ਲੇਖ - ਭਾਗ - 7
ਮੈਂ ਤੇ ਮੇਰੇ ਮਾਮੇ ਦਾ ਮੁੰਡਾ ਚਮਕੌਰ ਇਕ ਵਾਰ ਮੇਰੇ ਨਾਨਕੇ ਪਿੰਡ ਭਰੋਵਾਲ ਕਲਾਂ ਤੋਂ ਹੰਭੜਾਂ ਨੂੰ ਜਾ ਰਹੇ ਸੀ।ਰਸਤੇ ਵਿਚ ਪੈਂਦੇ ਨਾਲ ਦੇ ਪਿੰਡ ਛੋਟੇ ਭਰੋਵਾਲ ਵਿਚ ਦੀ ਅਸੀਂ ਗੁਜ਼ਰ ਰਹੇ ਸੀ।ਇਕ ਗਲੀ ਵਿਚੋਂ ਜਦੋਂ ਸਾਡੀ ਗੱਡੀ ਲੰਘਣ ਲੱਗੀ ਤਾਂ ਮੇਰੀ ਨਿਗਾਹ ਇਕ ਚੁਬਾਰੇ ਉੱਤੇ ਬਣੀ ਟੈਂਕੀ ਉੱਤੇ ਪਈ, “ਚਮਕੌਰ? ਟੈਂਕੀਆਂ ਤਾਂ ਬੜੇ ਤਰ੍ਹਾਂ ਦੀਆਂ ਦੇਖੀਆਂ ਹਨ, ਪਰ ਆ ਤੂੰਬੀ ਵਾਲੀ ਪਹਿਲੀ ਵਾਰ ਦੇਖੀ ਹੈ?”
“ਇਹ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਦਾ ਘਰ ਆ।”
ਯਕਲਖ਼ਤ ਮੇਰੇ ਜ਼ਿਹਨ ਵਿਚ ਦੀਦਾਰ ਸੰਧੂ ਦੇ ਗੀਤ ਦੀਆਂ ਲਾਇਨਾਂ ਗੂੰਜ ਗਈਆਂ, “ਜੋੜੀ ਜਦੋਂ ਚੁਬਾਰੇ ਚੜ੍ਹਦੀ। ਸਾਨੂੰ ਵੇਖ ਗੁਆਂਢਣ ਸੜਦੀ।… ਵੇ ਮੇਰੇ ਹੌਲ਼ੇ ਭਾਰ ਦੀਆਂ। ਬੁੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ।”
“ਅੱਛਾ ਤਾਂ ਇਥੇ ਬੁੱਚੀਆਂ ਪਾਉਂਦਾ ਸੀ ਦੀਦਾਰ!”
“ਨਾਲ ਦਾ ਘਰ ਉਹਦੇ ਵੱਡੇ ਭਰਾ ਕੁੰਦਨ ਦਾ ਆ। ਉਹ ਛੜੈ।”
-----
ਦੀਦਾਰ ਇਕ ਵਧੀਆ ਗੀਤਕਾਰ ਸੀ। ਉਸਦੇ ਅਨੇਕਾਂ ਗੀਤ ਹਿੱਟ ਹੋਏ।ਪੰਜਾਬੀ ਗੀਤਕਾਰੀ ਵਿਚ ਵੇਸਵਾਗਮਨੀ ਵਿਸ਼ੇ ਉੱਤੇ ਸਿਰਫ਼ ਇਕ ਹੀ ਗੀਤ ਹੈ ਤੇ ਉਹ ਦੀਦਾਰ ਦਾ ਲਿਖਿਆ ਹੈ ਤੇ ਪਰਮਿੰਦਰ ਸੰਧੂ ਨਾਲ ਗਾਇਆ ਹੋਇਆ ਹੈ, “ਮੇਰਾ ਜੋਬਨ ਪੀਤਾ ਕਈਆਂ ਨੇ ਪਰ ਮੈਂ ਪੂਰੀ ਦੀ ਪੂਰੀ।” ਅੱਗੇ ਦੀਦਾਰ ਦੇ ਬੋਲ, “ਜਿਸਨੇ ਇਸ ਭਰੀ ਸੁਰਾਹੀ ਚੋਂ ਪਹਿਲਾ ਪੈਗ ਭਰਕੇ ਲਾਇਆ ਹੋਊ।” ਤੇ “ਤੂੰ ਕੂਲੀ ਜਿਵੇਂ ਨਾਗ ਦਾ ਬੱਚਾ। ਤੇਰੇ ਲੱਕ ਨੂੰ ਲਿਪਟਦਾ ਜਾਵਾਂ।” ਗੀਤ ਵਿਚ ਇਕ ਵੇਸਵਾ ਅਤੇ ਗਾਹਕ ਦਾ ਵਾਰਤਲਾਪ ਪੇਸ਼ ਕੀਤਾ ਗਿਆ ਹੈ।ਇਹ ਗੀਤ ਦੀਦਾਰ ਨੇ ਐਨਾ ਬੋਚ ਕੇ ਲਿਖਿਆ ਹੈ ਕਿ ਗੀਤ ਉੱਤੇ ਅਸ਼ਲੀਲ ਵਿਸ਼ਾ ਹੋਣ ਕਰਕੇ ਵੀ ਅਸ਼ਲੀਲਤਾ ਦਾ ਦੋਸ਼ ਨਹੀਂ ਲੱਗਦਾ।ਪੰਜਾਬੀ ਗੀਤਕਾਰੀ ਵਿਚ ਉਹਦੀ ਧਾਕ ਸੀ।ਉਹਦੀ ਤੇ ਅਮਰ ਨੂਰੀ ਦੀ ਜੋੜੀ ਨੇ ਆਪਣੇ ਜ਼ਮਾਨੇ ਵਿਚ ਕਹਿਰ ਕੀਤਾ ਹੈ।
-----
ਔਰਤ ਦੀ ਸੰਵੇਦਨਾ ਨੂੰ ਸਰਲ ਸ਼ਬਦਾਂ ਵਿਚ ਚਿਤਰਨ ਦੀ ਉਸ ਕੋਲ਼ ਵਿਸ਼ੇਸ਼ ਕਲਾ ਸੀ। ਉਸਦੇ ਇਕ ਗੀਤ ਦੀ ਵੰਨਗੀ ਦੇਖੋ, “ਰਾਤ ਪਈ, ਅੱਧੀ ਗਈ ਤੇ ਅਖੀਰ ਮੁੱਕ ਗਈ। ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ।” ਜਾਂ “ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ, ਆਵੇ ਭਲਾਂ ਜੇ ਸਾਹ ਸੁੱਖ ਦਾ ਵੇ, ਮੇਰਾ ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ।” ‘ਮਾਹੀ’ ਦੀਦਾਰ ਦਾ ਪੈੱਟ ਵਰਡ ( ਤਕੀਆ ਕਲਾਮ) ਸੀ। ਇਸੇ ਵਰਗਾ ਹੀ ਦੀਦਾਰ ਦਾ ਇਕ ਹੋਰ ਗੀਤ ਬਹੁਤ ਮਕਬੂਲ ਹੋਇਆ ਸੀ। “ਉੱਠਦੀ ਬਹਿੰਦੀ, ਜੀ ਜੀ ਕਹਿੰਦੀ। ਤੈਨੂੰ ਤੇਰੀ ਹੂਰ, ਵੇ ਨਾ ਮਾਰ ਜ਼ਾਲਿਮਾ ਵੇ ਪੇਕੇ ਤੱਤੜੀ ਦੇ ਦੂਰ।” ਇਹ ਗੀਤ ਐਨਾ ਖ਼ੂਬਸੂਰਤ ਸੀ ਕਿ ਮੇਰੇ ਤੋਂ ਵੀ ਉਸਦੀ ਕਾਪੀ ਮਾਰੇ ਬਿਨਾ ਰਹਿ ਨਾ ਹੋਇਆ ਤੇ ਉਸਨੂੰ ਨਕਲ ਮਾਰ ਕੇ ਮੈਂ ਇਹੋ ਜਿਹਾ ਗੀਤ ਲਿਖਿਆ ਸੀ ਜੋ ਮੇਰਾ ਸਭ ਤੋਂ ਪਹਿਲਾਂ ਰਿਕਾਰਡ ਹੋਣ ਗੀਤ ਵਾਲਾ ‘ਕੁੱਟਿਆ ਨਾ ਕਰ ਮੈਨੂੰ ਪਾਪੀਆ ਸੁੱਖ ਤੇਰੀ ਹਰ ਵੇਲੇ ਲੋੜਦੀ’ 1997 ਵਿਚ ਹਰਦੇਵ ਮਾਹੀਨੰਗਲ ਦੀ ਅਵਾਜ਼ ਵਿਚ ‘ਦਿਲ ਦੀ ਗੱਲ’ ਕੈਸਟ ਵਿਚ ਆਇਆ। ਉਦੋਂ ਐਨੀ ਸੋਝੀ ਤਾਂ ਨਹੀਂ ਸੀ ਪਰ ਕੁਦਰਤੀ ਨਕਲ ਅਕਲ ਨਾਲ ਵੱਜ ਗਈ। ਬਹੁਤਾ ਕਿਸੇ ਨੂੰ ਪਤਾ ਨਹੀਂ ਲੱਗਿਆ। ਮੈਂ ਤਾਂ ਆਪਣੇ ਵੱਲੋਂ ਹਨੇਰੇ ਵਿਚ ਹੀ ਤੀਰ ਛੱਡਿਆ ਸੀ, ਪਰ ਟਿਕਾਣੇ ’ਤੇ ਲੱਗ ਗਿਆ। ਇਸ ਗੱਲ ਦਾ ਇਲਮ ਮੈਨੂੰ ਬਹੁਤ ਬਾਅਦ ਵਿਚ ਹੋਇਆ ਕਿ ਪੰਜਾਬੀ ਲੇਖਕ ਤਾਂ ਤੀਰ ਛੱਡਦੇ ਹੀ ਹਨੇਰੇ ਵਿਚ ਹਨ।
-----
ਦੀਦਾਰ ਦੇ ਘਰ ਮੂਹਰਦੀ ਲੰਘੇ ਤਾਂ ਦਰਵਾਜ਼ਾ ਬੰਦ ਸੀ। ਮੈਨੂੰ ਝੱਟ ਦੀਦਾਰ ਦਾ ਗੀਤ ਚੇਤੇ ਆ ਗਿਆ, ‘ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ ਦਾ’। ਅੱਗੇ ਜਾ ਕੇ ਮੋੜ ਮੁੜੇ ਤਾਂ, ‘ਸੂਰਮਾ ਪੰਜ ਰੱਤੀਆਂ ਪਾ ਕੇ ਮੋੜ ’ਤੇ ਖੜ੍ਹਗੀ’ ਚੇਤੇ ਆ ਗਿਆ।ਥੋੜ੍ਹੀ ਦੇਰ ਬਾਅਦ ਅਸੀਂ ਉਸਦੇ ਗੀਤਾਂ ਵਿਚ ‘ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਚੜ੍ਹਦੇ ਤੱਕ ਨਾ ਘਰ ਜਾਵਾਂ’ ਵਾਲੇ ਸਥਾਨ ’ਤੇ ਸੀ। ਉਹਦੇ ਗੀਤਾਂ ਵਿਚ ਵਰਣਨ ਕੀਤੇ ਟਿੱਬੇ ਹੁਣ ਗ਼ਾਇਬ ਹੋ ਚੁੱਕੇ ਹਨ।5911 ਅਤੇ ਫੋਰਡ ਟਰੈਕਟਰਾਂ ਨੇ ਗਾਹ ਮਾਰੇ ਹਨ, ਪਰ ਉਹਦੇ ਗੀਤਾਂ ਵਿਚ ਮਾਲਵੇ ਦੇ ਟਿੱਬਿਆਂ ਦੀ ਕੱਕੀ ਰੇਤ ਅਮਰ ਰਹੂਗੀ।
-----
ਜਿਵੇਂ ਮੰਟੋ ਨੂੰ ਜੁੱਤੀਆਂ ਨਾਲ ਇਸ਼ਕ਼ ਸੀ ਤੇ ਉਹ ਹਰ ਆਪਣੀ ਰਚਨਾਵਾਂ ਵਿਚ ਇਸਦਾ ਜ਼ਿਕਰ ਕਰਦਾ ਸੀ। ਜਸਵੰਤ ਸਿੰਘ ਕੰਵਲ ਪਾਤਰਾਂ ਨੂੰ ਚਾਹ ਪਿਆ ਪਿਆ ਮਾਰ ਦਿੰਦਾ ਹੈ।ਗਾਰਗੀ ਤੋਂ ਆਪਣਾ ‘ਸ਼ੂਕਦਾ ਵੇਗ’ ਨਹੀਂ ਸਾਂਭਿਆ ਜਾਂਦਾ ਸੀ ਤੇ ਸੁਰਜੀਤ ਪਾਤਰ ਦਾ ਖਹਿੜਾ ‘ਰੁੱਖ’ ਨਹੀਂ ਛਡਦੇ। ਉਵੇਂ ਦੀਦਾਰ ਨੂੰ ਆਪਣੇ ਭਰਾ ਨਾਲ ਲਗਾਅ ਸੀ। ਉਹਦੇ ਗੀਤਾਂ ਵਿਚ ਉਸਦਾ ਵਾਰ ਵਾਰ ਵਰਣਨ ਆਉਂਦਾ ਹੈ।‘ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ।’, ‘ਕੁੰਦਨ ਕਪੂਰੇ ਦਾ ਕੰਧ ਤੋਂ ਦੀ ਮਾਰੇ ਝਾਤੀਆਂ’ ਅਤੇ ‘ਕੁੰਦਨ ਵਰਗੇ ਆਖਣਗੇ, ਦੇਖੋ ਇਹ ਸੰਧੂ ਕੀ ਕਰਦੈ’ ਆਦਿ।ਜੇਠ ਉਸਦੇ ਗੀਤਾਂ ਵਿਚ ਧੱਕੇ ਨਾਲ ਹੀ ਆ ਵੜਦਾ ਸੀ ਤੇ ਇਸ ਕਮਜ਼ੋਰੀ ਨੇ ਉਸ ਤੋਂ ਇਕ ਗੀਤ ਵਿਚ ਬਜ਼ਰ ਗ਼ਲਤੀ ਵੀ ਕਰਵਾਈ, ਜੋ ਕਿਸੇ ਨਾ ਫੜੀ।ਉਸ ਦੇ ਗੀਤ ਵਿਚ ਅੰਤਰਾ ਆਉਂਦਾ ਹੈ, “ਨੀ ਮੈਂ ਪੁੱਤ ਬੁੜ੍ਹੀ ਦਾ ‘ਕੱਲਾ, ਵਹੁਟੀ ਜਿਉਂ ਚਾਂਦੀ ਦਾ ਛੱਲਾ, ਤੂੰ ਨਾ ਸਰਕਾਵੀਂ ਪੱਲਾ, ਨੀ ਕੋਈ ਹਾਉਕਾ ਭਰਜੂਗਾ, ਦਰਸ਼ਨ ਕਰਕੇ ਤੇਰੇ ਨੀ ਸਿਰ ਚੜ੍ਹ ਕੇ ਮਰ ’ਜੂਗਾ ” ਅੱਗੇ ਜਾ ਕੇ ਦੀਦਾਰ ਅਗਲੇ ਅੰਤਰੇ ਵਿਚ ਲਿਖਦਾ ਹੈ, “ਛਿਪ ਗਿਆ ਚੰਦ ਟਹਿਕਦੇ ਤਾਰੇ, ਘਰ ਵਿਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਖੰਘੂਰੇ ਮਾਰੇ, ਉਹਦਾ ਵੀ ਸਿਰ ਸੜ ਜੂਗਾ।’ ਹੁਣ ਜੇ ਬੁੜ੍ਹੀ ਦਾ ਪੁੱਤ ਇਕੱਲਾ ਹੈ ਤਾਂ ਅਗਲੇ ਅੰਤਰੇ ਵਿਚ ਜੇਠ ਕਿਥੋਂ ਪੈਦਾ ਹੋ ਗਿਆ?
1 comment:
Haan G Sir tusin Bahut Khoob Likheya, Legendry Didar Sandhu Baare, Last vich ikk galtee baare vi likheya hai, par Jeth kunbe vicho v ho sakda hai..
Post a Comment