ਲੇਖ - ਭਾਗ - 5
ਮੈਂ ਤੇ ਨਿੰਦਰ ਘੁੰਗਆਣਵੀ ਚੰਡੀਗੜ੍ਹ ਗਏ। ਨਿੰਦਰ ਕਹਿਣ ਲੱਗਾ ਟ੍ਰਿਬਿਉਨ ਦੇ ਦਫਤਰ ਚੱਲਦੇ ਹਾਂ ਮੈਂ ਲੇਖ ਦੇ ਕੇ ਆਉਣਾ ਹੈ।ਮੈਂ ਕਿਹਾ, “ਚੱਲ, ਟ੍ਰਿਬਿਉਨ ਦਾ ਸਹਾਇਕ ਸੰਪਾਦਕ ਦਲਵੀਰ ਸਿੰਘ ਮੇਰਾ ਮਿੱਤਰ ਹੈ। ਉਹਨੂੰ ਵੀ ਬਹਾਨੇ ਨਾਲ ਮਿਲ਼ ਹੋ ਜਾਊਗਾ।ਉਹਨਾਂ ਨੇ ਪਿਛਲੇ ਹਫ਼ਤੇ ਐਤਵਾਰ ਦੀ ਐਡੀਸ਼ਨ ਵਿਚ ਮੇਰਾ ਲੇਖ ‘ਪਿਆਰ ਪਿਆਰ ਪਿਆਰ’ ਬਹੁਤ ਵਧੀਆ ਕਰਕੇ ਛਾਪਿਆ ਸੀ, ਉਸਦਾ ਧੰਨਵਾਦ ਵੀ ਕਰ ਦੇਵਾਂਗੇ।”
ਟ੍ਰਿਬਿਊਨ ਦੇ ਦਫਤਰ ਦੀਆਂ ਪੌੜ੍ਹੀਆਂ ਚੜ੍ਹਦਿਆਂ ਹੋਇਆਂ ਮੈਂ ਨਿੰਦਰ ਨੂੰ ਕਿਹਾ, “ਯਾਰ ਇਥੇ ਤਾਂ ਆਪਣਾ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਵੀ ਕੰਮ ਕਰਦੈ। ਆਪਾਂ ਉਹਨੂੰ ਜ਼ਰੂਰ ਮਿਲ ਕੇ ਜਾਣਾ ਹੈ। ਮੇਰੇ ਇਲਾਕੇ ਦਾ ਹੈ। ਉਹ ਸਿੱਧਵਾਂ ਬੇਟ ਕੋਲ਼ ਮਦਾਰੇ ਦਾ।”
ਨਿੰਦਰ ਕਹਿੰਦਾ, “ਠੀਕ ਹੈ ਜੇ ਹੋਇਆ ਤਾਂ ਮਿਲ਼ ਲਵਾਂਗੇ।”
----
ਅਸੀਂ ਸਿੱਧਾ ਸੰਪਾਦਕ ਦੇ ਦਫਤਰ ਵਿਚ ਦਲਬੀਰ ਸਿੰਘ ਕੋਲ ਜਾ ਬੈਠੇ। ਸ਼ਿੰਗਾਰਾ ਸਿੰਘ ਭੁੱਲਰ ਮੁੱਖ ਸੰਪਾਦਕ ਸੀ। ਉਹਨਾਂ ਦਿਨਾਂ ਵਿਚ ਮੈਂ ਇਕ ਪੁਲਿਸ ਕੇਸ ਵਿਚ ਕਸੂਤਾ ਫਸਿਆ ਸੀ। ਮੈਨੂੰ ਕਿਸੇ ਨੇ ਕਿਹਾ ਸੀ।ਭੁੱਲਰ ਤੇਰੀ ਮਦਦ ਕਰ ਸਕਦਾ ਹੈ। ਭੁੱਲਰ ਨੂੰ ਮੈਂ ਪਹਿਲੀ ਵਾਰ ਮਿਲਿਆ ਸੀ। ਗੱਲਾਂ-ਬਾਤਾਂ ਕਰਦੇ ਤੇ ਚਾਹ ਪਾਣੀ ਪੀ ਰਹੇ ਸੀ ਕਿ ਐਨੇ ਨੂੰ ਮੇਰੇ ਪਿੱਛਿਉਂ ਕਿਸੇ ਨੇ ਆ ਕੇ ਮਾਰਕ ਕਰਨ ਲਈ ਇਕ ਸਫਾ ਮੇਜ਼ ’ਤੇ ਰੱਖ ਦਿੱਤਾ। ਮੈਂ ਪਿਛੇ ਦੇਖਿਆ ਤਾਂ ਇਹ ਸਫਾਰੀ ਸੂਟ ਪਾਈ, ਹਰੀ ਪੱਗ ਬੰਨ੍ਹੀ ਖੜ੍ਹਾ ਬਾਈ ਸ਼ਮਸ਼ੇਰ ਸੰਧੂ ਸੀ।
----
ਨਿੰਦਰ ਨੂੰ ਤਾਂ ਉਹ ਜਾਣਦਾ ਸੀ, ਪਰ ਮੈਨੂੰ ਉਸ ਨੇ ਨਹੀਂ ਸੀ ਦੇਖਿਆ। ਦਲਬੀਰ ਸਿੰਘ ਨੇ ਸੰਧੂ ਨੂੰ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ, “ਪਤੈ ਇਹ ਮੁੰਡਾ ਕੌਣ ਐ?... ਇੰਗਲੈਂਡ ਦਾ ਚਰਚਿਤ ਕਹਾਣੀਕਾਰ ਬਲਰਾਜ ਸਿੱਧੂ।”
“ਉਹ ਅਅੱਛਾ ਅੱਛਾ।” ਸੰਧੂ ਨੇ ਮੇਰੇ ਵੱਲ ਦੇਖਿਆ।
ਮੈਂ ਅਦਬ ਨਾਲ ਖੜ੍ਹਾ ਹੋ ਕੇ ਮਿਲਾਉਣ ਲਈ ਹੱਥ ਕੱਢਿਆ ਤਾਂ ਸੰਧੂ ਨੇ ਮੇਰਾ ਹੱਥ ਫੜ ਕੇ ਮੈਨੂੰ ਕਲਾਵੇ ਵਿਚ ਲੈ ਲਿਆ, “ਮੇਰਾ ਦਫਤਰ ਹੇਠਲੀ ਮੰਜ਼ਿਲ ’ਤੇ ਹੈ। ਜਾਂਦਾ ਹੋਇਆ ਮਿਲ ਕੇ ਜਾਈਂ।”
“ਜੀ ਜ਼ਰੂਰ, ਮੈਂ ਆਪ ਤੁਹਾਨੂੰ ਮਿਲਣਾ ਚਾਹੁੰਦਾ ਸੀ ਹਜ਼ੂਰ।”
-----
ਸੰਧੂ ਚਲਾ ਗਿਆ ਤੇ ਮੈਂ ਬੈਠ ਗਿਆ।ਮੱਠੀਆਂ ਖਾਹ ਕੇ ਅਸੀਂ ਦਲਬੀਰ ਸਿੰਘ ਤੋਂ ਵਿਦਾਅ ਲੈ ਕੇ ਸੰਧੂ ਦੇ ਦਫਤਰ ਵਿਚ ਜਾ ਬੈਠੇ।ਸਾਹਿਤ, ਸੰਗੀਤ ਅਤੇ ਨਿੱਜੀ ਜ਼ਿੰਦਗੀ ਬਾਰੇ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ।ਮੈਂ ਸੰਧੂ ਨੂੰ ਦੱਸਿਆ ਕਿ ਮੈਂ ‘ਜਗਰਾਮਾਂ’ ਦਾ ਹਾਂ ਤੇ ਮੇਰੇ ਦਾਦਕੇ ਤੇ ਨਾਨਕਿਆਂ ਦੇ ਐਨ ਵੱਖੀ ਉੱਤੇ ਉਹਦਾ ਪਿੰਡ ਮਦਾਰਾ ਹੈ। ਇਹ ਸੁਣ ਕੇ ਉਸਦੀਆਂ ਗੱਲਾਂ ਵਿਚ ਹੋਰ ਵੀ ਅਪਨਾਪਨ ਛਲਕ ਪਿਆ। ਮੈਂ ਸੰਧੂ ਦੀਆਂ ਕਈ ਕਹਾਣੀਆਂ ਬਾਰੇ ਉਸ ਕੋਲ ਜ਼ਿਕਰ ਕੀਤਾ। ਉਸਦੀ ਇਕ ਕਹਾਣੀ ‘ਗੱਛਾ ਨਚਾਰ’ ਮੈਨੂੰ ਬਹੁਤ ਪਸੰਦ ਸੀ।ਉਹਦੀਆਂ ਕਹਾਣੀਆਂ ਵਿਚੋਂ ਸਾਡੇ ਪਿੰਡ ਬੋਲਦੇ ਹਨ। ਉਹਨਾਂ ਦਿਨਾਂ ਵਿਚ ਸੰਧੂ ਦਾ ਗੀਤ ‘ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ। ਤੇਰੇ ’ਚੋਂ ਤੇਰਾ ਯਾਰ ਬੋਲਦਾ।’ ਬਹੁਤ ਹਿੱਟ ਹੋਇਆ ਸੀ। ਇਕ ਹੋਰ ਗੀਤ ਸੰਧੂ ਦਾ ਉਦੋਂ ਕਾਫੀ ਚੱਲ ਰਿਹਾ ਸੀ, ‘ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਐ।’ ਇਸ ਗੀਤ ਵਿਚ ਇਕ ਸਤਰ ਆਉਂਦੀ ਸੀ, ‘ਬਾਹਮਣਾਂ ਦੀ ਨਹੀਂ ਜੱਟ ਦੀ ਇਹ ਯਾਰੀ ਹੈ।’ ਇਸਦਾ ਪਡੰਤਾਂ ਦੇ ਮੁੰਡਿਆਂ ਨੇ ਕਾਫੀ ਇਤਰਾਜ਼ ਕੀਤਾ ਸੀ।
ਮੈਂ ਸੰਧੂ ਨੂੰ ਸੁਆਲ ਕੀਤਾ, “ਬਾਹਮਣਾਂ ਦੀ ਤਸ਼ਬੀਹ ਦੇਣ ਦੀ ਬਜਾਏ ਕੋਈ ਹੋਰ ਨਹੀਂ ਸੀ ਦਿੱਤੀ ਜਾ ਸਕਦੀ?”
“ਆਪਣੇ ਪਿੰਡਾਂ ਦੀ ਬੋਲੀ ਹੈ ਹੀ ਇਹੋ ਜਿਹੀ ਐ, ਮੈਂ ਕੀ ਕਰਾਂ?”
-----
ਇਸ ਇਤਰਾਜ਼ ਦਾ ਸੰਧੂ ਨੂੰ ਇਕ ਇਹ ਫਾਇਦਾ ਹੋ ਗਿਆ ਕਿ ਲੋਕਾਂ ਦਾ ਧਿਆਨ ਕੇਵਲ ‘ਬਾਹਮਣਾਂ’ ਸ਼ਬਦ ਉੱਤੇ ਕੇਂਦ੍ਰਿਤ ਹੋ ਕੇ ਰਹਿ ਗਿਆ ਤੇ ਕਿਸੇ ਨੇ ਗ਼ੌਰ ਨਹੀਂ ਕੀਤੀ ਕਿ ਇਸ ਗੀਤ ਵਿਚ ਇਕ ਕਾਫੀਆ ਦੋਸ਼ ਵੀ ਹੈ, ਜੋ ਸ਼ਾਇਦ ਸੰਧੂ ਨੂੰ ਵੀ ਨਹੀਂ ਪਤਾ ਹੋਵੇਗਾ। ਜੋ ਹੁਣ ਤੱਕ ਢਕਿਆ ਹੀ ਰਹਿ ਗਿਆ ਹੈ।ਸੰਧੂ ਨੇ ‘ਤੂੰ ਨ੍ਹੀਂ ਬੋਲਦੀ ਰਕਾਨੇ ਦਾ’ ਜੁਆਬ ਲਿਖਿਆ ਸੀ ਜੋ ਉਸ ਨੇ ਅਜੇ ਰਿਕਾਰਡ ਕਰਨਾ ਸੀ। ਸੰਧੂ ਸਾਨੂੰ ਉਹ ਸੁਣਾਉਣ ਲੱਗ ਪਿਆ।ਹੋਰ ਵੀ ਉਸਨੇ ਕਈ ਗੀਤ ਸੁਣਾਏ। ਅਸੀਂ ਅੱਧੇ ਪੌਣੇ ਘੰਟੇ ਬਾਅਦ ਸੰਧੂ ਨੂੰ ਅਲਵਿਦਾ ਆਖ ਕੇ ਆ ਗਏ।
ਸੰਧੂ ਦਾ ਮੇਰੇ ’ਤੇ ਕਾਫੀ ਪ੍ਰਭਾਵ ਪੈ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਉਸ ਨੂੰ ਆਕੜਖ਼ੋਰ ਸਮਝਦਾ ਹੁੰਦਾ ਸੀ। ਪਰ ਉਹ ਸਾਡੇ ਨਾਲ ਬਹੁਤ ਪਿਆਰ ਅਤੇ ਸਲੀਕੇ ਨਾਲ ਪੇਸ਼ ਆਇਆ ਸੀ। ਗੱਡੀ ਵਿਚ ਬੈਠਦਿਆਂ ਹੀ ਮੈਂ ਨਿੰਦਰ ਕੋਲ ਸੰਧੂ ਦਾ ਗੁਣ ਗਾਨ ਸ਼ੂਰੂ ਕਰ ਦਿੱਤਾ, “ਨਿੰਦਰਾ, ਇਹ ਤਾਂ ਬੜ੍ਹਾ ਨਾਇਸ ਬੰਦੈ ਯਾਰ।… ਇਹ ਪਹਿਲਾਂ ਕਹਾਣੀਕਾਰ ਬਣ ਕੇ ਉਭਰਿਆ। ਫਿਰ ਇਹ ਰੇਖਾ ਚਿੱਤਰ ਲਿਖਣ ਲੱਗ ਪਿਆ। ਇਹਦਾ ਗਾਇਕਾਂ ਨਾਲ ਸੰਪਰਕ ਬਣ ਗਿਆ ਤੇ ਇਹ ਗੀਤਕਾਰ ਬਣ ਗਿਆ।ਮੇਰੇ ਨਾਲ ਵੀ ਏਕਣ ਹੀ ਹੋਇਆ। ਨਾਲੇ ਅਖ਼ਬਾਰਾਂ ਦੀਆਂ ਨੌਕਰੀਆਂ। ਮੇਰੀਆਂ ਤੇ ਇਹਦੀਆਂ ਕਈ ਗੱਲਾਂ ਰਲ਼ਦੀਆਂ। ਸਾਡੇ ਗੋਤਾਂ ਵਿਚ ਵੀ ਸੇਮ ਹੀ ਅੱਖਰ ਨੇ ਬਸ ਲਗਾਂ ਮਾਤਰਾ ਦਾ ਵੀ ਫ਼ਰਕ ਐ।… ਸੰਧੂ, ਬਿੰਦਰਖੀਏ ਤੇ ਅਤੁਲ ਸ਼ਰਮੇ ਦੀ ਤਿਕੜੀ ਏਸ ਵੇਲੇ ਚੋਟੀ ’ਤੇ ਐ। ਕੋਈ ਗੀਤ ਭੁੰਜੇ ਨ੍ਹੀਂ ਡਿੱਗਣ ਦਿੰਦੇ। ਧੂੜਾਂ ਪੱਟੀ ਜਾਂਦੇ ਨੇ।…”
-----
ਨਿੰਦਰ ਬਿਮਾਰ ਕੁਕੜੀ ਵਾਂਗ ਗਰਦਨ ਢਿੱਲੀ ਕਰਕੇ ਅੱਧਸੁੱਤਾ ਜਿਹਾ ਹੋ ਗਿਆ।
ਮੈਂ ਥਰੀਕੇ ਗਿਆ ਤਾਂ ਸੰਧੂ ਬਾਰੇ ਗੱਲ ਚੱਲ ਪਈ। ਬਾਈ ਦੇਵ ਕਹਿਣ ਲੱਗਾ, “ਸੰਧੂ ਦਾ ਲੇਖ ਪੜ੍ਹਿਐ? ਲਿਖਦੈ ਮਲਕੀਤ ਦੀ ਅਵਾਜ਼ ਜ਼ੁਕਾਮੀ ਹੋਈ ਐ।”
ਮੈਂ ਸੁਣ ਕੇ ਹੈਰਾਨ ਹੋ ਗਿਆ।ਐਨਾ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਕਿਵੇਂ ਲਿਖ ਸਕਦਾ ਹੈ? ਐਮ ਬੀ ਈ (Member of British Empire) ਗੋਲਡਨ ਸਟਾਰ ਮਲਕੀਤ ਤਾਂ ਕਈ ਵਰ੍ਹਿਆਂ ਤੋਂ ਗਾਇਕੀ ’ਤੇ ਰਾਜ ਕਰ ਰਿਹਾ ਹੈ। ਉਸਦਾ ਨਾਂ ਤਾਂ ਗਿਨੀਜ਼ ਬੁੱਕ ’ਚ ਦਰਜ਼ ਹੈ। ਮੈਂ ਅਚਾਨਕ ਬੋਲ ਪਿਆ, “ਭਲਾਂ ਮਲਕੀਤ ਨੇ ਸੰਧੂ ਦਾ ਕੋਈ ਗੀਤ ਗਾਇਐ?”
“ਮੈਨੂੰ ਨ੍ਹੀਂ ਲਗਦੈ।”
“ਬਸ ਫੇਰ। ਇਕ ਚੋਟੀ ਦਾ ਗੀਤਕਾਰ, ਦੂਜਾ ਪੱਤਰਕਾਰ, ਤੀਜਾ ਟੌਪ ਦੇ ਅਖ਼ਬਾਰ ਦੀ ਨੌਕਰੀ ਤੇ ਚੌਥਾ ਜੱਟ ਤੇ ਫੇਰ ਉਹ ਵੀ ਮਾਲਵੇ ਦਾ। ਸੰਧੂ ’ਚ ਜੱਟਵਾਦ ਆ ਗਿਆ ਹੋਣੈ। ਕਹਿੰਦਾ ਹੋਊ ਵੱਡਿਆ ਗਾਇਕਾ ਲਿਆ ਤੈਨੂੰ ਕਲਮ ਦੀ ਤਾਕ਼ਤ ਦਿਖਾਈਏ… ਮਲਕੀਤ ਨੂੰ ਇੰਗਲੈਂਡ ਜਾ ਕੇ ਕਹੂੰ ਸੰਧੂ ਦਾ ਇਕ ਗੀਤ ਕਰ ਲੈ। ਆਪੇ ਅਗਲੇ ਲੇਖ ਵਿਚ ਉਹਨੂੰ ਨੁਸਰਤ ਦੇ ਸਿਰ ’ਤੇ ਬਹਾ ‘ਦੂ।”
ਅਸੀਂ ਹੱਸ ਪਏ।
No comments:
Post a Comment