ਲੇਖ - ਭਾਗ - 14
ਸਾਡੀ ਦਲੀਪ ਕੌਰ ਟਿਵਾਣਾ ਲਿਖਦੀ ਹੈ: ਮੈਂ ਕਹਾਣੀ ਲਿਖੀ। ਮੈਨੂੰ ਲੱਗਿਆ ਮੈਂ ਕਹਾਣੀ ਲਿਖ ਸਕਦੀ ਹਾਂ। ਉਹੇ ਜਿਹੀਆਂ ਅੱਠ ਨੌ ਕਹਾਣੀਆਂ ਹੋਰ ਲਿਖੀਆਂ। ਕਿਤਾਬ ਛਾਪ ਲਈ ਮੈਂ ਲੇਖਿਕਾ ਬਣ ਗਈ। ਲੇਖਿਕ ਬਣਨਾ ਕਿਹੜੀ ਔਖੀ ਗੱਲ ਹੈ? ਪਰ ਹੁਣ ਤਾਂ ਲੇਖਕ ਬਣਨਾ ਹੋਰ ਵੀ ਸੌਖਾ ਹੋ ਗਿਆ ਹੈ। ਤੁਹਾਨੂੰ ਕਿਤਾਬ ਲਿਖਣ ਦੀ ਵੀ ਜ਼ਰੂਰਤ ਨਹੀਂ। ਕੋਈ ਵੀ ਅਖ਼ਬਾਰ ਜਾਂ ਮੈਗਜ਼ੀਨ ਚੁੱਕੋ। ਉਸ ਵਿਚ ਕਿਸੇ ਲੇਖਕ ਦੀ ਰਚਨਾ ਪੜ੍ਹੋ ਤੇ ਅਖ਼ਬਾਰ ਨੂੰ ਚਿੱਠੀ ਲਿਖ ਦੇਉ ਰਚਨਾ ਬੜੀ ਵਧੀਆ ਸੀ। ਤੁਹਾਨੂੰ ਇਹ ਵੀ ਲਿਖਣ ਦੀ ਜ਼ਰੂਰਤ ਨਹੀਂ ਕਿ ਉਹ ਕਿਉਂ ਵਧੀਆ ਸੀ ਜਾਂ ਉਸ ਦੇ ਕੀ ਗੁਣ ਹਨ। ਤੁਹਾਡੀ ਚਿੱਠੀ ਛਪ ਜਾਵੇਗੀ। ਇਹੋ ਜਿਹੀਆਂ ਉਪਰੋ-ਥਲ਼ੀ ਦੋ ਤਿੰਨ ਚਿੱਠੀਆਂ ਛਪਵਾਉ। ਤੁਸੀਂ ਲੇਖਕ ਬਣ ਗਏ।
------
ਇੰਝ ਹੀ ਇਕ ਵਾਰ ਇਕ ਸਵਿਟਜ਼ਰਲੈਂਡ ਰਹਿੰਦੇ ਬੰਦੇ ਸਤਪਾਲ ਸਿੰਘ ਸਤ ਦਾ ਪਾਠਕਾਂ ਦੇ ਪੱਤਰ ਵਿਚ ਖ਼ਤ ਛਪ ਗਿਆ। ਉਹਦਾ ਹੌਂਸਲਾ ਖੁੱਲ੍ਹ ਗਿਆ। ਡੰਗਰ ਦਾ ਮੂੰਹ ਮੇਰੇ ਵੱਲ ਹੋ ਗਿਆ, ਜਿਵੇਂ ਮੈਂ ਉਹਦੀ ਕੁੜੀ ਕੱਢ ਲਈ ਹੁੰਦੀ ਹੈ ਤੇ ਉਹਨੇ ਕਸਮ ਖਾ ਲਈ ਮੇਰੇ ਖ਼ਿਲਾਫ਼ ਲਿਖਣ ਦੀ।ਲੱਚਰ ਲਿਖਦੈ, ਲੱਚਰ ਲਿਖਦੈ ਕਰੀ ਜਾਇਆ ਕਰੇ।ਪਹਿਲਾਂ ਤਾਂ ਮੈਂ ਇਹ ਕਹਿ ਕੇ ਨਜ਼ਰ ਅੰਦਾਜ਼ ਕਰਦਾ ਰਿਹਾ ਕਿ, ‘Creator is always greater than Critric.’। ਫਿਰ ਉਹ ਰਚਨਾ ਦੀ ਆਲੋਚਨਾ ਬਜਾਏ ਥੋੜ੍ਹਾ ਪਰਸਨਲ ਹੋਣ ਲੱਗ ਪਿਆ।ਮੈਨੂੰ ਯਾਰ ਦੋਸਤ ਕਹਿਣ ਲੱਗੇ, “ਨੱਥ ਪਾ ਇਹਨੂੰ ਇਹ ਤਾਂ ਤੇਰੇ ਸਿੰਗ ਮਾਰੂ।ਨਾਲੇ ਉਹ ਆਹ ਇਕ ਲੇਖਕ ਦੀ ਤਾਰੀਫ਼ ਕਰੀ ਜਾਂਦੈ ਤੇ ਉਹ ਲੇਖਕ ਵੀ ਗੰਦ ਚੰਗਾ ਵੱਢਦਾ ਹੈ। ਇਹ ਇਕੱਲਾ ਤੈਨੂੰ ਲੱਚਰ ਆਖੀ ਜਾਂਦਾ ਹੈ। ਫਿਰ ਆਹ ਦੇਖ ਇਹ ਲੇਖਕ ਉਸ ਕੋਲ ਜਾ ਕੇ ਠਹਿਰ ਰਿਹਾ ਹੈ। ਗੱਲ ਸਮਝ ਆਈ?”
-----
ਮੈਂ ਸਮਝ ਗਿਆ।ਮੇਰਾ ਇਕ ਪਾਠਕ ਸਵਿਟਜ਼ਰਲੈਂਡ ਰਹਿੰਦਾ ਸੀ। ਕੁਦਰਤੀ ਉਹਦਾ ਫੋਨ ਆ ਗਿਆ ਤੇ ਮੈਂ ਚਿੱਠੀਆਂ ਵਾਲੇ ਬਾਬੇ ਬਾਰੇ ਉਸਨੂੰ ਪੜਤਾਲ਼ ਕਰਨ ਲਈ ਕਿਹਾ। ਅੱਗੋਂ ਉਹ ਸਤ ਸਾਹਿਬ ਨੂੰ ਜਾਣਦਾ ਸੀ ਤੇ ਬਾਬੇ ਦਾ ਉਹਨੇ ਸਾਰਾ ਜੀਵਨ ਬਿਓਰਾ ਤੇ ਜਨਮ ਪੱਤਰੀ ਮੈਨੂੰ ਸੁਣਾ ਦਿੱਤੀ, “ਦੇਖ ਲੈ ਬਾਈ ਕਹੇਂ ਤਾਂ ਸਰਵਿਸ ਕਰ ਦਿੰਦੇ ਹਾਂ?”
ਮੈਂ ਉਸ ਨੂੰ ਹਟਾਇਆ, “ਨਹੀਂ ਤੁਸੀਂ ਨਾ ਕੁਝ ਕਰਿਓ। ਇਲਜ਼ਾਮ ਮੇਰੇ ਸਿਰ ’ਤੇ ਹੀ ਆ ਜਾਣੈ, ਆਪਾਂ ਗੁੰਡਾਗਰਦੀ ਨ੍ਹੀਂ ਕਰਨੀ। ਦਿਮਾਗ਼ ਨਾਲ ਹੀ ਢਾਵ੍ਹਾਂਗੇ ਇਹਨੂੰ। ਜਦੋਂ ਅੜਿੱਕੇ ਆਇਆ ਦਰਸ਼ਣ ਡੇਲੋਂ ਵਾਂਗੂ ਕੇਲਾ ਖੁਆ ਕੇ ਉਹਦਾ ਇਨਕਾਉਂਟਰ ਮੈਂ ਹੀ ਕਰੂੰ। ਹੁਣ ਉਹ ਚਿੱਠੀਆਂ ਛਾਪ ਕੇ ਆਪਣੇ ਆਪਨੂੰ ਲੇਖਕ ਸਮਝਣ ਲੱਗ ਪਿਐ। ਚਾਮ੍ਹਲਿਆ ਹੋਇਆ ਹੈ। ਹੁਣ ਉਹ ਕੋਈ ਗ਼ਲਤੀ ਜ਼ਰੂਰ ਕਰੇਗਾ ਤੇ ਫੇਰ ਪੁੱਤ ਬਣਾਵਾਂਗੇ।”
-----
ਇਕ ਦਿਨ ਐਵੇਂ ਬੈਠਾ ਬੈਠਾ ਮੈਂ ਬਲੈਕ ਲੇਬਲ ਦੀ ਪੂਰੀ ਬੋਤਲ ਪੀ ਗਿਆ। ਬੋਤਲ ਪੀ ਕੇ ਖ਼ਿਆਲ ਆਇਆ ਕਿ ਬੋਤਲ ਤਾਂ ਪੀ ਲਈ ਮਨਾ ਹੁਣ ਖੇੜਨੀ ਕੀਹਦੇ ’ਤੇ ਹੈ? ਕਿਸੇ ਲੇਖਕ ਨੂੰ ਫੜ੍ਹਨ ਦੇ ਮਕਸਦ ਨਾਲ ਮੈਂ ਅਖ਼ਬਾਰ ਖੋਲ੍ਹਿਆ ਤਾਂ ਪਾਠਕਾਂ ਦੇ ਪੱਤਰਾਂ ਵਾਲਾ ਸਫਾ ਸਾਹਮਣੇ ਆ ਗਿਆ।ਜਿਸ ਵਿਚ ਸਵਿਟਜ਼ਰਲੈਂਡ ਵਾਲੇ ਬਾਬੇ ਸਤਪਾਲ ਸਤ ਦੀ ਰਚਨਾ ਸੀ।
-----
ਮੈਨੂੰ ਸ਼ਿਕਾਰ ਲੱਭ ਗਿਆ।ਉਸ ਬਾਬੇ ਨੇ ਮੇਰੀ ਨਿੰਦਿਆ ਵਾਲੇ ਖ਼ਤ ਵਿਚ ਕਿਸੇ ਭੁਪਿੰਦਰ ਸਿੰਘ ਦੀ ਕਵਿਤਾ ਦੀ ਤਾਰੀਫ਼ ਕੀਤੀ ਹੋਈ ਸੀ।ਮੈਂ ਰਿਕਾਡਰ ਫੋਨ ਨਾਲ ਲਾਇਆ ਤੇ ਭੁਪਿੰਦਰ ਸਿੰਘ ਬਣ ਕੇ ਸਵਿਟਜ਼ਰਲੈਂਡ ਫੋਨ ਲਾ ਲਿਆ।ਬਾਬਾ ਜੀ ਨੂੰ ਫੂਕ ਛਕਾਈ ਤੇ ਉਹ ਸਾਰਾ ਕੁਝ ਬਕਾ ਲਿਆ ਜੋ ਮੈਂ ਸੁਣਨਾ ਚਾਹੁੰਦਾ ਸੀ। ਬਾਬਾ ਜੋਤਿਸ਼ੀਆਂ ਦੇ ਤੋਤੇ ਵਾਂਗੂੰ ਬੋਲੇ। ਜਦੋਂ ਬਾਬੇ ਨੇ ਸਾਰਾ ਕੁਝ ਉਗ਼ ਦਿੱਤਾ ਤਾਂ ਮੈਂ ਫ਼ੋਨ ਰੱਖ ਕੇ ਪਹਿਲਾਂ ਰਿਕਾਡਿੰਗ ਚੈਕ ਕੀਤੀ। ਫੇਰ ਬਾਬੇ ਨੂੰ ਦੁਬਾਰਾ ਫੋਨ ਲਾ ਲਿਆ। ਜਦੋਂ ਬਾਬੇ ਨੂੰ ਆਪਣਾ ਅਸਲੀ ਨਾਮ ਦੱਸਿਆ ਤਾਂ ਉਹਨੂੰ ਸੱਪ ਸੁੰਘ ਗਿਆ।ਪਹਿਲਾਂ ਰੱਜ ਕੇ ਗਾਲ੍ਹ ਵਰਾਈ। ਅਠਾਰਾਂ ਪੌਂਡ ਬੋਤਲ ਵਾਲੇ ਖਰੇ ਕੀਤੇ। ਬਾਬੇ ਨੇ ਸਾਰੇ ਮੈਗਜ਼ੀਨ ਵਿਚੋਂ ਸਭ ਤੋਂ ਪਹਿਲਾਂ ਮੇਰੀ ਅੱਠ ਸਫਿਆਂ ਦੀ ਕਹਾਣੀ ਪੜ੍ਹੀ ਸੀ ਤੇ ਇਥੋਂ ਤੱਕ ਕਿ ਆਪਣੇ ਚਹੇਤੇ ਲੇਖਕ ਦੀ ਇਕ ਸਫੇ ਦੀ ਰਚਨਾ ਵੀ ਨਹੀਂ ਸੀ ਪੜ੍ਹੀ।
ਮੈਂ ਉਹਨੂੰ ਪੈ ਨਿਕਲਿਆ, “ਜਦ ਤੈਨੂੰ ਪਤੈ ਮੈਂ ਲੁੱਚਾਂ, ਅਸ਼ਲੀਲ ਕਹਾਣੀਆਂ ਲਿਖਦਾਂ। ਤੂੰ ਮੇਰੀ ਕਹਾਣੀ ਕਿਉਂ ਪੜ੍ਹੀ? ਨਾਲੇ ਤੇਰਾ ਬੰਦਾ ਵੀ ਅਸ਼ਲੀਲ ਲਿਖਦਾ ਤੂੰ ਉਹਦੇ ਬਾਰੇ ਇਕ ਅੱਖਰ ਨਹੀਂ ਲਿਖਿਆ।”
“ਉਹਨੂੰ ਮੈਂ ਉਂਝ ਦੱਸ ਦਿੱਤਾ ਸੀ। ਉਹ ਕਹਿੰਦਾ ਕਦੇ ਕਦੇ ਲਿਖਣਾ ਪੈ ਜਾਂਦੈ।”
“ਆਹੋ ਤੋਪ ਨਾਲ ਬੰਨ੍ਹਿਆ ਹੁੰਦੈ ਉਹਨੂੰ… ਲਿਖਣਾ ਪੈ ਜਾਂਦੈ।”
“ਉਹ ਤਾਂ ਮੈਨੂੰ ਕਹਿੰਦਾ ਸੀ ਤੂੰ ਬਹੁਤ ਪੜ੍ਹਿਆ ਹੋਇਆ ਲੇਖਕ ਹੈਂ?”
“ਪੜ੍ਹਿਆ ਤਾਂ ਹੈਗਾਂ।ਪਰ ਮੈਂ ਅੜਬ ਜੱਟ ਵੀ ਆਂ।ਬਾਦਲ ਨੇ ਐਲਾਨ ਕਰਵਾ ਦਿੱਤਾ ਕਿ ਪੁਲਿਸ ਮਹਿਕਮਾ ਆਮ ਨਾਗਰਿਕ ਨੂੰ ਸ਼੍ਰੀ ਮਾਨ ਜੀ ਆਖ ਕੇ ਸੰਬੋਧਨ ਕਰਿਆ ਕਰੇਗਾ। ਰਾਏਕੋਟ ਠਾਣੇ ਵਿਚ ਇਕ ਬੰਦਾ ਆਪਣੇ ਮਕਾਨ ਮਾਲਕ ਦੀ ਵਧੀਕੀ ਵਿਰੁੱਧ ਸ਼ਿਕਾਇਤ ਦੀ ਅਰਜ਼ੀ ਲਿਖ ਲਿਆਇਆ। ਮੁਣਸ਼ੀ ਨੇ ਬਿਨਾ ਪੜ੍ਹਿਆਂ ਕਹਿ ਦਿੱਤਾ, ਠੀਕ ਨਹੀਂ ਦੁਬਾਰਾ ਲਿਖ ਕੇ ਲਿਆ। ਉਹ ਬੰਦਾ ਦੁਬਾਰਾ ਲਿਖ ਲਿਆਇਆ। ਮੁਣਸ਼ੀ ਨੇ ਫੇਰ ਆਖ ਦਿੱਤਾ ਸਹੀ ਕਰਕੇ ਲਿਆ। ਉਹ ਬੰਦਾ ਕਹਿੰਦਾ ਤੁਸੀਂ ਆਪ ਹੀ ਲਿਖ ਲਊ ਜਿਵੇਂ ਲਿਖਣੀ ਹੈ।ਮੁਣਸ਼ੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਉਸ ਨੂੰ ਕਹਿ ਦਿੱਤਾ, ਔਹ ਮੁੰਡਾ ਰਾਈਟਰ ਹੈ। ਉਸ ਤੋਂ ਲਿਖਾ ਕੇ ਲਿਆ। ਉਸ ਬੰਦੇ ਨੇ ਮੇਰੇ ਕੋਲ ਆ ਕੇ ਦਰਖ਼ਾਸਤ ਲਿਖਣ ਦੀ ਬੇਨਤੀ ਕੀਤੀ। ਮੈਂ ਉਸਨੂੰ ਸਮਝਾਇਆ ਕਿ ਇਹਦੇ ਨਾਲ ਹਜ਼ਾਰ ਪੰਜ ਸੌ ਨੱਥੀ ਕਰ, ਇਹੀ ਠੀਕ ਹੋ ਜਾਣੀ ਹੈ। ਉਹ ਬੰਦਾ ਮੁਣਸ਼ੀ ਨੂੰ ਜਾ ਕੇ ਕਹਿਣ ਲੱਗਿਆ, ਤੁਸੀਂ ਮੈਥੋਂ ਰਿਸ਼ਵਤ ਮੰਗਦੇ ਹੋ। ਮੈਂ ਵਿਜੀਲੈਂਸ ਕੋਲ ਤੁਹਾਡੀ ਸ਼ਿਕਾਇਤ ਕਰਾਂਗਾ।ਮੂਹਰਿਆਂ ਮੁਣਸ਼ੀ ਗੁੱਸੇ ਵਿਚ ਆ ਕੇ ਕੁਰਸੀ ਤੋਂ ਖੜ੍ਹਾ ਹੋ ਗਿਆ, ਗੱਲ ਸੁਣ ਉਏ ਭੈਣ ਦੇਣਿਆ ਸ਼੍ਰੀ ਮਾਨਾ, ਮੈਂ ਤੈਥੋਂ ਕਦੋਂ ਰਿਸ਼ਵਤ ਮੰਗੀ ਹੈ? ਉਹੀ ਗੱਲ ਬਾਬਾ ਮੈਂ ਤੇਰੇ ਨਾਲ ਕੀਤੀ ਹੈ।
-----
ਪਹਿਲਾਂ ਤੂੰ ਜੱਟ ਬਲਰਾਜ ਸਿੱਧੂ ਨੂੰ ਸੁਣਿਐ, ਹੁਣ ਰਾਈਟਰ ਬਲਰਾਜ ਸਿੱਧੂ ਨੂੰ ਸੁਣ। ਆਪਦੇ ਪੂਜਨੀਕ ਲੇਖਕ ਨੂੰ ਮੇਰੇ ਵੱਲੋਂ ਇਕ ਕਹਾਣੀ ਸੁਣਾ ਦੇਈ, ਸਮਝਦਾਰ ਹੋਇਆ ਆਪੇ ਸਮਝ ਜਾਊ। ਇਕ ਰਾਜਕੁਮਾਰੀ ਦੀ ਕਿਸੇ ਰਾਜਕੁਮਾਰ ਨਾਲ ਚਿਰਾਂ ਦੀ ਸੀਟੀ ਜਿਹੀ ਰਲਦੀ ਸੀ। ਉਥੇ ਨਵਾਂ ਰਾਜਕੁਮਾਰ ਆ ਜਾਂਦਾ ਹੈ।ਰਾਜਕੁਮਾਰੀ ਦਾ ਝੁਕਾਅ ਨਵੇਂ ਰਾਜਕੁਮਾਰ ਵੱਲ ਹੋ ਜਾਂਦਾ ਹੈ। ਪੁਰਾਣੇ ਰਾਜਕੁਮਾਰ ਨੂੰ ਜਲ਼ਨ ਹੁੰਦੀ ਹੈ। ਉਹ ਆਪਣੇ ਸਿਪਾਹੀਆਂ ਨਾਲ ਮਿਲ ਕੇ ਨਵੇਂ ਰਾਜਕੁਮਾਰ ਨੂੰ ਇਕ ਕਿਲ੍ਹੇ ਵਿਚ ਕ਼ੈਦ ਕਰਵਾ ਦਿੰਦਾ ਹੈ ਤਾਂ ਕਿ ਨਵਾਂ ਰਾਜਕੁਮਾਰ ਰਾਜਕੁਮਾਰੀ ਨੂੰ ਨਾ ਮਿਲ ਸਕੇ। ਕੈਦ ਹੋਇਆ ਰਾਜਕੁਮਾਰ ਕਿਲ੍ਹੇ ਦਾ ਇਕ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਾ ਹੈ।ਪੁਰਾਣੇ ਰਾਜਕੁਮਾਰ ਦੇ ਸਿਪਾਹੀ ਬਾਹਰੋਂ ਜ਼ੋਰ ਮਾਰ ਕੇ ਉਸਨੂੰ ਖੁੱਲ੍ਹਣ ਨਹੀਂ ਦਿੰਦੇ। ਨਵਾਂ ਰਾਜਕੁਮਾਰ ਦੂਜਾ ਬੂਹਾ ਅਜ਼ਮਾਉਂਦਾ ਹੈ। ਸਿਪਾਹੀ ਉਸਨੂੰ ਵੀ ਡੱਕ ਲੈਂਦੇ ਹਨ। ਇਉਂ ਰਾਜਕੁਮਾਰ ਇਕ ਇਕ ਕਰਕੇ ਸੌ ਦੇ ਸੌ ਦਰਵਾਜ਼ੇ ਖੋਲ੍ਹਣ ਦੇ ਯਤਨ ਕਰਦਾ ਹੈ। ਸਭ ਡੱਕ ਲਏ ਜਾਂਦੇ ਹਨ। ਕ਼ੈਦੀ ਰਾਜਕੁਮਾਰ ਛੱਤ ਪਾੜ ਕੇ ਰਾਜਕੁਮਾਰੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਪੁਰਾਣਾ ਰਾਜਕੁਮਾਰ ਤੇ ਉਸਦੇ ਸਿਪਾਹੀ ਕਿਲ੍ਹੇ ਦੇ ਦਰਵਾਜ਼ਿਆਂ ਨੂੰ ਢੂਹੀਆਂ ਲਾ ਕੇ ਖੜ੍ਹੇ ਰਹਿ ਜਾਂਦੇ ਹਨ।”
“ਕਹਾਣੀ ਤਾਂ ਵਧੀਆ ਹੈ, ਪਰ ਇਹਦਾ ਮੈਨੂੰ ਸੁਣਾਉਣ ਦਾ ਕੀ ਮਤਲਬ?”
“ਮਤਲਬ ‘ਉਹ’ ਤੇ ਤੇਰੇ ਵਰਗੇ ਛਪਣ ਵਾਲੇ ਅਖ਼ਬਾਰਾਂ ਵਿਚ ਤਾਂ ਮੈਨੂੰ ਬੰਦ ਕਰਵਾ ਲਉਂਗੇ। ਮੈਂ ਆਪਣੀ ਵੈਬਸਾਈਟ ਬਣਾ ਕੇ ਰਚਨਾਵਾਂ ਉਹਦੇ ਉੱਤੇ ਨਸ਼ਰ ਕਰ ਦੇਊ।ਫੜ ਲਿਉ ਫੇਰ ਮੇਰੀ ਪੂਛ।ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕਹਾਣੀ ਦੀ ਆਲੋਚਨਾ ਕਿਉਂ ਕੀਤੀ।ਫਰੀਡਮ ਔਫ ਸਪੀਚ ਹੈ। ਪਾਠਕ ਨੂੰ ਹੱਕ ਬਣਦਾ ਹੈ ਉਹ ਆਪਣੇ ਅਜ਼ਾਦੀ ਨਾਲ ਵਿਚਾਰ ਦੇਵੇ। ਪਰ ਇਹ ਨਹੀਂ ਕਿ ਇਕ ਗੱਲ ਲਈ ਤੁਸੀਂ ਇਕ ਨੂੰ ਨਿੰਦੋ ਤੇ ਦੂਜੇ ਨੂੰ ਸਹਾਰੋ। ਨਿਰਪੱਖ ਹੋ ਕੇ ਲਿਖੋ। ਉਹਦੇ ਬਾਰੇ ਵੀ ਲਿਖੋ।”
“ਉਹਨੇ ਗ਼ੁੱਸੇ ਹੋ ਜਾਣੈ।”
“ਮੈਂ ਕਿਹੜਾ ਪਿਆਰ ਕਰੂੰ ਤੇ ਗਲ਼ ’ਚ ਵਰਮਾਲਾ ਪਾਊ?”
ਬਾਬੇ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ ਤੇ ਮੁੜਕੇ ਨਾ ਚਿੱਠੀ ਲਿਖਣ ਦਾ ਵਾਅਦਾ ਕੀਤਾ।
-----
ਮੇਰੇ ਫੋਨ ਕੱਟਦਿਆਂ ਉਸਦੇ ਚਹੇਤੇ ਲੇਖਕ ਦਾ ਆਸਟਰੀਆ ਤੋਂ ਫ਼ੋਨ ਆ ਗਿਆ, “ਤੈਨੂੰ ਪਤੈ ਬਾਬਾ ਹਾਰਟ ਦਾ ਮਰੀਜ਼ ਐ। ਤੈਨੂੰ ਉਹਨੂੰ ਧਮਕਾਉਣਾ ਨਹੀਂ ਸੀ ਚਾਹੀਦਾ। ਉਹ ਬਹੁਤ ਡਰਿਆ ਹੋਇਐ।”
“ਹਾਰਟ ਦੇ ਮਰੀਜ਼ ਨੂੰ ਪੰਗੇ ਨ੍ਹੀਂ ਲੈਣੇ ਚਾਹੀਦੇ। ਤੂੰ ਵੀ ਮੇਰੇ ਮਨੋਂ ਉਤਰ ਗਿਐਂ। ਮੈਨੂੰ ਮੂਹ ’ਤੇ ਸਲ੍ਹਾਉਂਦਾਂ ਤੇ ਪਿੱਠ ਪਿਛੇ ਨਿੰਦਦੈਂ।ਦੋਸਤ ਉਹ ਜੋ ਮੂੰਹ ’ਤੇ ਨਿੰਦੇ ਪਿੱਠ ਪਿਛੇ ਸਰਾਹੇ।”
ਉਸ ਤੋਂ ਬਾਅਦ ਵਿਚ ਬਾਬੇ ਦੀ ਅੱਜ ਤੱਕ ਚਿੱਠੀ ਲਿਖਣ ਦੀ ਜੁਅਰੱਤ ਨਹੀਂ ਪਈ। ਉਸ ਦੋਗਲੇ ਲੇਖਕ ਬਾਰੇ ਮੇਰੇ ਮਨ ਵਿਚ ਘ੍ਰਿਣਾ ਆ ਗਈ।ਜਿਸ ਕਰਕੇ ਕਈ ਵਾਰ ਉਹਦੇ ਤਖੱਲਸ ਵਿਚ ਲੱਗਦੇ ‘ਕੱਕੇ’ ਦੀ ਬਜਾਏ ਮੇਰੇ ਮੂੰਹੋਂ ‘ਘੱਗਾ’ ਹੀ ਉਚਾਰਿਆ ਜਾਂਦਾ ਹੈ।
-----
ਇਹ ਉਹੀ ਲੇਖਕ ਸੀ ਜਿਸਦਾ ਮੈਨੂੰ ਉਸ ਵੇਲੇ ਪਹਿਲੀ ਵਾਰ ਫ਼ੋਨ ਆਇਆ ਸੀ, ਜਦੋਂ ਹਾਲੇ ਮੇਰੀਆਂ ਇਕ ਜਾਂ ਦੋ ਕਹਾਣੀਆਂ ਹੀ ਛਪੀਆਂ ਸਨ।ਉਸ ਦੇ ਦੱਸਣ ਮੁਤਾਬਕ ਉਸਨੂੰ ਮੇਰੀਆਂ ਕਹਾਣੀਆਂ ਬੜੀਆਂ ਪਸੰਦ ਆਈਆਂ ਸਨ।ਮੇਰੇ ਤੋਂ ਪਹਿਲਾਂ ਦਾ ਲਿਖਦਾ ਹੋਣ ਕਰਕੇ ਤੇ ਪਿਛਿਉਂ ਮੇਰੇ ਇਲਾਕੇ ਦਾ ਹੋਣ ਕਰਕੇ ਮੈਂ ਉਸ ਦਾ ਸਤਿਕਾਰ ਕਰਨ ਲੱਗ ਪਿਆ ਸੀ।ਉਹਦੇ ਹੀ ਪਿੰਡ ਦਾ ਇਕ ਸਾਹਿਤਕਾਰ 'ਕਰਮਜੀਤ ਕੁੱਸਾ' ਬੜਾ ਮਸ਼ਹੂਰ ਹੋਇਆ ਸੀ। ਕਾਫੀ ਦੇਰ ਤਾਂ ਮੈਂ ਇਸ ਲੇਖਕ ਨੂੰ ਕਰਮਜੀਤ ਵਾਲਾ ਕਰੈਡਿਟ ਹੀ ਭੁਲੇਖੇ ਨਾਲ ਦਿੰਦਾ ਰਿਹਾ।
“ਮੇਰੀ ਕਹਾਣੀ ਪੜ੍ਹੀ? ਕਿਵੇਂ ਲੱਗੀ?”
ਉਹਦੇ ਪ੍ਰਸ਼ਨ ਦੇ ਜੁਆਬ ਵਿਚ ਮੈਂ ਕਿਹਾ ਸੀ, “ਤੇਰੀ ਪੇਂਡੂ ਬੋਲੀ ਤੇ ਸ਼ੈਲੀ ਵਧੀਆ ਹੈ। ਮੈਨੂੰ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆ। ਇੰਗਲੈਂਡ ਵਿਚ ਉਡਾਰ ਹੋਇਆ ਹਾਂ। ਮੇਰੇ ਵਿਚ ਇਹ ਕਮੀ ਹੈ।ਪਰ ਤੇਰੀ ਕਹਾਣੀ ਵਿਧਾ ’ਤੇ ਗਰਿੱਪ ਢਿੱਲੀ ਹੈ। ਤੂੰ ਇਧਰ ਧਿਆਨ ਦੇਵੀਂ।”
ਇਸ ਗੱਲ ਦਾ ਉਸਨੂੰ ਬੁਰਾ ਲੱਗਾ ਸੀ ਤੇ ਉਹ ਮੈਨੂੰ ਆਪਣੀਆਂ ਰਚਨਾਵਾਂ ਗਿਣਾਉਣ ਲੱਗ ਪਿਆ ਸੀ। ਮੈਂ ਉਸਨੂੰ ਕਿਹਾ ਕਿ ਤੂੰ ਵਿਚਾਰ ਪੁੱਛਿਐ। ਮੈਂ ਸੁਹਿਰਦ ਹੋ ਕੇ ਆਪਣਾ ਵਿਚਾਰ ਦਿੱਤਾ।ਨਾਲੇ ਐਨੀ ਵਾਟ ਤੁਰਨ ਵਾਲਾ ਤਾਂ ਬੈਸਟ ਅਥਲੀਟ ਬਣ ਜਾਂਦੈ ਤੇ ਤੈਨੂੰ ਤੁਰਨਾ ਵੀ ਨਹੀਂ…
“ਬਾਈ ਮੇਰਾ ਗੋਤ ਵੀ ਬਰਾੜ ਹੈ ਤੇ ਤੂੰ ਸਿੱਧੂ।”(ਇਥੇ ਉਸਨੇ ਝੂਠ ਬੋਲਿਆ ਸੀ।)
“ਫੇਰ ਕੀ ਹੋਇਐ? ਮੈਂ ਕੁਨਬਾਪ੍ਰਸਤ ਨਹੀਂ। ਜੇ ਇਹੀ ਰਚਨਾ ਮੇਰੇ ਸਕੇ ਭਰਾ ਨੇ ਲਿਖੀ ਹੁੰਦੀ ਤਾਂ ਫੇਰ ਵੀ ਮੇਰਾ ਵਿਚਾਰ ਇਹੀ ਰਹਿਣਾ ਸੀ।”
-----
ਉਸ ਖਬਤੀ ਵੱਲੋਂ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹ ਫੋਨ ਕਰਦਾ ਤੇ ਮੈਨੂੰ ਪੰਪ ਭਰਦਾ। ਉਹਦੇ ਫੋਨ ਰੱਖਣ ’ਤੇ ਮੈਂ ਦਿਮਾਗ ਦੀ ਟੂਟੀ ਢਿੱਲੀ ਕਰਕੇ ਉਹਦੇ ਵੱਲੋਂ ਭਰੀ ਹਵਾ ਕੱਢ ਦਿੰਦਾ।ਇਹ ਫੋਨ ਕਰਨ ਦਾ ਉਸਨੂੰ ਜਨੂੰਨ ਹੈ। ਲੇਖਕਾਂ ਨੂੰ ਫ਼ੋਨ ਕਰਕੇ ਪੰਪ ਮਾਰਨ ਪਿਛੇ ਉਸਦਾ ਮਕਸਦ ਕੇਵਲ ਇਹ ਹੁੰਦਾ ਹੈ ਕਿ ਅਗਲਾ ਭਾਜੀ ਮੋੜੇ। ਬਦਲੇ ਵਿਚ ਉਸਦੀ ਪ੍ਰਸੰਸਾ ਕਰੇ। ਅਖ਼ਬਾਰਾਂ ਵਿਚ ਉਸ ਬਾਰੇ ਲਿਖੇ। ਲੇਖਕਾਂ ਨਾਲ ਉਸ ਦੀ ਉਮਰ ਦੇ ਹਿਸਾਬ ਨਾਲ ਉਹ ਰਿਸ਼ਤੇਦਾਰੀ ਗੰਢ੍ਹ ਲੈਂਦਾ ਹੈ। ਚੁਸਤ ਉਸ ਤੋਂ ਪਾਸਾ ਵੱਟ ਲੈਂਦਾ ਹੈ ਤੇ ਭੋਲਾ ਉਸ ਦੇ ਖਿਲਾਰੇ ਚੋਗ ਨੂੰ ਚੁਗ ਲੈਂਦਾ ਹੈ।ਜਿਵੇਂ ਨਿਆਣਾ ਮਿੱਠੀ ਗੋਲੀ ਚੂਸਦਾ ਰਹਿੰਦਾ ਹੈ, ਇਉਂ ਲੇਖਕ ਦਿਨ ਰਾਤ ਉਹਦੀ ਪ੍ਰਸੰਸਾ ਕਰਦਾ ਨਹੀਂ ਥੱਕਦਾ। ਉਸਦਾ ਨਾਮ ਆਪਣੀਆਂ ਰਚਨਾਵਾਂ ਵਿਚ ਮਾਣ ਨਾਲ ਸ਼ਾਮਿਲ ਕਰਦਾ ਹੈ। ਉਸਦੀਆਂ ਰਚਨਵਾਂ ਬਾਰੇ ਵਧਾ ਚੜ੍ਹਾਅ ਕੇ ਲਿਖਦਾ ਹੈ।
-----
ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਫਲਾਨੇ ਲੇਖਕ ਨੇ ਜਿੰਨਾ ਮੇਰੇ ਬਾਰੇ ਲਿਖ ਕੇ ਮੇਰੀਆਂ ਸਿਫ਼ਤਾਂ ਦੇ ਪੁਲ਼ ਉਸਰਨੇ ਸੀ, ਉਸਾਰ ਚੁੱਕਾ ਹੈ। ਹੁਣ ਉਸਦਾ ਸੀਮਿੰਟ ਖ਼ਤਮ ਹੈ ਤਾਂ ਇਸਦੀਆਂ ਉਸ ਲੇਖਕ ਨਾਲ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੋਈ ਹੋਰ ਲੇਖਕ ਇਸਦਾ ਅਗਲਾ ਸ਼ਿਕਾਰ ਹੁੰਦਾ ਹੈ। ਇੰਝ ਹੀ ਕਦੇ ਉਸਦੀ ਸਾਡੇ ਬ੍ਰਮਿੰਘਮ ਦੇ ਇਕ ਹਾਸਰਸ ਦੇ ਕਵੀ ਸਤਿਕਾਰਯੋਗ ਤੇਜਾ ਸਿੰਘ ਤੇਜ ਜੀ ਕੋਟਲੇਵਾਲੇ ਨਾਲ ਨੇੜਤਾ ਬਣੀ ਸੀ।ਪਰ ਹੁਣ ਸ਼ਾਇਦ ਲੰਮੇ ਅਰਸੇ ਤੋਂ ਉਸ ਬਜ਼ੁਰਗ ਕਵੀ ਨੂੰ ਕਦੇ ਫੋਨ ਵੀ ਨਹੀਂ ਕੀਤਾ। ਉਹਨੇ ‘ਨਿੱਤ ਨਵੇਂ ਮਿੱਤ, ਪੁਰਾਣੇ ਕੀਹਦੇ ਚਿੱਤ’ ਵਾਲੀ ਨੀਤੀ ਅਪਣਾਈ ਹੋਈ ਹੈ। ਪਾਠਕਾਂ ਨੂੰ ਵੀ ਇਹ ਇਸੇ ਤਰ੍ਹਾਂ ਐਕਸਪੋਲਾਇਟ ਕਰਨ ਦੀ ਹੱਦ ਤੱਕ ਜਾਂਦਾ ਹੈ।ਇੰਡੀਆ ਗਿਆ ਇਹ ਕਾਰ ਚਲਾਉਂਦਾ ਤਾਂ ਹੁੰਦਾ ਹੈ ਮਾਰੂਤੀ। ਉਹ ਵੀ ਦੇਵ ਥਰੀਕਿਆਂ ਵਾਲੇ ਨੂੰ ਪੰਜਾਬ ਸਰਕਾਰ ਦੀ ਦਿੱਤੀ ਮੰਗਵੀ ਤੇ ਲਿਖੂਗਾ ਮੈਂ ਸਕੋਰਪੀਉ ਵਿਚ ਗਿਆ ਸੀ।ਚਰਚਾ ਦਾ ਰੱਜ ਕੇ ਭੁੱਖਾ ਹੈ। ਇਸਦਾ ਬਸ ਚੱਲੇ ਤਾਂ ਇਹ ਆਪਣੇ ਛਿੱਕ ਮਾਰਨ ਦੀ ਖ਼ਬਰ ਵੀ ਲਵਾਏ।
-----
ਮੈਨੂੰ ਕਈ ਵਾਰ ਇਸ ਲੇਖਕ ਦੇ ਫੋਨ ਆ ਚੁੱਕੇ ਸਨ ਤੇ ਮੈਂ ਇਕ ਵਾਰ ਵੀ ਉਸਨੂੰ ਫੋਨ ਨਹੀਂ ਸੀ ਕੀਤਾ। ਇਸਨੇ ਗਿਲਾ ਕੀਤਾ, “ਮੈਂ ਤੈਨੂੰ ਐਨੇ ਫੋਨ ਕਰ ‘ਤੇ, ਤੂੰ ਕਦੇ ਫੋਨ ਨਹੀਂ ਕੀਤਾ?”
“ਮੇਰੀ ਆਦਤ ਹੈ। ਮੈਂ ਤਾਂ ਕਦੇ ਗਰਲ ਫਰੈਂਡ ਨੂੰ ਆਪ ਬਿਨਾ ਵਜ੍ਹਾ ਫੋਨ ਨਹੀਂ ਕੀਤਾ।”
ਇਸ ਲੇਖਕ ਦੀਆਂ ਇਕ ਦੋ ਫੋਨ ਕਾਲਾਂ ਤੋਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਬੰਦਾ ਫੁਕਰਾ, ਸਿਰੇ ਦਾ ਗੱਪੀ ਅਤੇ ਭਰਮ ਪਾਲਣ ਦਾ ਸ਼ੌਂਕੀਨ ਹੈ।ਇਕ ਵਾਰ ਉਸਨੂੰ ਖ਼ੁਸ਼ਫਹਿਮੀ ਹੋ ਗਈ ਕਿ ਗੁਰਦਾਸ ਮਾਨ ਦਾ ਲਿਖਿਆ ਤੇ ਗਾਇਆ ਗੀਤ, ‘ਟੀਵੀ ਉੱਤੇ ਦੇਖੀ ਜਾਉ ਬਲਾਊਜ਼ ਚੱਡੀਆਂ।’ ਉਸ ਦਾ ਲਿਖਿਆ ਹੋਇਆ ਹੈ।ਇਹ ਖ਼ੁਸ਼ਫਹਿਮੀ ਸਾਂਝੀ ਕਰਨ ਲਈ ਇਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਗੀਤ ਗੁਰਦਾਸ ਮਾਨ ਨੇ ਰਿਕਾਰਡ ਕਰਵਾਇਆ ਹੈ ਤੇ ਮਨਜੀਤ ਮਾਨ ਨੇ ਅੱਜ ਹੀ ਉਸਨੂੰ ਕੈਸਟ ਦੀ ਕਾਪੀ ਭੇਜੀ ਹੈ। ਮੈਂ ਮੁਬਾਰਕਬਾਦ ਦੇ ਕੇ ਗੀਤ ਪੁੱਛਿਆ। ਉਸ ਦੇ ਗੀਤ ਦੇ ਬੋਲ ਦੱਸਣ ’ਤੇ ਮੈਂ ਉਸਨੂੰ ਪ੍ਰਸ਼ਨ ਕੀਤਾ ਕਿ ਗੀਤ ਉੱਤੇ ਤੇਰਾ ਨਾਮ ਤਾਂ ਕਿਧਰੇ ਹੈ ਨਹੀਂ। ਇਸਦਾ ਜੁਆਬ ਸੀ, “ਮੈਂ ਗੁਰਦਾਸ ਮਾਨ ਨੂੰ ਕਿਹਾ ਤੂੰ ਆਪਦਾ ਨਾਮ ਪਾ ਲੈ ਗੀਤ ਚੱਲ ਜਾਊਗਾ।”
-----
ਮੈਂ ਹੱਸ ਕੇ ਟਿੱਚਰ ਕੀਤੀ, “ਯਾਰ ਜ਼ਿਆਦੇ ਹੋ ਗਿਐ, ਥੋੜ੍ਹਾ ਘੱਟ ਕਰ ਲੈ।” ਅੱਗੋਂ ਉਹ ਠੁੱਸ ਜਿਹਾ ਹੋ ਗਿਆ ਤੇ ਉਸਨੇ ਗੱਲ ਬਦਲ ਦਿੱਤੀ।ਇਵੇਂ ਹੀ ਇਸਨੂੰ ਇਕ ਹੋਰ ਵਹਿਮ ਹੈ ਕਿ ਫਿਲਮਾਂ ਵਾਲੇ ਉਸਦੇ ਨਾਵਲਾਂ ਉੱਤੇ ਫਿਲਮ ਬਣਾਉਣ ਲਈ ਤਰਲੋਮੱਛੀ ਹੋਏ ਪਏ ਹਨ। ਦਸ ਬਾਰਾਂ ਸਾਲ ਹੋ ਗਏ ਉਸ ਦੇ ਨਾਵਲ ਉੱਤੇ ਫਿਲਮ ਬਣਦਿਆਂ ਪਰ ਅਜੇ ਤੱਕ ਮੁਕੰਮਲ ਨਹੀਂ ਹੋਈ। ਐਨਾ ਸਮਾਂ ਤਾਂ ਮੁਗ਼ਲ-ਏ-ਆਜ਼ਮ ਅਤੇ ਟਾਇਟੈਨਿਕ ਨੂੰ ਵੀ ਨਹੀਂ ਸੀ ਲੱਗਿਆ, ਜਿੰਨਾ ਇਸ ਲੇਖਕ ਦੀ ਬਲੌਕਬਸਟਰ ਨੂੰ ਬਣਨ ਵਿਚ ਲੱਗ ਰਿਹਾ ਹੈ।ਇਸੇ ਪ੍ਰਕਾਰ ਉਸਨੂੰ ਇਕ ਹੋਰ ਵਹਿਮ ਦੇ ਭਰਿੰਡ ਨੇ ਡੰਗਿਆ ਹੋਇਆ ਹੈ ਕਿ ਅੰਗਰੇਜ਼ੀ ਸਾਹਿਤ ਵਾਲੇ ਉਸਦਾ ਸਾਹਿਤ ਪੜ੍ਹਣ ਲਈ ਸਾਰੇ ਕੰਮ ਛੱਡੀ ਬੈਠੇ ਹਨ।ਦਸ ਬਾਰਾਂ ਸਾਲਾਂ ਤੋਂ ਹੀ ਮੈਂ ਉਸ ਤੋਂ ਸੁਣਦਾ ਆ ਰਿਹਾ ਹਾਂ ਕਿ ਉਸਦੇ ਨਾਵਲਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਹੋ ਰਿਹਾ ਹੈ। ਅੱਜ ਤੱਕ ਕੋਈ ਅਨੁਵਾਦ ਸਾਹਮਣੇ ਨਹੀਂ ਆਇਆ।ਸ਼ਾਇਦ ਅਨੁਵਾਦਕ ਕਲਮਾਂ ਘੜਦੇ ਹੋਣਗੇ?
-----
ਆਪਣੀਆਂ ਮੁਲਾਕਾਤਾਂ, ਜੋ ਆਮ ਤੌਰ ਉੱਤੇ ਉਸਦੀਆਂ ਖ਼ੁਦ ਹੀ ਲਿਖੀਆਂ ਹੋਈਆਂ ਹੁੰਦੀਆਂ ਹਨ। ਉਹਨਾਂ ਵਿਚ ਵੀ ਉਹ ਅਕਸਰ ਭੋਲ਼ਾ ਜਿਹਾ ਮੂੰਹ ਬਣਾ ਕੇ ਵੱਡਾ ਸਾਰਾ ਬੰਬ ਸਿੱਟ ਜਾਂਦਾ ਹੈ। ਇਕ ਇੰਟਰਵਿਊ ਵਿਚ ਉਸਨੇ ਦੱਸਿਆ ਕਿ ਉਸਨੇ 16-17 ਕੰਪਿਊਟਰ ਦੀਆਂ ਡਿਗਰੀਆਂ ਕੀਤੀਆਂ ਹੋਈਆਂ ਹਨ।ਇਸ ਨੇ ਬਿੱਲ ਗੇਟਸ ਵੀ ਇਹ ਆਖ ਕੇ ਭੁੰਞੇ ਲਾਹ ਦਿੱਤਾ।ਇਕ ਡਿਗਰੀ ਕਰਨ ਨੂੰ ਤਿੰਨ ਸਾਲ ਲੱਗੇ ਤੇ ਡੀਹ ਸਾਲਾਂ ਵਿਚ ਦਸ ਡਿਗਰੀਆਂ ਹੁੰਦੀਆਂ ਹਨ।ਗੱਪ ਮਾਰਨ ਦੀ ਬਿਮਾਰੀ ਦੀ ਵੀ ਕੋਈ ਹੱਦ ਹੁੰਦੀ ਹੈ। ਇਕ ਇੰਟਰਵਿਊ ਵਿਚ ਇਸ ਨੇ ਤਿੰਨ ਚਾਰ ਲਾਇਬ੍ਰੇਰੀਆਂ ਪੜ੍ਹਨ ਦਾ ਦਾਅਵਾ ਕੀਤਾ ਹੈ।ਕਿਸੇ ਮੁਲਾਕਾਤ ਵਿਚ ਉਹ ਏਅਰਪੋਰਟ ’ਤੇ ਦੁਭਾਸ਼ੀਏ ਦੀ ਨੌਕਰੀ ਕਰਦਾ ਹੁੰਦਾ ਹੈ ਤੇ ਕਿਸੇ ਵਿਚ ਜਰਮਨ ਬਾਰਡਰ ਪੁਲਿਸ ਵਿਚ ਅਫਸਰ।ਅਗਰ ਉਹ ਸੱਚੀਂ ਦੁਭਾਸ਼ੀਏ ਦੀ ਨੌਕਰੀ ਕਰਦਾ ਹੁੰਦਾ ਤਾਂ ਉਸਨੂੰ ਸਥਾਨਕ ਭਾਸ਼ਾ ਦਾ ਭਰਪੂਰ ਗਿਆਨ ਹੋਣਾ ਚਾਹੀਦਾ ਹੈ ਤੇ ਜੇ ਇਹ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਨੇ ਆਪਣੀਆਂ ਹੀ ਰਚਨਾਵਾਂ ਡੱਚ ਵਿਚ ਅਨੁਵਾਦ ਕਰ ਲੈਣੀਆਂ ਸਨ ਜਾਂ ਡੱਚ ਵਿਚ ਮੌਲਿਕ ਰਚਨਾਵਾਂ ਰਚ ਲਿੱਤੀਆਂ ਹੁੰਦੀਆਂ।ਝੂਠ ਨੰਬਰ ਦੋ ਪੁਲਿਸ ਦੀ ਨੌਕਰ ਦੇ ਤਜਰਬੇ ਬਾਰੇ ਉਸ ਤੋਂ ਅੱਜ ਤੱਕ ਇਕ ਅੱਖਰ ਨਹੀਂ ਲਿਖ ਹੋਇਆ। ਪੁਲਿਸ ਦੀ ਵਧੀਆ ਨੌਕਰੀ ਛੱਡ ਕੇ ਉਹ ਇੰਗਲੈਂਡ ਧੱਕੇ ਖਾਣ ਉਦੋਂ ਆਇਆ ਹੈ, ਜਦੋਂ ਇਥੇ ਬੇਰੋਜ਼ਗਾਰੀ ਜ਼ੋਰਾਂ ’ਤੇ ਹੈ।
-----
ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਅਣਲੱਗ’ ਛਪਿਆ ਤਾਂ ਇਸ ਨੇ ਫ਼ੋਨ ਕਰਕੇ ਮੈਥੋਂ ਪੜ੍ਹਨ ਲਈ ਉਸਦੀ ਕਾਪੀ ਮੰਗੀ। ਮੈਂ ਕਿਤਾਬ ਭੇਜ ਦਿੱਤੀ। ਇਸ ਦਾ ਫ਼ੋਨ ਆਇਆ ਤੇ ਇਸ ਨੂੰ ਹੋਰ ਭਰਮ ਨੇ ਡੱਸ ਲਿਆ ਸੀ। ਪੰਜਾਬ ਦੀ ਇਕ ਨਾਮਾਵਰ ਆਲੋਚਕਾ ਇਸਦੀ ਘਰਵਾਲੀ ਹੈ ਤੇ ਇਹ ਮੇਰੀ ਕਿਤਾਬ ਉੱਤੇ ਉਸ ਤੋਂ ਪਰਚਾ ਲਿਖਵਾਏਗਾ। ਇਤਫ਼ਾਕ਼ਨ ਮੈਂ ਆਲੋਚਕਾ ਅਤੇ ਉਸ ਦੇ ਘਰਵਾਲੇ ਨੂੰ ਜਾਣਦਾ ਸੀ। ਮੈਂ ਇਸ ਨੂੰ ਜੁਆਬ ਦਿੱਤਾ ਕਿ ਮੈਂ ਮੁੱਖਬੰਦ ਨਹੀਂ ਲਿਖਵਾਇਆ, ਪਰਚੇ ਕਿਥੋਂ ਲਿਖਵਾਉਣੇ ਹਨ। ਪਰਚਾ ਲਿਖਵਾਉਣਾ ਹੋਇਆ ਤਾਂ ਮੈਂ ਰਜਨੀਸ਼ ਬਹਾਦਰ ਤੋਂ ਲਿਖਵਾ ਲਊਂ। ਨਹੀਂ ਹਜ਼ਾਰ ਰੁਪਈਆ ਮੂੰਹ ’ਤੇ ਮਾਰ ਕੇ ਜਿਹੜੇ ਮਰਜ਼ੀ ਆਲੋਚਕ ਤੋਂ ਜੋ ਮਰਜ਼ੀ ਲਿਖਵਾ ਲਵੋ।ਪ੍ਰਵਾਸੀ ਲੇਖਕਾਂ ਬਾਰੇ ਲਿਖਣਾ ਤਾਂ ਉਹ ਇੰਝ ਮਾਣ ਸਮਝਦੇ ਹਨ ਜਿਵੇਂ ਪੁਰਾਣਿਆਂ ਸਮਿਆਂ ਵਿਚ ਛੋਟੇ ਮੋਟੇ ਰਾਜੇ ਬਾਦਸ਼ਾਹਾਂ ਨਾਲ ਆਪਣੀਆਂ ਕੰਨਿਆਵਾਂ ਦਾ ਰਿਸ਼ਤਾ ਕਰਨ ਵਿਚ ਫ਼ਖ਼ਰ ਮਹਿਸੂਸ ਕਰਿਆ ਕਰਦੇ ਸਨ।
-----
ਫਿਰ ਇਹ ਮਹਾਸ਼ਯ ਆਪਣੇ ਪਾਠਕਾਂ ਕੋਲ ਮੇਰੇ ਬਾਰੇ ਇਹ ਕਹਿਣ ਲੱਗ ਪਿਆ ਕਿ ਬਲਰਾਜ ਸਿੱਧੂ ਨੇ ਆਪਣੀ ਕਿਤਾਬ ਮੈਨੂੰ ਰਿਵੀਉ ਕਰਨ ਲਈ ਭੇਜੀ ਮੈਂ ਕਿਤਾਬ ਦੇਖਦਿਆਂ ਸਿੱਟ ਦਿੱਤੀ ਕਿ ਮੈਂ ਐਨੀ ਗੰਦੀ ਕਿਤਾਬ ਬਾਰੇ ਨਹੀਂ ਲਿਖ ਸਕਦਾ। ਕਮਾਲ ਦੀ ਗੱਲ ਹੈ ਕਿ ਮੈਨੂੰ ਪੂਰੇ ਪੰਜਾਬੀ ਜਗਤ ਵਿਚ ਕੇਵਲ ਇਕ ਇਹੀ ਰਿਵੀਊਕਾਰ ਮਿਲਿਆ ਸੀ।ਮੇਰੇ ਬਾਰੇ ਇਕ ਵੀ ਪੰਜਾਬੀ ਦਾ ਲੇਖਕ, ਆਲੋਚਕ ਜਾਂ ਰਿਵੀਊਕਾਰ ਕਹਿ ਦੇਵੇ ਕਿ ਮੈਂ ਉਸਨੂੰ ਆਪਣੀ ਕਿਤਾਬ ਦਾ ਰਿਵੀਊ ਜਾਂ ਆਪਣੀ ਕਿਸੇ ਰਚਨਾ ਬਾਰੇ ਲਿਖਣ ਲਈ ਕਿਹਾ ਹੋਵੇ ਤਾਂ, ਮੈਂ ਸਦਾ ਲਈ ਲਿਖਣਾ ਛੱਡ ਦੇਉਂ!!!
-----
ਬਾਕੀ ਰਿਵੀਊਕਾਰ ਬਣਨ ਦੇ ਸੌਂਕੀਨ ਇਸ ਲੇਖਕ ਨੂੰ ਵੀ ਮੈਂ ਚੈਲੇਂਜ ਕਰਕੇ ਆਖਦਾਂ ਕਿ ਕਹਾਣੀ ਲਿਖਣ ਦੀਆਂ ਅੱਠ ਤਕਨੀਕਾਂ ਹੁੰਦੀਆਂ ਹਨ। ਉਹ ਅੱਠਾਂ ਵਿਚੋਂ ਕੇਵਲ ਚਾਰਾਂ ਦੇ ਨਾਮ ਹੀ ਗਿਣਾ ਦੇਵੇ। ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਗਿਆ ਕਿ ਮੈਂ ਉਸਨੂੰ ਜ਼ਿਆਦਾ ਮੂੰਹ ਨਹੀਂ ਲਾਉਂਦਾ ਤਾਂ ਇਸਦੀਆਂ ਮੇਰੇ ਤੋਂ ਦੂਰੀਆਂ ਬਣਦੀਆਂ ਗਈਆਂ। ਸੁੱਖੀ ਸਮੁੰਦਰੀ ਨਾਲ ਵੀ ਇਹਦੀ ਇਹੋ ਡਾਇਲਾਗਬਾਜ਼ੀ ਸੀ, ਜੋ ਮੇਰੇ ਨਾਲ।ਪਹਿਲਾਂ ਇਸਨੇ ਬੂਟਾ ਸਿੰਘ ਸ਼ਾਦ ਦਾ ਸਟਾਇਲ ਚੋਰੀ ਕੀਤਾ।ਨਾਵਲ ਦਾ ਕਾਂਡ ਸ਼ੁਰੂ ਹੋਣ ਤੋਂ ਪਹਿਲਾਂ ਗੀਤ ਦੀਆਂ ਲਾਈਨਾਂ ਲਿਖਣੀਆਂ ਜਿਨ੍ਹਾਂ ਦਾ ਰਚਨਾ ਨਾਲ ਕੋਈ ਸਬੰਧ ਨਹੀਂ। ਫਿਰ ਸੁੱਖੀ ਖਾੜਕੂਵਾਦ ਉੱਤੇ ਕਹਾਣੀਆਂ ਲਿਖਣ ਲੱਗਾ ਤਾਂ ਉਹਦਾ ਵਿਸ਼ਾ ਚੋਰੀ ਕਰ ਲਿਆ ਗਿਆ।ਇਸ ਲੇਖਕ ਦਾ ਤਾਂ ਉਹ ਹਾਲ ਹੈ ਗੰਗਾ ਗਏ ਤਾਂ ਗੰਗਾ ਰਾਮ, ਯਮੁਨਾ ਗਏ ਤਾਂ ਯਮੁਨਾ ਦਾਸ।ਜੇ ਰੇਬ ਪਜਾਮੀਆਂ ਦਾ ਰਿਵਾਜ਼ ਚੱਲਿਆ ਤਾਂ ਰੇਬ ਪਜਾਮੀ ਪਾ ਲਈ। ਜੇ ਫਰਾਕ ਸੂਟ ਚੱਲੇ ਤਾਂ ਫਰਾਕ ਸੂਟ ਪਾ ਲਿਆ। ਜੇ ਫਿੱਸ਼ ਕੱਟ ਲਾਚੇ ਚੱਲ ਪਏ ਤਾਂ ਉਹ ਪਾ ਲਏ। ਇਸ ਨੇ ਆਪਣੀ ਵੱਖਰੀ ਕੋਈ ਲਾਇਨ ਨਹੀਂ ਫੜੀ ਹੈ। ਉਧਰ ਅਸੀਂ ਗੂਚੀ, ਵਰਸਾਚੀ ਵਾਂਗ ਆਪਣਾ ਫੈਸ਼ਨ ਆਪਣਾ ਬ੍ਰੈਂਡ ਚਲਾਇਆ ਹੈ ਤੇ ਉਹੀ ਰੱਖਿਆ ਹੈ।
-----
ਬੂਟਾ ਸਿੰਘ ਸ਼ਾਦ ਨਾਲ ਨੇੜਤਾ ਗੰਢ੍ਹਣ ਪਿਛੇ ਇਸ ਲੇਖਕ ਦਾ ਸਵਾਰਥ ਕੇਵਲ ਐਨਾ ਸੀ ਕਿ ਸ਼ਾਇਦ ਸ਼ਾਦ ਉਸਦੇ ਨਾਵਲਾਂ ਉੱਤੇ ਫਿਲਮ ਬਣਾ ਦੇਵੇਗਾ। ਫਿਲਮਾਂ ਬਣਾਉਂਣਾ ਖੇਡ ਹੁੰਦੀ ਜਾਂ ਸ਼ਾਦ ਕੋਲ ਜਾਦੂ ਦੀ ਛੜੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਹ ਅਪਣੇ ਨਾਵਲਾਂ ਉੱਤੇ ਨਾ ਫਿਲਮਾਂ ਬਣਾ ਲੈਂਦਾ। ਇੰਡੀਆ ਦੇ ਪੱਤਰਕਾਰ ਗਾਇਕਾਂ ਤੋਂ ਇਸ਼ਤਿਹਾਰ ਲੈਣ ਦੀ ਗਰਜ਼ ਨਾਲ ਦੋ ਕੁ ਕਾਲਮ ਦਾ ਉਨ੍ਹਾਂ ਬਾਰੇ ਲੇਖ ਲਿਖ ਦਿੰਦੇ ਹਨ। ਜੋ ਲਗਭਗ ਸਾਰੇ ਗਾਇਕਾਂ ਬਾਰੇ ਇਕ ਹੀ ਹੁੰਦਾ ਹੈ। ਇਸ ਲੇਖਕ ਦੇ ਮਨ ਵਿਚ ਗੀਤ ਰਿਕਾਰਡ ਕਰਵਾਉਣ ਦੀ ਸੁਲਘਦੀ ਚਿੰਗਿਆਰੀ ਨੇ ਵੀ ਗਾਇਕਾ ਨਾਲ ਇਸਨੂੰ ਨੇੜਤਾ ਬਣਾਉਣ ਲਈ ਮਜਬੂਰ ਕੀਤਾ।
-----
ਸੰਗੀਤ ਬਾਰੇ ਇੱਲ-ਕੁੱਕੜ ਨਾ ਜਾਣਦੇ ਹੋਣ ਦੇ ਬਾਵਜੂਦ ਇਹ ਗਾਇਕ ਦਾ ਖ਼ਿਦਮਤਗਾਰ ਬਣ ਕੇ ਪ੍ਰਸੰਸਾਮਈ ਲੇਖ ਲਿਖਣ ਲੱਗ ਜਾਂਦਾ ਹੈ।ਇਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਜਿਸ ਬਾਰੇ ਇਹ ਲਿਖ ਰਿਹਾ ਹੁੰਦਾ ਹੈ ਉਸ ਗਾਇਕ ਨੇ ਕੀ ਚੰਦ ਚਾੜ੍ਹੇ ਹਨ, ਉਸਦਾ ਮਾਰਕੀਟ ਵਿਚ ਕੀ ਰੈਪੂਟੇਸ਼ਨ ਹੈ ਤੇ ਉਸ ਵਿਚ ਕਿੰਨਾ ਕੁ ਦਮ ਹੈ, ਸੰਗੀਤ ਦਾ ਉਸਨੂੰ ਕਿੰਨਾ ਕੁ ਗਿਆਨ ਹੈ, ਵਗੈਰਾ…। ਅੱਗੋਂ ਜਿਵੇਂ ਲੰਡੇ ਨੂੰ ਮੀਣਾ ਸੌ ਵਲ੍ਹ ਪਾ ਕੇ ਟੱਕਰਾ ਹੈ, ਜਿਹੋ ਜਿਹਾ ਮੇਰਾ ਫੱਤੂ ਉਹੋ ਜਿਹੇ ਫੱਤੂ ਦੇ ਮੁਲਾਹਜੇ।
-----
ਉਹਦੇ ਪਸੰਦੀਦਾ ਕਿਸੇ ਗਾਇਕ ਨੇ ਚਮਕੀਲੇ ਦੇ ਬੋਲ ਤੇ ਤਰਜ਼ਾਂ ਚੋਰੀ ਕੀਤੀਆਂ ਹੁੰਦੀਆਂ ਹਨ ਤੇ ਕਿਸੇ ਹਾਕਮ ਬਖਤੜੀਵਾਲ਼ੇ ਵਰਗੇ ਨੇ ਬਲਦੇਵ ਮਸਤਾਨੇ ਵਰਗਿਆਂ ਦਾ ਗੀਤ ਚੋਰੀ ਕਰਕੇ ਆਪਣੇ ਨਾਮ ’ਤੇ ਰਿਕਾਰਡ ਕਰਵਾਇਆ ਹੁੰਦਾ ਹੈ। ਗੀਤ ਵਿਚ ਮਸਤਾਨਾ ਸ਼ਬਦ ਵੀ ਉਹ ਕੱਟਦੇ ਨਹੀਂ ਕਿਉਂਕਿ ਉਹਨਾਂ ਨੂੰ ਇਲਮ ਨਹੀਂ ਹੁੰਦਾ ਕਿ ਮਸਤਾਨਾ ਸ਼ਬਦ ਹੈ ਜਾਂ ਗੀਤਕਾਰ ਦਾ ਤਖੱਲਸ।
-----
ਵਧੀਆ ਲੇਖਕ ਦਾ ਗੁਣ ਹੁੰਦਾ ਹੈ ਕਿ ਉਹ ਰਾਜਨੀਤੀ ਵਿਚ ਨਹੀਂ ਪੈਂਦਾ ਤੇ ਆਪਣੀ ਕਲਾ ਦੇ ਵਿਕਾਸ ਉੱਤੇ ਸਮਾਂ ਅਤੇ ਮਿਹਨਤ ਖ਼ਰਚਦਾ ਹੈ। ਪਰ ਅੱਜਕੱਲ੍ਹ ਇੰਗਲੈਂਡ ਦੀ ਧਰਤੀ ਨੂੰ ਭਾਗ ਲਾ ਰਹੇ ਸਾਡੇ ਇਸ ਲੇਖਕ ਦਾ ਬਹੁਤ ਸਮਾਂ ਸਟੰਟ ਪਲੈਨਿੰਗ ਉੱਤੇ ਖ਼ਰਚ ਹੁੰਦਾ ਹੈ। ਜੇ ਦੋ ਕੁ ਮਹੀਨੇ ਇਸ ਲੇਖਕ ਦੀ ਕੋਈ ਰਚਨਾ ਨਾ ਛਪੇ ਤਾਂ ਉਸਦੇ ਪਾਠਕ ਮਰਨ ਵਾਲੇ ਹੋ ਜਾਂਦੇ ਹਨ। ਲੇਖਕ ਨੂੰ ਲੇਖ ਲਿਖਕੇ ਦੱਸਣਾ ਪੈਂਦਾ ਹੈ ਕਿ 'ਉਹ ਹਾਜ਼ਰ ਹੈ'। 'ਹਾਜ਼ਰ' ਹੈ ਵੀ ਉਹ ਇੰਝ ਕਹਿੰਦਾ ਹੈ ਜਿਵੇਂ ਮਾਸਟਰ ਨੇ ਸਕੂਲ ਵਿਚ ਰੋਲ ਨੰਬਰ ਬੋਲਿਆ ਹੁੰਦਾ ਹੈ ਤੇ ਵਿਦਿਆਰਥੀ ਅੱਗੋ ਬੋਲਦਾ ਹੈ, “ਹਾਜ਼ਰ ਹਾਂ ਜੀ।” ਪੰਜਾਬੀ ਸਾਹਿਤ ਵਿਚ ਵਾਕਈ ਇਸ ਲੇਖਕ ਦੇ ਨਾਲ ਦਾ ਕੋਈ ਹੋਰ ਮਸਖ਼ਰਾ ਜਾਂ ਅਜੂਬਾ ਨਹੀਂ ਹੈ।
-----
ਲੰਡਨ ਵੱਲ ਰਹਿੰਦੇ ਇਸ ਲੇਖਕ ਨੇ ਤਾਂ ਰਚਨਾਵਾਂ ਦੀ ਫਰੀ ਹੋਮ ਡਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਸਦਾ ਵਿਚਾਰ ਹੈ ਕਿ ਪੀਜ਼ੇ ਵਾਂਗ ਸੱਜਰੀ ਤੇ ਤੱਤੀ ਤੱਤੀ ਰਚਨਾ ਪਾਠਕ ਤੱਕ ਪਹੁੰਚਣੀ ਚਾਹੀਦੀ ਹੈ। ਇਕੋ ਸਮੇਂ ਉਹਦੀ ਰਚਨਾ ਅਖ਼ਬਾਰ ਵਿਚ ਛਪਣ ਜਾਂਦੀ ਹੈ ਤੇ ਉਸੇ ਸਮੇਂ ਉਸਦੇ ਚਹੇਤੇ ਪਾਠਕਾਂ ਕੋਲ। ਇਸ ਨਾਲ ਉਸ ਲੇਖਕ ਨੂੰ ਇਹ ਫਾਇਦਾ ਹੁੰਦਾ ਹੈ ਕਿ ਜਦ ਤੱਕ ਰਚਨਾ ਅਖ਼ਬਾਰ ਵਿਚ ਛਪਦੀ ਹੈ ਉਹ ਆਪਣੇ ਪਾਠਕ ਨੂੰ ਰਚਨਾ ਪੜ੍ਹਾ ਕੇ ਉਸ ਬਾਰੇ ਚਿੱਠੀ ਵੀ ਅਖ਼ਬਾਰ ਨੂੰ ਕਢਵਾ ਚੁੱਕਿਆ ਹੁੰਦਾ ਹੈ।ਅਖ਼ਬਾਰ ਦੀ ਅਗਲੀ ਐਡੀਸ਼ਨ ਵਿਚ ਉਸ ਚਿੱਠੀ ਨੂੰ ਢੁਕਵਾਂ ਥਾਂ ਦਿਵਾਉਣ ਲਈ ਇਹਦੇ ਵਧੀਆ ਆਇਡੀਆ ਭਲਾ ਕੋਈ ਹੋ ਸਕਦਾ ਹੈ।
-----
ਵੀਨਸ ਟੀ ਵੀ ਉੱਤੇ ਇਸ ਲੇਖਕ ਦੀ ਇੰਟਰਵਿਊ ਕਰਦਿਆਂ ਭੋਲ਼ੀ ਮੁਲਾਕਾਤੀ, ਰੂਪਦਵਿੰਦਰ ਕੌਰ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਹਾਂ ਜੀ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਬਹੁਤ ਪੜ੍ਹਿਆ ਜਾਂਦਾ ਹੈ, ਲੋਕਾਂ ਦੇ ਬਹੁਤ ਫੋਨ ਆਏ ਕਿ ਤੁਹਾਨੂੰ ਇੰਟਰਵਿਊ ਕੀਤਾ ਜਾਵੇ। ਹੁਣ ਇਸ ਬਿਆਨ ਵਿਚੋਂ ਤਿੰਨ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ। ਇਕ ਤਾਂ ਰੂਪਦਵਿੰਦਰ ਕੌਰ ਨੇ ਉਸਨੂੰ ਖ਼ੁਦ ਨਹੀਂ ਪੜ੍ਹਿਆ ਕਿਉਂਕਿ ਉਸਦੀ ਰਚਨਾ ਬਾਰੇ ਕੋਈ ਸਵਾਲ ਨਹੀਂ ਕਰ ਸਕੀ।ਉਸ ਨੇ ਆਏ ਫੋਨ ਕਾਲਾਂ ਤੋਂ ਆਪਣੀ ਰਾਏ ਕਾਇਮ ਕਰ ਲਿੱਤੀ।ਦੂਜਾ ਮੀਡੀਏ ਵਿਚ ਰਹਿਣ ਦੀ ਬਾਵਜੂਦ ਰੂਪਦਵਿੰਦਰ ਕੌਰ ਨੂੰ ਸਟੰਟਬਾਜ਼ੀਆਂ ਅਤੇ ਸ਼ੜਯੰਤਰਾਂ ਦਾ ਇਲਮ ਨਹੀਂ। ਤੀਜਾ ਫੋਨ ਆਏ ਨਹੀਂ ਬਲਕਿ ਰੂਪਦਵਿੰਦਰ ਕੌਰ ਦਾ ਨੰਬਰ ਦੇ ਕੇ ਕਰਵਾਏ ਗਏ। ਕੀ ਮੈਂ ਝੂਠ ਬੋਲਿਐ?… ਕੀ ਮੈਂ ਕੁਫ਼ਰ ਤੋਲਿਐ?… ਹੋ ਕੋਈ ਨਾ ਬਈ ਕੋਈ ਨਾ…!!!
No comments:
Post a Comment