੀ ਕਰ ਸਕਦਾ… ਇਹਨਾਂ ਨੇ ਸੌ ਸਾਲ ਪਿਛੇ ਹੀ ਰਹਿਣੈ… ਤਾਰੀ ਸਾਡੀ ਕੰਟਰੀ ’ਚ ਨ੍ਹੀਂ ਆਹ ਕੁਸ਼ ਹੈਗਾ… ਪੁੱਛ ਲਾ ਬਲਰਾਜ ਨੂੰ… ਕਿਉਂ ਬਲਰਾਜ?... ਸਾਡੇ ਉਥੇ ’ਗਲੈਂਡ ’ਚ ਪਸ਼ੂਆਂ ਲਈ ਅੱਡ ਈ ਫਾਰਮ ਬਣੇ ਹੋਏ ਆ… ਉਥੇ ਜੇ ਆ ਕੰਮ ਹੋਜੇ ਤਾਂ ਸਾਡਾ ਐਮ ਸਿਕਸ ਮੋਟਰਵੇਅ ਤਾਂ ਹਰ ਵਾਲੇ ਬਲੌਕ ਹੀ ਰਹੇ… ਅੱਧੀ ਇੰਗਲੈਂਡ ਦਾ ਕਾਰੋਬਾਰ ਠੱਪ ਹੋ ਜਾਏ।… ਲੈ ਹੁਣ ਸਾਲੀ ਰਿਸ਼ੈਪਸ਼ਨ ਚਲੀ ਗਈ… ਮੈਂ ਉਹਨੂੰ ਟੈਕਸਟ ਕਰਨਾ ਸੀ ਬਈ ਲੁਧਿਆਣਾ ਪਾਰ ਕਰ ਆਏ… ਏਅਰਟੈਲ ਵੀ ਰੱਦੀ ਕੰਪਨੀ ਆ… ਸਿੱਧੂ ਤੇਰਾ ਸਪਾਇਸ ਦਾ ਨੈਟਵਰਕ ਆ… ਤੇਰੇ ਫੋਨ ’ਤੇ ਕਿੰਨੀਆਂ ਕੁ ਬਾਰਾਂ ਆਉਂਦੀਆਂ... ਵੂ ਈ ਹੈਵ… ਲੁਦੇਆਣਾ ਸੌਰਟ ’ਚ ਕਿਵੇਂ ਲਿਖ ਹੋਊ? ਐਲ... ਦੇਖੀਂ ਤਾਂ ਸਪੈਲਿੰਗ ਠੀਕ ਨੇ… ਆਹ ਚੱਕ, ਮੈਸਿਜ਼ ਸੈਂਟ… ਮੋਬਾਇਲਾਂ ਤੇ ਇੰਟਰਨੈਟ ਦਾ ਕਿੰਨਾ ਫਾਇਦਾ ਹੋ ਗਿਐ… ਸਾਡੇ ਵੇਲੇ ਜਦੋਂ ਅਸੀਂ ਇਥੇ ਪੜ੍ਹਦੇ ਹੁੰਦੇ ਸੀ… ਮਹੀਨਾ ਮਹੀਨਾ ਲੈਟਰ ਈ ਕੁੜੀ ਨੂੰ ਫੜਾਉਣ ਦਾ ਮੌਕਾ ਨ੍ਹੀਂ ਸੀ ਲੱਗਦਾ ਹੁੰਦਾ… ਲੈਟਰ ਜੇਬ ’ਚ ਈ ਪਾਟ ਜਾਣੇ… ਹੁਣ ਭਲਾ ਸਵੇਰੇ ਡੇਟਿੰਗ ਸਾਈਟ ’ਤੇ ਕੁੜੀ ਲੱਭੋ… ਸ਼ਾਮ ਨੂੰ ਵਿਆਹ ਕਰਾ ’ਲੋ।… ਕਾਹਲੀ ਅੱਗੇ ਟੋਏ… ਨਾਕਾ… ਆਹ ਪੁਲਸ ਆਲੇ ਕੀਹਨੇ ਖੁੱਲ੍ਹੇ ਛੱਡ ’ਤੇ?”
“ਗੱਡੀ ਸਾਇਡ ’ਤੇ ਲਾਓ।” ਪੁਲਿਸ ਕੰਸਟੇਬਲ ਨੇ ਹੱਥ ਦੇ ਕੇ ਰੁੱਕੀ, ਸਾਡੀ ਗੱਡੀ ਕੋਲ ਆ ਕੇ ਕਿਹਾ।
“ਸਿੱਧੂ ਕੱਢ ਆਵਦੇ ਐਸ ਐਸ ਪੀ ਜਿਹੇ ਦਾ ਕਾਰਡ।”
ਐਨੇ ਨੂੰ ਏ ਐਸ ਆਈ ਨੇ ਆ ਕੇ ਸਾਡੇ ਕੋਲੋਂ ਪੁੱਛਿਆ, “ਹਾਂ ਬਈ ਕਿਥੋਂ ਆਏਂ ਹੋ?”
‘ਲੁਧਿਆਣਿਉਂ।’ ਤਾਰੀ ਨੇ ਜੁਆਬ ਦਿੱਤਾ।
“ਕਾਗਜ਼ ਪੂਰੇ ਆ। ਆਰ ਸੀ, ਇੰਸ਼ੋਰੰਸ, ਲਸੰਸ?”
“ਹਾਂ ਜੀ।”
“ਆ ਐਸ ਐਸ ਪੀ …ਸਿੰਘ… ਦਾ ਬੰਦਾ ਬੈਠਾ ਪਿਛੇ। ਆ ਦੇਖੋ ਕਾਰਡ ਉਦੇ ਸੈਨ ਕੀਤੇ ਹੋਏ ਆ।” ਸਾਡੇ ਗ਼ਜ਼ਲਗੋ ਤੋਂ ਰਹਿ ਨਾ ਹੋਇਆ ਤੇ ਏ ਐਸ ਆਈ ਥੋੜ੍ਹਾ ਖਿਝ ਕੇ ਬੋਲਿਆ, “ਮੈਂ ਤੈਨੂੰ ਪੁੱਛਿਆ? ਮੈਂ ਡਰਾਇਵਰ ਨਾਲ ਗੱਲ ਕਰਦਾਂ…ਪਲਿਊਸ਼ਨ?”
“ਆ ਹਰਾ ਜਿਹਾ ਫਲਤਰਾ ਤਾਂ ਲੱਗਿਆ ਸ਼ੀਸ਼ੇ ’ਤੇ।” ਸਾਡਾ ਗ਼ਜ਼ਲਗੋ ਫਿਰ ਵੀ ਬਾਜ ਨਾ ਆਇਆ।
“ਚੰਗਾ ਜਾਓ।”
“ਭੈਣ ਮਰੌਣੇ ਪੈਸੇ ਝਾੜਨ ਨੂੰ ਖੜ੍ਹੇ ਸੀ।… ਇਹ ਤਾਂ ਚਗਲ ਜਿਹਾ ਆਪਣੀ ਟੌਰ੍ਹ ’ਤੇ ਆ ਸਿੱਧੂ ਤੇਰੇ ਵੀ ਆਈ ਪੀ ਕਾਰਡ ਕਰਕੇ ਡਰ ਗਿਆ।… ਨਹੀਂ ਤਾਂ ਸਾਲੇ ਨੇ ਇਥੇ ਹੀ ਆਥਣ ਪਾ ਦੇਣਾ ਸੀ।… ਇਹ ਹਰਾਮਦੇ ਹੁੰਦੇ ਆ… ਤੈਨੂੰ ਚੁਟਕਲਾ ਸੁਣਾਉਨਾ। ਇਕ ਵਾਰ ਇਕ ਮਰਾਸੀ ਬੱਸ ’ਚ ਪੀਪਾ ਲਈ ਬੈਠਾ ਸੀ। ਦੋ ਪੁਲਸ ਆਲੇ ਚੜ੍ਹੇ ਤੇ ਉਹਦੇ ਪੀਪੇ ’ਤੇ ਡੰਡਾ ਮਾਰਕੇ ਕਹਿੰਦੇ ਇਹਦੇ ’ਚ ਕੀ ਹੈ? ਮਰਾਸੀ ਕਹਿੰਦਾ, ਜੀ ਪੰਜੀਰੀ ਆ ਘਰਵਾਲੀ ਦੇ ਜੁਆਕ ਹੋਇਐ ਸਾਹੁਰੀਂ ਚੱਲਿਆਂ। ਹੋਰ ਇਹਦੇ ’ਚ ਕਿਹੜਾ ਟੁੰਬਾਂ ਹੋਣੀਆਂ। ਪੁਲਸ ਵਾਲੇ ਕਹਿੰਦੇ ਕਿੰਨਾ ਚਿਰ ਹੋ ਗਿਆ ਤੈਨੂੰ ਘਰਵਾਲੀ ਨੂੰ ਮਿਲੇ ਨੂੰ? ਮਰਾਸੀ ਕਹਿੰਦਾ ਜੀ ਦੂਜਾ ਸਾਲ ਹੋ ਗਿਆ। ਪੁਲਸ ਵਾਲੇ ਹੱਸ ਕੇ ਕਹਿਣ ਲੱਗੇ ਨਿਆਣਾ ਫੇਰ ਤੇਰਾ ਨੀ ਉਹ ਤਾਂ ਹਰਾਮ ਦਾ ਹੈ। ਮਰਾਸੀ ਬੋਲਿਆ ਚਲੋ ਆਪਾਂ ਕਿਹੜਾ ਘਰੇ ਰੱਖਣੈ ਪੁਲਸ ’ਚ ਹੀ ਭਰਤੀ ਕਰਾ ਦੇਣੈ।”
-----
ਖੰਨਾ ਲੰਘਦੇ ਹੋਏ ਅਸੀਂ ਮੁਨਿਆਰੀ ਦੀ ਇਕ ਦੁਕਾਨ ਤੋਂ ਰੁੱਕ ਕੇ ਸਾਢੇ ਅੱਠ ਸੌ ਦਾ ਪਰਫਿਊਮ ਤੇ ਡੇਢ ਸੌ ਦਾ ਕਾਰਡ ਲਿਆ। ਗ਼ਜ਼ਲਗੋ ਮੈਨੂੰ ਪੁੱਛਣ ਲੱਗਾ ਉਹ ਉਸ ਵਿਚ ਕੀ ਲਿਖੇ? ਮੈਂ ਸੋਚਣ ਲੱਗ ਪਿਆ। ਉਹ ਆਪ ਹੀ ਬੋਲ ਪਿਆ, “ਮੇਰੀ ਗ਼ਜ਼ਲ ਦਾ ਇਕ ਸ਼ੇਅਰ ਹੈ ਉਹ ਲਿਖ ਦਿਆਂ?”
ਸ਼ੇਅਰ ਦੇ ਅਰਥ ਬਣਦੇ ਸਨ ਕਿ ਮੇਰੇ ਕੋਲ ਤੈਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਸੀ ਇਸ ਲਈ ਆਪਣਾ ਦਿਲ ਦੇ ਰਿਹਾ ਹਾਂ।
ਮੈਂ ਉਸ ਨੂੰ ਕਿਹਾ ਕਿ ਦੇ ਤੂੰ ਪ੍ਰਫਿਊਮ ਰਿਹਾ ਹੈਂ ਤੇ ਆਖਦਾ ਹੈਂ ਦਿਲ। ਉਹ ਮੈਨੂੰ ਪੁੱਛਣ ਲੱਗਾ ਫੇਰ ਕੀ ਲਿਖੀਏ। ਮੈਂ ਕਿਹਾ ਤੂੰ ਸ਼ਾਇਰ ਹੈਂ ਕੁਝ ਉਚਾਰ।
“ਸ਼ਾਇਰੀ ਏਸ ਵਾਲੇ ਸੁਝਦੀ ਹੈ। ਮੈਂ ਹੱਥਾਂ ਪੈਰਾਂ ਵਿਚ ਆਇਆ ਪਿਆਂ। ਲੱਗਦੇ ਸ਼ਾਇਰੀ ਦੇ। ਦੱਸ ਫੇਰ ਕੁਸ਼…?”
“ਤੂੰ ਲਿਖਦੇ ਕਿ ਇਹ ਪ੍ਰਫਿਊਮ ਮੈਂ ਤੈਨੂੰ ਇਸ ਲਈ ਦੇ ਰਿਹਾ ਹਾਂ ਤਾਂ ਕਿ ਤੇਰੇ ਖ਼ੁਸ਼ਬੂਦਾਰ ਬਦਨ ਨਾਲ ਲੱਗ ਕੇ ਇਹ ਵੀ ਮਹਿਕ ਜਾਏ।”
“ਹਾਂ, ਆਹ ਗੱਲ ਬਣੀ। ਪਰ ਤੂੰ ਮੈਨੂੰ ਇੰਗਲਿਸ਼ ਵਿਚ ਲਿਖਕੇ ’ਦੇ।ਕੀ ਬਣੂ ਇਹਦੀ ਇੰਗਲਿਸ਼।”
“ਲਿਆ ਫੜਾ… ਵੱਡੇ ਇੰਗਲੈਂਡੀਏ।” ਮੈਂ ਲਿਖ ਦਿੱਤਾ।
ਅਸੀਂ ਸਫ਼ਰ ਜਾਰੀ ਕਰ ਦਿੱਤਾ।
“…ਅੱਛਾ ਮੈਨੂੰ ਦੱਸ ਮੈਂ ਉਹਦੇ ਨਾਲ ਗੱਲ ਕੀ ਕਰੂੰ?... ਦੱਸ ਯਾਰ ਤੇਰਾ ਐਕਸਪੀਰੀਐਂਸ ਮੇਰੇ ਨਾਲੋਂ ਜ਼ਿਆਦੇ ਆ। ਔਰਤ ਮਰਦ ਸਬੰਧਾਂ ’ਤੇ ਐਮ ਵੱਨ ਜਿੱਡੀਆਂ ਜਿੱਡੀਆਂ ਕਹਾਣੀਆਂ ਲਿਖੀ ਜਾਨੈ।… ਅੰਬਾਲਾ ਆ ਗਿਆ ਹੈਲਪ ਕਰ ਮੇਰੀ...।”
“ਤੇਰੇ ਵਾਂਗੂੰ ਨਾ ਆਪਣੇ ਉਥੇ ਇੰਗਲੈਂਡ ਵਿਚ ਇੰਡੀਆ ਤੋਂ ਨਵੀਂ ਨਵੀਂ ਕੁੜੀ ਆਈ। ਉਹਦੀ ਕਿਤੇ ਆਪਣੇ ਬ੍ਰਿਟਿਸ਼ ਬੌਰਨ ਨਾਲ ਡੇਟ ਸੈਟ ਹੋ ਗਈ। ਉਹ ਆਪਣੀ ਸਹੇਲੀ ਨੂੰ ਪੁੱਛਣ ਲੱਗੀ ਮੈਨੂੰ ਤਾਂ ਇੰਗਲਿਸ਼ ਨ੍ਹੀਂ ਆਉਂਦੀ ਮੈਂ ਕੀ ਕਰੂੰਗੀ ਤੂੰ ਮੈਨੂੰ ਇੰਗਲਿਸ਼ ਸਿਖਾਦੇ। ਉਹਦੀ ਸਹੇਲੀ ਕਹਿੰਦੀ ਇਹ ਕਿਹੜੀ ਗੱਲ ਹੈ। ਉਹ ਡੇਟ ਦੌਰਾਨ ਤੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰੂਗਾ। ਤੂੰ ਕਹਿ ਦੇਈਂ 'ਡੌਂਟ'। ਫਿਰ ਤੈਨੂੰ ਗਰਮਾ ਕੇ ਉਹ ਕਿੱਸ ਕਰਨ ਦੀ ਟਰਾਈ ਕਰੂ ਤੂੰ ਕਹਿ ਦੇਈਂ 'ਸਟੌਪ'। ਬੱਸ ਐਨਾ ਕੰਮ ਹੈ।
-----
ਅਗਲੇ ਦਿਨ ਇੰਡੀਆ ਵਾਲੀ ਕੁੜੀ ਆਪਣੀ ਸਹੇਲੀ ਨੂੰ ਮਿਲੀ ਤਾਂ ਉਹਦੀ ਸਹੇਲੀ ਪੁੱਛਣ ਲੱਗੀ ਕਿਵੇਂ ਰਿਹਾ ਤਾਂ ਇੰਡੀਆ ਵਾਲੀ ਕਹਿੰਦੀ ਉਵੇਂ ਹੀ ਹੋਇਆ ਜਿਵੇਂ ਤੂੰ ਕਿਹਾ ਸੀ। ਉਹਨੇ ਦੋਨੇ ਗੱਲਾਂ ਇਕੱਠੀਆਂ ਕਰ ਦਿੱਤੀਆਂ। ਮੈਂ ਦੋਨੇ ਗੱਲਾਂ ਇਕੱਠੀਆਂ ਕਹਿ ਦਿੱਤੀਆਂ, ਡੌਂਟ ਸਟੌਪ (ਰੁਕ ਨਾਂਹ!)।” ਮੈਂ ਆਪਣਾ ਜੁਆਬ ਦੇ ਦਿੱਤਾ।
“ਤੁਹਾਨੂੰ ਮਜ਼ਾਕ ਸੁਝਦੈ, ਮੈਨੂੰ ਮੁੜ੍ਹਕਾ ਆਈ ਜਾਂਦੈ। ਡਿਉਡਰੈਂਟ ਜਿਹੀ ਕੋਈ ਹੈਗੀ? ਏਦਾਂ ਕਰਿਉ ਸਿੱਧੂ ਆਪਾਂ ਕਿਸੇ ਆਇਸਕ੍ਰੀਮ ਬਾਰ ਜਾਂ ਰੈਸਟੋਰੈਂਟ ਵਿਚ ਉਹਨਾਂ ਨੂੰ ਲੈ ਚੱਲਾਂਗੇ। ਤੁਸੀਂ ਉਹਦੀ ਭੈਣ ਨੂੰ ਬਿਜ਼ੀ ਰੱਖਿਓ। ਅਸੀਂ ਅੱਡ ਬੈਠ ਕੇ ਆਪਣਾ ਦੁੱਖ-ਸੁੱਖ ਕਰ ਲਵਾਂਗੇ… ਨਹੀਂ ਨਹੀਂ ਪਹਿਲੀ ਵਾਰੀ ਮਿਲਣੈ ਉਹ ਕਹੂ ਮੁੰਡੀਹਰ ਨਾਲ ਲੈ ਆਇਐ।… ਨਾ ਬਾਬਾ ਰਹਿਣ ਦੋ ਕਿਤੇ ਇਹ ਨਾ ਹੋਵੇ ਲਾੜਾ ਰਹਿ ’ਜੇ ਤੇ ਬਰਾਤੀ ਲੈ ’ਜੇ।… ਤਾਰੀ ਰੋਕ ਓਏ ਆਹ ਢਾਬੇ ’ਤੇ ਗੱਡੀ। ਤੁਸੀਂ ਐਥੇ ਰੋਟੀ ਖਾਓ, ਮੈਂ ਗੱਡੀ ਲੈ ਕੇ ਜਾਨਾਂ। ਮੈਂ ਇਥੇ ਹੀ ਤੁਹਾਨੂੰ ਆ ਕੇ ਮਿਲ ਲਊਂ।”
-----
ਐਨੇ ਨੂੰ ਵਿਆਕੁਲ ਪ੍ਰਸੰਸਕਾ ਦਾ ਫੋਨ ਆ ਗਿਆ, “ਤੁਸੀਂ ਕਿੱਥੇ ਹੋ? ਮੈਂ ਅੱਡੇ ਵਿਚ ਖੜ੍ਹੀ ਤੁਹਾਡੀ ਉਡੀਕ ਕਰ ਰਹੀ ਹਾਂ। ਤੁਹਾਡੀ ਗੱਡੀ ਕਿਹੜੀ ਤੇ ਨੰਬਰ ਕੀ ਹੈ?”
“ਤਾਰੀ ਗੱਡੀ ਦਾ ਨੰਬਰ ਕੀ ਹੈ ਆਪਣਾ?” ਸਾਡੇ ਗ਼ਜ਼ਲਗੋ ਨੇ ਫੋਨ ’ਤੇ ਹੱਥ ਰੱਖ ਕੇ ਪੁੱਛਿਆ।
ਮੈਂ ਉਸਨੂੰ ਇਸ਼ਾਰੇ ਨਾਲ ਆਖ ਦਿੱਤਾ ਕਿ ਸਹੀ ਨੰਬਰ ਨਾ ਦੇਵੇ। ਉਸ ਨੇ ਐਸਾ ਹੀ ਕੀਤਾ।ਗ਼ਲਤ ਨੰਬਰ ਲਿਖਾ ਦਿੱਤਾ। ਉਧਰੋਂ ਨੀਲੇ ਸੂਟ ਦੀ ਨਿਸ਼ਾਨੀ ਦੱਸੀ ਗਈ। ਉਸ ਉਪਰੰਤ ਗ਼ਜ਼ਲਗੋ ਨੇ ਮੈਨੂੰ ਇਸਦਾ ਕਾਰਨ ਪੁੱਛਿਆ ਤਾਂ ਮੈਂ ਉਹਨੂੰ ਦੱਸਿਆ ਕਿ ਬਲਾਈਂਡ ਡੇਟ ਕਈ ਵਾਰੀ ਧਰਤੀ ਤੋਂ ਅਸਮਾਨ ਵਿਚ ਲਿਜਾਣ ਦੀ ਬਜਾਏ ਪਤਾਲ ਵਿਚ ਸਿੱਟ ਦਿੰਦੀ ਹੈ। ਤੂੰ ਉਸ ਨੂੰ ਮਿਲਿਆ ਨਹੀਂ ਕੀ ਪਤਾ ਉਹ ਕਿਹੋ ਜਿਹੀ ਲੱਗਦੀ ਹੈ?
“ਲੈ ਮੈਨੂੰ ਉਹਨੇ ਫੋਟੋਆਂ ਈ-ਮੇਲ ਕੀਤੀਆਂ ਸੀ। ਕੈਟਰੀਨਾ ਕੈਫ ਵਰਗੀ ਹੈ।”
-----
ਸਾਨੂੰ ਢਾਬੇ ਉੱਤੇ ਉਤਾਰ ਕੇ ਉਹ ਚਲਾ ਗਿਆ। ਉਹ ਢਾਬਾ ਬਹੁਤ ਘਟੀਆ ਜਿਹਾ ਸੀ। ਮੈਂ ਤਾਰੀ ਨੂੰ ਕਿਹਾ ਕੋਈ ਹੋਰ ਚੰਗਾ ਜਿਹਾ ਰੈਸਟੋਰੈਂਟ ਲੱਭਦੇ ਹਾਂ। ਖਾਣਾ ਖਾਹ ਕੇ ਮੁੜ ਆਵਾਂਗੇ।ਵਧੀਆ ਰੈਸਟੋਰੈਂਟ ਦੀ ਤਲਾਸ਼ ਵਿਚ ਅਸੀਂ ਕਾਫੀ ਅੱਗੇ ਨਿਕਲ ਗਏ। ਰਸਤੇ ਵਿਚ ਮੈਨੂੰ ਤਾਰੀ ਕਹਿੰਦਾ, “ਬਾਈ ਮੈਂ ਤੇਰਾ ਚੇਲਾ ਬਣ ਜਾਣੈ। ਆਪਾਂ ਹੁਣੇ ਪੱਗ ਤੇ ਲਲੇਰੇ ਜਿਹਾ ਨਿਕੜ ਸੁਕੜ ਲੈ ਲੈਂਦੇ ਆਂ। ਮੈਨੂੰ ਲੇਖਕ ਬਣਾ ਦੇ ’ਕੇਰਾਂ। ਮੈਨੂੰ ਤਾਂ ਪਤਾ ਈ ਨਹੀਂ ਸੀ ਲਿਖਾਰੀਆਂ ਉੱਤੇ ਕੁੜੀਆਂ ਇਉਂ ਮਰਦੀਆਂ ਫਿਰਦੀਆਂ। ਤੁਸੀਂ ਤਾਂ ਟੀਸੀ ਵਾਲੇ ਬੇਰ ਤੋੜਦੇ ਹੋ।”
ਉਹਦੀ ਗੱਲ ਨੂੰ ਮੈਂ ਹੱਸ ਕੇ ਟਾਲ ਦਿੱਤਾ ਤੇ ਅਸੀਂ ਇਕ ਰੈਸਟੋਰੈਂਟ ਵਿਚ ਵੜ੍ਹ ਗਏ।
ਦੋ ਘੰਟੇ ਬਾਅਦ ਅਸੀਂ ਮੁੜੇ ਤਾਂ ਸਾਡਾ ਗ਼ਜ਼ਲਗੋ ਗੱਡੀ ਦੀ ਸੀਟ ਦੀ ਢੋਅ ਥੋੜ੍ਹੀ ਪਿੱਛੇ ਨੂੰ ਉਲਾਰੀ ਅੱਖਾਂ ਮੀਚੀ ਪਿਆ ਸੀ। ਤਾਰੀ ਮੈਨੂੰ ਕਹਿੰਦਾ, “ਦੇਖ ਲੈ ਹਜੇ ਵੀ ਕੈਟਰੀਨਾ ਕੈਫ ਦੇ ਈ ਸੁਪਨੇ ਲਈ ਜਾਂਦੈ।”
“ਹੂੰ, ਅੱਜ ਨ੍ਹੀਂ ਸੌਂਦਾ ਇਹ।” ਮੈਂ ਹੁੰਗਾਰਾ ਭਰਿਆ।
ਗੱਡੀ ਕੋਲ ਜਾ ਕੇ ਅਸੀਂ ਉਸਨੂੰ ਉਠਾਇਆ, “ਹਾਂ ਬਈ ਕੀ ਬਣਿਆ ਰਾਂਝਿਆ?”
“ਕਿੱਥੇ ਮਰ ’ਗੇ ਸੀ ਤੁਸੀਂ? ਮੈਂ ਕਦੋਂ ਦਾ ਉਡੀਕੀ ਜਾਨੈ। ਮੇਰੀ ਬੈਟਰੀ ਵੀ ਫਲੈਟ ਹੋਗੀ।”
“ਅੱਛਾ? ਐਨਾ ਜ਼ੋਰ ਲਵਾ’ਤਾ? ਕੋਈ ਨ੍ਹੀਂ ਤੈਨੂੰ ਸ਼ਿਲਾਜੀਤ ਤੇ ਸੋਨੇ ਦੀ ਭਸਮ ਚਾਰਦੇ ਹਾਂ ਚੱਲ ਕੇ।” ਮੈਂ ਟਿੱਚਰ ਕਰੀ।
“ਫ਼ੋਨ ਦੀ ਕਹਿਨਾਂ।”
“ਨਾ ਤੂੰ ਸੁਣਾ ਕਿੰਝ ਰਾਤ ਮੁਕਲਾਵੇ ਦੀ ਗੁਜ਼ਾਰੀ ਬੱਲੀਏ, ਕੀ ਹੋਇਆ?”
“ਹੋਇਆ ਕੀ ਸੁਆਹ ਦੀ ਖੇਹ। ਜਿਵੇਂ ਆਪਾਂ ਗ਼ਲਤ ਨੰਬਰ ਦੱਸਿਆ, ਉਵੇਂ ਉਹਨੇ ਗ਼ਲਤ ਸੂਟ ਦੱਸਿਆ।ਮੈਂ ਨੀਲਾ ਸੂਟ ਟੋਲਾਂ, ਉਹ ਪੀ ਬੀ 10… ਲੱਭੇ। ਦਸਾਂ ਮਿੰਟਾਂ ਬਾਅਦ ਮੈਂ ਅੱਕ ਕੇ ਫੋਨ ਕੀਤਾ। ਮੇਰੇ ਸਾਹਮਣੇ ਖੜ੍ਹੀਆਂ ਦੋ ਗੁਲਾਬੀ ਸੂਟਾਂ ਵਾਲੀਆਂ ’ਚੋਂ ਇਕ ਨੇ ਚੱਕ ਲਿਆ। ਸ਼ਕਲ ਦੇਖ ਕੇ ਮੇਰੇ ਤਾਂ ਮਾਪੇ ਈ ਮਰ ’ਗੇ। ਤਵੇ ਅਰਗਾ ਰੰਗ। ਸਾਰਾ ਮੂੰਹ ਫਿਣਸੀਆਂ ਨਾਲ ਭਰਿਆ ਪਿਆ। ਭੈਣ ’ਚੋ… ਚੁੜੇਲ ਜਿਹੀ ਲੱਗੇ। ਨਾ ਮੈਂ ਭੱਜਣ ਜੋਗਾ।ਆਈਸ ਕ੍ਰੀਮ ਬਾਰ ’ਚ ਲੈ ਗਈਆਂ। ਮੇਰੇ ਢਾਈ ਸੌ ਵੇਸਟ ਕਰਵਾ’ਤੇ। ਮੇਰੀਆਂ ਗ਼ਜ਼ਲਾਂ ਦੇ ਸ਼ੇਅਰਾਂ ਦੀ ਤਾਰੀਫ਼ ਨਾ ਕਰਨੋਂ ਹਟੇ, ਮੈਂ ਅੱਕ ਕੇ ਕਹਿ ਦਿੱਤਾ। ਮੇਰੀਆਂ ਮੂਰੀਆਂ ਨ੍ਹੀਂ ਲਿਖੀਆਂ ਇਹ ਮੈਂ ਤਾਂ ਸਾਡਾ ਇਕ 'ਘਾਣੀਕਾਰ ਜਿਹੈ, ਬਲਰਾਜ ਸਿੱਧੂ ਉਹਦੀਆਂ ਚੋਰੀ ਕਰਕੇ ਛਪਵਾਈਆਂ ਸੀ।”
“ਤੂੰ ਮੇਰਾ ਨਾਂ ਕਿਉਂ ਲਿਆ?” ਮੈਂ ਭੜਕਿਆ।
“ਹੋਰ ਮੈਂ ਕੀ ਕਰਦਾ। ਖਹਿੜਾ ਤਾਂ ਛਡਾਉਣਾ ਸੀ।ਸੁਆਦ ਹੀ ਖ਼ਰਾਬ ਕਰਤਾ।ਇਹਦੂੰ ਤਾਂ ’ਖੰਡ ਪਾਠ ’ਤੇ ਈ ਕੁਸ਼ ਨਾ ਕੁਸ਼ ਮਿਲ ਜਾਣਾ ਸੀ।ਬਾਰਾਂ ਸੌ ਨੂੰ ਥੁੱਕ ਲੱਗ ਗਿਆ। ਤੇਲ ਤੇ ਟੈਮ ਵਾਧੂ ਦਾ। ਤੂੰ ਠੀਕ ਕਿਹਾ ਸੀ।”
“ਖਹਿੜਾ ਹੀ ਛੁਡਾਉਣਾ ਸੀ ਤਾਂ ਬਾਬਾ ਮਾਰ ਦਿੰਦਾ।”
“ਕੀ ਮਤਲਬ?”
“ਤੇਰੇ ਵਰਗੀ ਇੰਨ-ਬਿੰਨ ਸਿਚੁਏਸ਼ਨ ਪੈਦਾ ਹੋ ਗਈ ਸੀ ਕਿਸੇ ਮੁੰਡੇ ਕੁੜੀ ਦੀ। ਬਲਾਈਂਡ ਡੇਟ। ਕੁੜੀ ਨੂੰ ਮੁੰਡਾ ਨਾ ਪਸੰਦ ਤੇ ਮੁੰਡੇ ਨੂੰ ਕੁੜੀ ਨਾ ਪਸੰਦ। ਕਾਫੀ ਦੇਰ ਚੁੱਪ ਬੈਠੇ ਰਹੇ। ਫੇਰ ਮੁੰਡੇ ਨੇ ਕਿਹਾ, ਮਾਫ਼ ਕਰਨਾ ਮੈਂ ਘਰੇ ਜਰ੍ਹਾ ਫੋਨ ਕਰ ਲਵਾਂ। ਫੋਨ ਕਰਨ ਮਗਰੋਂ ਮੁੰਡਾ ਅਫ਼ਸੋਸਿਆ ਜਿਹਾ ਮੂੰਹ ਬਣਾ ਕੇ ਕੁੜੀ ਨੂੰ ਕਹਿੰਦਾ ਮੈਨੂੰ ਜਾਣਾ ਪੈਣਾ ਹੈ ਮੇਰਾ ਬਾਬਾ ਮਰ ਗਿਆ ਹੈ। ਕੁੜੀ ਕਹਿੰਦੀ ਚਲੋ ਸ਼ੁਕਰ ਹੈ ਨਹੀਂ ਮੇਰਾ ਬਾਬਾ ਮਰ ਜਾਣਾ ਸੀ।”
-----
ਅਸੀਂ ਗੱਡੀ ਵਿਚ ਬੈਠ ਕੇ ਵਾਪਸੀ ਦੇ ਰਾਹ ਪਏ ਤਾਂ ਤਾਰੀ ਮੇਰੇ ਵੱਲ ਧੌਣ ਕਰਕੇ ਬੋਲਿਆ, “ਬਾਈ ਮੈਂ ਨ੍ਹੀਂ ਤੇਰਾ ਚੇਲਾ-ਚੂਲਾ ਬਣਨਾ। ਜੇ ਲਿਖਾਰੀਆਂ ਨਾਲ ਐਨੀ ਕੁੱਤੇ ਖਾਣੀ ਹੁੰਦੀ ਆ ਤਾਂ… ਮੇਰੀ ਤਾਂ ਗ਼ਰੀਬ ਦੀ ਦੋ ਹਜ਼ਾਰ ਰੁਪਈਆ ਮਹੀਨੇ ਦੀ ਤਨਖਾਹ ਆ। ਮੈਂ ਤਾਂ ਇਕੇ ਦਿਨ ’ਚ ਉੜਾ ਦਿਆ ਕਰੂੰ।”
“ਨਾ ਕੈਟਰੀਨਾ ਕੈਫ ਐਵੇਂ ਮਿਲ ਜਾਂਦੀ ਹੈ? ਕਿਉਂ ਬਈ ਅਕਸ਼ੇ ਕੁਮਾਰ?”
ਸਾਡੇ ਗ਼ਜ਼ਲਗੋ ਨੇ ਖਿਝ ਕੇ ਦੰਦ ਪੀਂਹਦਿਆਂ ਡੈਸ਼ਬੋਰਡ ਤੋਂ ਚੁੱਕ ਕੇ ਚਾਰ ਪੰਜ ਆਡੀਉ ਕੈਸਟਾਂ ਮੇਰੇ ਉੱਤੇ ਵਗਾਹ ਮਾਰੀਆਂ।
No comments:
Post a Comment